Headlines

ਬਲੈਕ ਹਿਸਟਰੀ ਮੰਥ ਤਹਿਤ ਫਲੀਟਵੁੱਡ ਕਮਿਊਨਿਟੀ ਸੈਂਟਰ ਵਿਖੇ ਵਿਸ਼ੇਸ਼ ਸਮਾਗਮ

ਸਰੀ ( ਦੇ ਪ੍ਰ ਬਿ)-ਕੈਨੇਡਾ ਵਿਚ ਫਰਵਰੀ ਮਹੀਨਾ ਬਲੈਕ ਹਿਸਟਰੀ ਮੰਥ ( ਕਾਲੇ ਲੋਕਾਂ ਦੇ ਇਤਿਹਾਸ ਦਾ ਮਹੀਨਾ) ਵਜੋ ਹਰ ਸਾਲ ਮਨਾਇਆ ਜਾਂਦਾ ਹੈ। ਬਲੈਕ ਹਿਸਟਰੀ ਮੰਥ ਨੂੰ ਸਮਰਪਿਤ ਵੱਖ-ਵੱਖ ਪ੍ਰੋਗਰਾਮ ਮੈਟਰੋ ਵੈਨਕੂਵਰ ਤੇ ਵਿਸ਼ੇਸ਼ ਕਰਕੇ ਸਰੀ ਵਿਚ ਮਨਾਏ ਗਏ। ਇਸੇ ਦੌਰਾਨ ਇਕ ਵਿਸ਼ੇਸ਼ ਪ੍ਰੋਗਰਾਮ ਸਰੀ ਫਲੀਟਵੁੱਡ ਕਮਿਊਨਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿਚ ਲਿਬਰਲ ਐਮ ਪੀ ਕੈਨ ਹਾਰਡੀ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਪਰਮ ਬੈਂਸ ਤੇ ਫਲ਼ੀਟਵੁੱਡ ਲਿਬਰਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਖਸ਼ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਕੈਨੇਡਾ ਦੀ ਤਰੱਕੀ ਅਤੇ ਵਿਕਾਸ ਵਿਚ ਕਾਲੇ ਲੋਕਾਂ ਦੇ ਇਤਿਹਾਸਕ ਯੋਗਦਾਨ ਦੀ ਚਰਚਾ ਕਰਦਿਆਂ ਭਾਈਚਾਰੇ ਨੂੰ ਵਧਾਈਆਂ ਦਿਤੀਆਂ। ਇਸ ਦੌਰਾਨ ਨਸਲਵਾਦ ਦੀ ਸਮੱਸਿਆ ਅਤੇ ਨਸਲਵਾਦ ਵਿਰੁੱਧ ਲੋਕਾਂ ਨੂੰ ਜਾਗਰੁਕ ਕੀਤੇ ਜਾਣ ਬਾਰੇ ਵੀ ਵਿਚਾਰਾਂ ਹੋਈਆਂ। ਓਟਵਾ ਤੋ ਪ੍ਰਧਾਨ ਮੰਤਰੀ ਟਰੂਡੋ ਦੇ ਪਾਰਲੀਮਾਨੀ ਸੈਕਟਰੀ ਗਰੈਗ ਫਰਗਸ ਨੇ ਜ਼ੂਮ ਰਾਹੀਂ ਹਾਜ਼ਰੀ ਭਰੀ ਤੇ ਸਰਕਾਰ ਵਲੋ ਨਸਲਵਾਦ ਨਾਲ ਨਿਪਟਣ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ।

ਜਿ਼ਕਰਯੋਗ ਹੈ ਕਿ ਸਰੀ ਵਿਚ 1912 ਵਿਚ ਪਹਿਲਾ ਹੈਨਰੀ ਹਿਊਸਟਨ ਸਕੌਟ ਪਰਿਵਾਰ ਆਣਕੇ ਵੱਸਿਆ ਸੀ। ਪਿਛਲੇ ