Headlines

ਖਾਲਸਾ ਦੀਵਾਨ ਸੁਸਾਇਟੀ ਦੇ ਬੁਨਿਆਦੀ ਸੰਵਿਧਾਨ ਨੂੰ ਬਚਾਉਣ ਲਈ ਵੋਟਾਂ ਦੀ ਅਪੀਲ

ਰਜਿੰਦਰ ਸਿੰਘ ਗਰੇਵਾਲ ਵਲੋ ਵਿਰੋਧੀ ਧਿਰ ਉਪਰ ਗੁਰਦੁਆਰਾ ਪ੍ਰਬੰਧ ਉਪਰ ਜਬਰੀ ਕਬਜ਼ੇ ਦੇ ਦੋਸ਼ –

ਐਬਟਸਫੋਰਡ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਚੋਣ 5 ਮਾਰਚ ਨੂੰ ਹੋਣ ਜਾ ਰਹੀ ਹੈ। ਨਾਮਜ਼ਦਗੀ ਪੱਤਰ ਭਰਨ ਉਪਰੰਤ ਛਾਣਬੀਣ ਦੀ ਆਖਰੀ ਤਾਰੀਕ 12 ਫਰਵਰੀ ਉਪਰੰਤ ਦੋ ਸਲੇਟਾਂ ਚੋਣ ਮੈਦਾਨ ਵਿਚ ਹਨ। ਮੌਜੂਦਾ ਪ੍ਰਧਾਨ ਜਤਿੰਦਰ ਸਿੰਘ ਹੈਪੀ ਗਿੱਲ  ਦੀ ਅਗਵਾਈ ਵਾਲੀ ਸਲੇਟ ਦੇ ਮੁਕਾਬਲੇ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸਰਬ ਸਾਂਝੀ ਸਲੇਟ ਮੈਦਾਨ ਵਿਚ ਹੈ। ਦੋੇਵਾਂ ਸਲੇਟਾਂ ਵਲੋ ਆਪਣਾ -ਆਪਣਾ ਚੋਣ ਪ੍ਰਚਾਰ ਆਰੰਭ ਦਿੱਤਾ ਗਿਆ ਹੈ ।

