Headlines

ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਹਿ ਮਾਰਚ

ਸ਼ਹੀਦੀ ਫਤਿਹ ਮਾਰਚ ’ਚ ਸ਼ਾਮਲ ਹਾਥੀ, ਘੋੜੇ, ਊਠ ਅਤੇ ਗੱਤਕਾ ਪਾਰਟੀਆਂ ਸੰਗਤਾਂ ’ਚ ਰਹੀਆਂ ਖਿੱਚ ਦਾ ਕੇਂਦਰ

ਲੁਧਿਆਣਾ 14 ਫਰਵਰੀ – ਗੁ: ਆਲਮਗੀਰ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਸਜਾਇਆ ਗਿਆ। ਫਤਿਹ ਮਾਰਚ ਦੀ ਆਰੰਭਤਾ ਹੈਡ ਗ੍ਰੰਥੀ ਬਾਬਾ ਸ਼ੇਰ ਸਿੰਘ ਅੰਬਾਲੇ ਵਾਲਿਆਂ ਵੱਲੋਂ ਕੀਤੀ ਅਰਦਾਸ ਨਾਲ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ, ਨਿਸ਼ਾਨਚੀ ਸਿੰਘਾਂ ਦੀ ਅਗਵਾਈ ’ਚ ਸ਼ਹੀਦੀ ਫਤਿਹ ਮਾਰਚ ਨੂੰ ਅਗਲੇ ਪੜ੍ਹਾਅ ਵੱਲ ਰਵਾਨਾ ਕਰਨ ਮੌਕੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਅਕਾਲੀ ਬਾਬਾ ਬਲਬੀਰ ਸਿੰਘ 96 ਕਰੋੜੀ ਸਮੇਤ ਸ਼ੋ੍ਰਮਣੀ ਕਮੇਟੀ ਮੈਂਬਰਾਨ, ਸੰਤ ਮਹਾਂਪੁਰਸ਼ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ.ਅਮਰਜੀਤ ਸਿੰਘ ਚਾਵਲਾ, ਸ. ਰਘੁਬੀਰ ਸਿੰਘ ਸਹਾਰਨ ਮਾਜਰਾ, ਕਾਰਸੇਵਾ ਵਾਲੇ ਬਾਬਾ ਭੁਪਿੰਦਰ ਸਿੰਘ ਭਿੰਦਾ ਆਦਿ ਸ਼ਾਮਲ ਸਨ।

ਸ਼ਹੀਦੀ ਫਤਿਹ ਮਾਰਚ ਦੌਰਾਨ ਫੁੱਲਾਂ ’ਚ ਸਜੀ ਬਹੁਤ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਅਦਬ ਅਤੇ ਸਤਿਕਾਰ ਸਹਿਤ ਬਾਬਾ ਜਸਵਿੰਦਰ ਸਿੰਘ ਜੱਸੀ ਨਿਹੰਗ ਸਿੰਘ ਅਮਰੀਕਾ ਵੱਲੋਂ ਸੁਸ਼ੋਭਿਤ ਕੀਤੇ ਗਏ। ਇਸ ਮੌਕੇ ਹਾਥੀ, ਘੋੜੇ, ਊਠ ਅਤੇ ਗੱਤਕਾ ਪਾਰਟੀਆਂ ਸੰਗਤਾਂ ’ਚ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਅਤੇ ਬੈਂਡ ਪਾਰਟੀਆਂ ਨੇ ਸ਼ਬਦੀ ਧੁੰਨਾਂ ਨਾਲ ਸ਼ਹੀਦੀ ਫਤਿਹ ਮਾਰਚ ਦੌਰਾਨ ਸਾਰਿਆਂ ਦਾ ਧਿਆਨ ਖਿੱਚਿਆ। ਗੁਰੂ ਸਾਹਿਬ ਦੀ ਪਾਲਕੀ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸਨ। ਸ਼ਬਦੀ ਜਥਿਆਂ ਨੇ ਸੰਗਤਾਂ ਨੂੰ ਵਾਹਿਗੁਰੂ ਦੇ ਜਾਪ ਨਾਲ ਜੋੜਿਆ ਇਸ ਤੋਂ ਇਲਾਵਾ ਖਾਲਸਾਈ ਨੀਲੇ ਬਾਣਿਆਂ ’ਚ ਸਜੇ ਨਿਹੰਗ ਸਿੰਘ ਹਾਥੀਆਂ, ਊਠਾਂ, ਘੋੜਿਆਂ ’ਤੇ ਸਵਾਰ ਹੋ ਕੇ ਰਵਾਇਤੀ ਖਾਲਸਾਈ ਪ੍ਰੰਪਰਾਵਾਂ ਨਾਲ ਜੋੜ ਰਹੇ ਸਨ। ਇਸ ਮੌਕੇ ਗੱਲਬਾਤ ਕਰਦਿਆਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਪਰਦਾਵਾਂ, ਸੰਤ ਮਹਾਂਪੁਰਸ਼ਾਂ ਦੇ ਵੱਡਮੁੱਲੇ ਸਹਿਯੋਗ ਸਦਕਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਸਜਾਇਆ ਗਿਆ ਹੈ, ਜੋ ਸੰਗਤਾਂ ਨੂੰ ਸਿੱਖ ਕੌਮ ਦੀਆਂ ਵੱਡਮੁੱਲੀਆਂ ਪੰਥਕ ਰਵਾਇਤਾਂ ਅਤੇ ਪਰੰਪਰਾਵਾਂ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਦਾ ਸੰਗਤੀ ਰੂਪ ਵਿਚ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਦੇ ਫਲਸਫੇ ਨਾਲ ਜੁੜਕੇ ਬੁੱਢਾ ਦਲ ਨੇ ਪੰਥਕ ਸਿਧਾਂਤਾਂ ਅਤੇ ਆਪਣੇ ਫਰਜ਼ਾਂ ਦੀ ਪਹਿਰੇਦਾਰੀ ਕੀਤੀ ਹੈ। ਅਜਿਹੀਆਂ ਸ਼ਤਾਬਦੀਆਂ ਨੂੰ ਭਵਿੱਖ ’ਚ ਮਨਾਉਣ ਲਈ ਸਮੁੱਚੀਆਂ ਸਿੱਖ ਸੰਸਥਾਵਾਂ, ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਬੁੱਢਾ ਦਲ ਮਹਾਨ ਕਾਰਜ ਕਰਦਾ ਰਹੇਗਾ। ਜਥੇਦਾਰ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਜਨਮ ਅਸਥਾਨ ਦੇਹਲਾ ਸੀਹਾਂ ਤੋਂ ਅਰੰਭ ਹੋਇਆ ਇਹ ਸ਼ਹੀਦੀ ਫਤਿਹ ਮਾਰਚ ਦਾ ਸੰਗਤਾਂ ਥਾਂ ਪਰ ਥਾਂ ਭਰਵਾਂ ਸੁਆਗਤ ਕੀਤਾ ਅਤੇ ਵੱਡੀ ਪੱਧਰ ਤੇ ਸਮੂਲੀਅਤ ਕੀਤੀ ਹੈ। ਅੱਜ ਇਸ ਪਾਵਨ ਅਸਥਾਨ ਗੁਰਦੁਆਰਾ ਆਲਮਗੀਰ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਆਰੰਭ ਹੋਇਆ ਸ਼ਹੀਦੀ ਫਤਿਹ ਮਾਰਚ ਪਿੰਡ ਗਿੱਲ, ਗਿੱਲ ਚੌਂਕ, ਫੁਟਬਾਲ ਚੌਂਕ, ਰੇਲਵੇ ਸਟੇਸ਼ਨ ਫਲਾਈ ਔਵਰ, ਜਲੰਧਰ ਬਾਈਪਾਸ, ਫਿਲੋਰ, ਗੁਰਾਇਆ, ਫਗਵਾੜਾ, ਰਾਮਾਮੰਡੀ ਚੌਂਕ ਜਲੰਧਰ, ਪੀ.ਏ.ਪੀ ਚੌਂਕ ਤੋਂ ਸ਼ਹਿਰ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਚੌਂਕ, ਵਰਕਸ਼ਾਪ ਚੌਂਕ, ਮਕਸੂਦਾ, ਬਿਸ਼ੀਪੁਰ ਚੌਂਕ ਰਾਹੀਂ ਕਰਤਾਰਪੁਰ, ਸੁਭਾਨਪੁਰ, ਬਿਆਸ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।

ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਆਲਮਗੀਰ ਦੇ ਮੈਨੇਜਰ ਸ. ਮਹਿੰਦਰ ਸਿੰਘ ਚੌਹਨਾਕੇ, ਬਾਬਾ ਜੱਸਾ ਸਿੰਘ, ਸ. ਜਸਪਾਲ ਸਿੰਘ ਦੇਹਲਾਂ ਸੀਹਾਂ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾਦਲ, ਬਾਬਾ ਜਸਵਿੰਦਰ ਸਿੰਘ, ਜੱਸੀ, ਬਾਬਾ ਸੁਖਦੇਵ ਸਿੰਘ ਸੁਖਾ, ਗਿਆਨੀ ਸ਼ੇਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਗੁਰਮੁਖ ਸਿੰਘ, ਬਾਬਾ ਮਲੂਕ ਸਿੰਘ ਲਾਡੀ, ਬਾਬਾ ਰਣਜੋਧ ਸਿੰਘ, ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਖੜਕ ਸਿੰਘ, ਬਾਬਾ ਦਲੇਰ, ਬਾਬਾ ਕਰਮ ਸਿੰਘ, ਬਾਬਾ ਮਾਨ ਸਿੰਘ, ਬਾਬਾ ਜਰਨੈਲ ਸਿੰਘ ਬਰੇਟਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਲੱਖਾ ਸਿੰਘ, ਸ. ਇੰਦਰਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ।