Headlines

ਅਲਬਰਟਾ ਕੈਬਨਿਟ ਮੰਤਰੀ ਰਾਜਨ ਸਾਹਨੀ ਵਲੋਂ ਆਗਾਮੀ ਚੋਣਾਂ ਨਾ ਲੜਨ ਦਾ ਐਲਾਨ

ਐਡਮਿੰਟਨ ( ਦਵਿੰਦਰ ਦੀਪਤੀ)-ਅਲਬਰਟਾ ਦੀ  ਕੈਬਨਿਟ ਮੰਤਰੀ ਤੇ ਪੰਜਾਬੀ ਭਾਈਚਾਰੇ ਦੀ ਉਘੀ ਮਹਿਲਾ ਸ਼ਖਸੀਅਤ ਰਾਜਨ ਸਾਹਨੀ ਨੇ  ਆਗਾਮੀ ਸੂਬਾਈ ਚੋਣਾਂ ਵਿੱਚ ਦੁਬਾਰਾ ਚੋਣ ਨਾਲ ਲੜਨ ਦਾ ਐਲਾਨ ਕੀਤਾ ਹੈ।
ਵਪਾਰ, ਇਮੀਗ੍ਰੇਸ਼ਨ ਅਤੇ ਬਹੁ-ਸੱਭਿਆਚਾਰ ਮੰਤਰੀ ਰਾਜਨ ਸਾਹਨੀ ਨੇ ਇਹ ਜਾਣਕਾਰੀ ਬੀਤੇ ਦਿਨ ਆਪਣ ਟਵਿੱਟਰ ਹੈਂਡਲ ਉਪਰ ਸਾਂਝੀ ਕੀਤੀ।
ਰਾਜਨ ਸਾਹਨੀ ਪਹਿਲੀ ਵਾਰ 2019 ਵਿੱਚ ਕੈਲਗਰੀ-ਨਾਰਥ ਈਸਟ ਤੋ ਐਮ ਐਲ ਏ  ਚੁਣੀ ਗਈ ਸੀ। ਉਸਦਾ ਕਹਿਣਾ ਹੈ ਕਿ  ਉਹ ਸਰਕਾਰ ਦੀ ਮਿਆਦ ਦੇ ਅੰਤ ਤੱਕ ਸੇਵਾ ਜਾਰੀ ਰੱਖੇਗੀ।
ਉਸ ਦਾ ਕਹਿਣਾ ਹੈ ਕਿ ਉਹ ਪ੍ਰੀਮੀਅਰ ਡੈਨੀਅਲ ਸਮਿਥ ਦੀ ਮਜ਼ਬੂਤ ਸਮਰਥਕ ਹੈ ਅਤੇ ਮਈ ਤੋਂ ਬਾਅਦ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਦੀ ਉਮੀਦ ਕਰਦੀ ਹੈ।
ਪਿਛਲੇ ਸਮੇਂ ਦੌਰਾਨ  ਸਾਹਨੀ, ਜਿਸ ਨੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਦੀ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਅਤੇ ਕਮਿਊਨਿਟੀ ਅਤੇ ਸਮਾਜਿਕ ਸੇਵਾਵਾਂ ਮੰਤਰੀ ਵਜੋਂ ਸੇਵਾ ਨਿਭਾਈ ਸੀ, ਨੇ ਯੂ ਸੀ ਪੀ ਆਗੂ ਦੀ ਚੋਣ ਵਿਚ ਵੀ ਹਿੱਸਾ ਲਿਆ ਸੀ।
51 ਸਾਲਾ ਸਾਵਨੀ ਨੇ ਆਪਣੇ ਚੋਣ ਨਾ ਲੜਨ ਦੇ ਐਲਾਨ ਦੇ ਨਾਲ ਇਹ ਨਹੀਂ ਦੱਸਿਆ ਕਿ ਉਹ ਸੂਬਾਈ ਰਾਜਨੀਤੀ ਛੱਡਣ ਤੋਂ ਬਾਅਦ ਕੀ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੈਲਗਰੀ ਨਾਰਥ ਈਸਟ ਦੀ ਜੰਮਪਲ , ਸਾਹਨੀ ਚਾਰ ਬੱਚਿਆਂ ਦੀ ਮਾਂ, ਇੱਕ ਸਮਾਜ ਸੇਵੀ ਤੇ  ਕਮਿਊਨਿਟੀ ਵਾਲੰਟੀਅਰ ਹੈ। ਰਾਜਨ ਨੇ ਕੈਲਗਰੀ ਯੂਨੀਵਰਸਿਟੀ ਤੋ ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ ਤੋ ਇਲਾਵਾ ਐਮ ਬੀ ਏ ਤੱਕ ਪੜਾਈ ਕੀਤੀ। ਉਸਨੇ  ਤੇਲ ਅਤੇ ਗੈਸ ਉਦਯੋਗ ਵਿੱਚ  ਕਈ ਮਹੱਤਵਪੂਰਣ ਭੂਮਿਕਾਵਾਂ ਵਿੱਚ ਵੀਹ ਸਾਲਾਂ ਤੋਂ ਵੱਧ ਸਮੇਂ ਤੱਕ ਕੰਮ ਕੀਤਾ। ਐਮ ਐਲ ਏ ਚੁਣੇ ਜਾਣ ਤੋਂ ਪਹਿਲਾਂ ਉਹ ਫ੍ਰੈਕਚਰ ਮਾਡਲਿੰਗ ਇੰਕ ਲਈ ਬਿਜ਼ਨਸ ਡਿਵੈਲਪਮੈਂਟ ਦੇ ਉਪ ਪ੍ਰਧਾਨ ਦੇ ਅਹੁਦੇ ਉਪਰ ਤਾਇਨਾਤ ਸੀ ।