ਇਸੇ ਦੌਰਾਨ ਸਰਬ ਸਾਂਝੀ ਸਲੇਟ ਵਲੋ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਰਾਜਿੰਦਰ ਸਿੰਘ ਗਰੇਵਾਲ ਵਲੋੋਂ ਦੇਸ ਪ੍ਰਦੇਸ ਨੂੰ ਭੇਜੇ ਗਏ ਇਕ ਬਿਆਨ ਵਿਚ ਸੁਸਾਇਟੀ ਦੇ ਸੰਵਿਧਾਨ ਦੀ ਰਾਖੀ ਅਤੇ ਸਾਫ ਸੁਥਰਾ ਪ੍ਰਬੰਧ ਲਿਆਉਣ ਲਈ ਮਨਿੰਦਰ ਸਿੰਘ ਗਿੱਲ ਦੀ ਸਲੇਟ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ। ਉਹਨਾਂ ਆਪਣੇ ਬਿਆਨ ਵਿਚ ਕਿਹਾ ਹੈ ਕਿ ਮੌਜੂਦਾ ਕਮੇਟੀ ਨੇ ਸੰਵਿਧਾਨ ਦੀ ਉਲੰਘਣਾ ਕਰਦਿਆਂ ਪਿਛਲ਼ੇ ਸਮੇਂ ਗੁਰਦੁਆਰਾ ਪ੍ਰਬੰਧ ਉਪਰ ਜ਼ਬਰੀ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਆਪਣੇ ਪ੍ਰੈਸ ਨੋਟ ਵਿਚ ਕਿਹਾ ਹੈ ਕਿ ਸਾਲ 2018 ਦੇ ਅਪ੍ਰੈਲ ਮਹੀਨੇ ਵਿਚ ਦੋ ਸਾਲ ਵਾਸਤੇ ਨਵੀਂ ਕਮੇਟੀ ਦੀ ਚੋਣ ਹੋਣੀ ਸੀ ਪਰ ਮੌਜੂਦਾ ਕਮੇਟੀ ਨੇ ਸੰਵਿਧਾਨ ਵਿਚ ਆਪਣੀ ਮਰਜ਼ੀ ਨਾਲ ਤਬਦੀਲੀ ਕਰਕੇ ਆਪ ਹੀ ਨਵੀ ਕਮੇਟੀ ਚੁਣ ਲਈ ਤੇ ਉਸਦੀ ਮਿਆਦ ਤਿੰਨ ਸਾਲ ਕਰ ਲਈ। ਸੰਵਿਧਾਨ ਵਿਚ ਤਬਦੀਲੀ ਦੇ ਸਾਰੇ ਹੱਕ ਸੰਗਤ ਕੋਲ ਹਨ ਤੇ ਸੰਵਿਧਾਨ ਮੁਤਾਬਿਕ ਹਰ ਸਾਲ ਅਪ੍ਰੈਲ ਮਹੀਨੇ ਦੇ ਤੀਜੇ ਐਤਵਾਰ ਸਾਲਾਨਾ ਜਨਰਲ ਇਜਸਾਲ ਵਿਚ ਸੰਗਤ ਨੂੰ ਸੁਆਲ ਜੁਆਬ ਕਰਨ ਦਾ ਪੂਰਾ ਹੱਕ ਹੈ। ਸੰਵਿਧਾਨ ਮੁਤਾਬਿਕ ਹਰ ਦੋ ਸਾਲ ਬਾਦ ਚੋਣ ਕਰਵਾਉਣੀ ਲਾਜ਼ਮੀ ਹੈ। ਉਹਨਾਂ ਦਾ ਦੋਸ਼ ਹੈ ਕਿ ਕਮੇਟੀ ਦੀ ਮਿਆਦ ਵਧਾਉਣ , ਘਟਾਉਣ ਜਾਂ ਖਰਚਿਆਂ ਦੀ ਮਨਜੂਰੀ ਵਾਸਤੇ ਪਿਛਲੇ ਪੰਜ ਸਾਲ ਦੌਰਾਨ ਸੰਗਤ ਦੀ ਕੋਈ ਰਾਇ ਨਹੀ ਲਈ ਗਈ। ਇਸ ਗੈਰ ਸੰਵਿਧਾਨ ਪ੍ਰਬੰਧ ਨੂੰ ਚੁਣੌਤੀ ਦਿੰਦਿਆਂ ਉਹਨਾਂ ਵਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ। ਅਦਾਲਤ ਨੇ ਉਹਨਾਂ ਦੇ ਵਕੀਲ ਦੀਆਂ ਦਲੀਲਾਂ ਨੂੰ ਸੁਣਨ ਉਪਰੰਤ ਨਵੀ ਕਮੇਟੀ ਦੀ ਚੇੋਣ 120 ਦਿਨਾਂ ਦੇ ਅੰਦਰ-ਅੰਦਰ ਕਰਵਾਉਣ ਦਾ ਫੈਸਲਾ ਸੁਣਾਇਆ ਹੈ। ਉਹਨਾਂ ਕਿਹਾ ਕਿ ਹੁਣ ਇਹ ਚੋਣ ਅਦਾਲਤ ਦੀ ਨਿਗਰਾਨੀ ਹੇਠ 5 ਮਾਰਚ ਨੂੰ ਹੋਣ ਜਾ ਰਹੀ ਹੈ। ਉਹਨਾਂ ਵੋਟਰਾਂ ਨੂੰ ਸੰਵਿਧਾਨ ਦੇ ਬੁਨਿਆਦੀ ਢਾਂਚੇ ਦੀ ਰੱਖਿਆ ਅਤੇ ਚੰਗੇ ਪ੍ਰਬੰਧ ਲਈ ਮਨਿੰਦਰ ਸਿੰਘ ਗਿੱਲ ਦੀ ਸਮੁੱਚੀ ਸਲੇਟ ਨੂੰ ਵੋਟਾਂ ਪਾਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਹੈ।