Headlines

ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵਿਦੇਸ਼ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਨਾਲ ਯੂਰਪੀਅਨ ਦੌਰੇ ਤੇ ਗਏ

ਓਟਵਾ- ਬੀਤੇ ਦਿਨ ਵਿਦੇਸ਼ ਮਾਮਲਿਆਂ ਤੇ ਅੰਤਰਰਾਸ਼ਟਰੀ ਵਿਕਾਸ ਬਾਰੇ ਸਟੈਂਡਿੰਗ ਕਮੇਟੀ, ਕੈਨੇਡਾ ਦੇ ਭਾਈਵਾਲ ਮੁਲਕਾਂ ਸਵੀਡਨ, ਬੈਲਜ਼ੀਅਮ, ਪੋਲੈਂਡ ਅਤੇ ਫਿਨਲੈਂਡ ਦੇ 10 ਦਿਨਾਂ ਦੌਰੇ ਤੇ ਰਵਾਨਾ ਹੋਈ। ਇਸ ਸਟੈਂਡਿੰਗ ਕਮੇਟੀ ਵਿਚ ਸਰੀ-ਸੈਂਟਰ ਤੋ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਵੀ ਮੈਂਬਰ ਹਨ। ਉਹਨਾਂ ਕਮੇਟੀ ਦੇ ਯੂਰਪੀਅਨ ਦੌਰੇ ਬਾਰੇ ਸਟਾਕਹੋਮ ਤੋ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸਟੈਂਡਿੰਗ ਕਮੇਟੀ ਉਕਤ ਮੁਲਕਾਂ ਦਾ ਦੌਰਾ ਕਰਦਿਆਂ ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ, ਜੰਗ ਦੇ ਹਾਲਾਤ ਅਤੇ ਸੁਰੱਖਿਆ ਤੇ ਸ਼ਾਂਤੀ ਲਈ ਕੋਸ਼ਿਸ਼ਾਂ ਵਿਚਾਲੇ ਆ ਰਹੀਆਂ ਸਮੱਸਿਆਵਾਂ ਬਾਰੇ ਅਧਿਐਨ ਕਰੇਗੀ। ਕਮੇਟੀ ਵਲੋ ਕੈਨੇਡਾ ਦੇ ਭਾਈਵਾਲ ਮੁਲਕਾਂ ਵਿਚ ਨੇਤਾਵਾਂ ਤੇ ਲੋਕਾਂ ਦੀ ਰਾਇ ਨੂੰ ਜਾਣਿਆ ਜਾਵੇਗਾ ਤਾਂਕਿ ਇਕ ਖਿੱਤੇ ਵਿਚ ਸ਼ਾਂਤੀ ਤੇ ਸੁਰੱਖਿਆ ਲਈ ਕੋਈ ਉਪਾਅ ਲੱਭੇ ਜਾ ਸਕਣ।

ਉਹਨਾਂ ਸਟਾਕਹੋਮ ਵਿਖੇ ਆਪਣੇ ਠਹਿਰਾਅ ਦੌਰਾਨ ਸਵੀਡਨ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ ਦੇ ਮੈਂਬਰਾਨ ਸੈਸਿਲਾ ਕਰੂਨਾ, ਐਲਨ ਐਟਕਿਸਨ, ਐਨੀ ਜਹਾਲਟਰੋਮ, ਮਿਖਾਈਲ ਬੋਸਟਰੋਮ, ਮੇਗਨ ਲੂ ਤੇ ਅੰਬੈਸਡਰ ਜੇਸਨ ਲਾਟੋਰ ਨਾਲ ਮੁਲਾਕਾਤ ਕੀਤੀ ਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ।