Headlines

ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ (2023) ਪੱਤਰਕਾਰ ਚਰਨਜੀਤ ਭੁੱਲਰ ਨੂੰ

ਜਲੰਧਰ ( ਜਤਿੰਦਰ) 2019 ਤੋਂ ਹਰ ਸਾਲ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਯਾਦ ਵਿਚ ਪੱਤਰਕਾਰੀ ਵਿਚ ਸ਼ਲਾਘਾਯੋਗ ਹਿੱਸਾ ਪਾਉਣ ਵਾਲੇ ਪੱਤਰਕਾਰ ਨੂੰ  51,000  ਰੁਪਏ ਦਾ ਪੁਰਸਕਾਰ ਦਿੱਤਾ ਜਾਂਦਾ ਹੈ। ਹੁਣ ਤੱਕ ਇਸ ਲੜੀ ਤਹਿਤ ਸ਼ਿਵਿੰਦਰ ਸਿੰਘ ਨੂੰ (2019), ਪ੍ਰਭਜੀਤ ਸਿੰਘ ਨੂੰ (2020)  ਸਵਰਾਜਬੀਰ ਨੂੰ (2021) ਅਤੇ ਜਤਿੰਦਰ ਕੌਰ ਤੁੜ ਨੂੰ (2022) ਵਿਚ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸਨਮਾਨਿਆ ਜਾ ਚੁੱਕਾ ਹੈ। ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਸਾਡੀ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਪੱਤਰਕਾਰਾਂ ਨੂੰ ਸਨਮਾਨਿਆ ਜਾਵੇ ਜੋ ਕਾਲਮਨਵੀਸ ਜਾਂ ਸੰਪਾਦਕ ਨਹੀਂ, ਬਲਕਿ ਖਬਰਾਂ ਲੱਭਣ ਅਤੇ ਨਸ਼ਰ ਕਰਨ ਲਈ ਸਰਗਰਮ ਹੋ ਕੇ ਕਿਸੇ ਇਲਾਕੇ ਜਾਂ ਸੰਦਰਭ ਵਿਸ਼ੇਸ਼ ਤਹਿਤ ਕੰਮ ਕਰਦੇ ਹਨ । ਪੱਤਰਕਾਰੀ ਦੇ ਖੇਤਰ ਦੇ ਇਹ ਉਹ ਜਾਂਬਾਜ਼ ਸਿਪਾਹੀ ਹੀ ਹਨ ਜੋ ਆਪਣੀ ਮਿਹਨਤ ਅਤੇ ਤਿੱਖੀ ਨਜ਼ਰ ਤੇ ਪੜਚੋਲ ਰਾਹੀਂ ਸਾਡਾ ਧਿਆਨ ਉਨ੍ਹਾਂ ਗੱਲਾਂ ਵਲ ਦੁਆਂਉਂਦੇ ਹਨ ਜੋ ਜਾਂ ਤਾਂ ਅਣਗੌਲੀਆਂ ਹੀ ਰਹਿ ਜਾਂਦੀਆਂ ਹਨ, ਜਾਂ ਜਿਨ੍ਹਾਂ ਨੂੰ ਢੱਕਣ-ਦਫ਼ਨਾਉਣ ਦੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ।
ਸਾਨੂੰ ਇਹ ਦਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਪੱਤਰਕਾਰੀ ਵਿਚ ਸ਼ਲਾਘਾਯੋਗ ਦੇਣ ਲਈ ਇਸ ਸਾਲ ਦੇ ਜਗਜੀਤ ਸਿੰਘ ਆਨੰਦ ਸਿਮਰਤੀ ਪੁਰਸਕਾਰ ਨਾਲ ਸੀਨੀਅਰ ਪਤਰਕਾਰ ਅਤੇ ਇਸ ਸਮੇਂ ਪੰਜਾਬੀ ਟ੍ਰਿਬਿਊਨ ਨਾਲ ਜੁੜੇ ਚਰਨਜੀਤ ਭੁੱਲਰ  ਨੂੰ ਸਨਮਾਨਿਆ ਜਾ ਰਿਹਾ ਹੈ। ਲੋਕ ਪੱਖੀ ਪੱਤਰਕਾਰੀ ਕਰਦਿਆਂ ਸਮਾਜਿਕ ਅਤੇ ਆਰਥਿਕ ਮੁੱਦਿਆਂ ਤੋਂ ਇਲਾਵਾ ਖ਼ਾਸ ਤੌਰ ’ਤੇ ਕਿਸਾਨੀ ਮੁੱਦਿਆਂ ਨੂੰ ਚੁੱਕਣ ਦੇ ਖੇਤਰ ਵਿਚ ਉਨ੍ਹਾਂ ਦੀ ਵਿਸ਼ੇਸ਼ ਦੇਣ ਹੈ। ਇਹ ਪੁਰਸਕਾਰ ਗੁਰਬਖਸ਼ ਸਿੰਘ ਨਾਨਕ ਸਿੰਘ ਫਾਂਊਂਡੇਸ਼ਨ, ਪ੍ਰੀਤਨਗਰ (ਜ਼ਿਲਾ ਅਂਮ੍ਰਿਤਸਰ) ਦੇ ਵਿਹੜੇ ਵਿਚ ਐਤਵਾਰ 19 ਮਾਰਚ 2023 ਨੂੰ ਦਿਤਾ ਜਾਵੇਗਾ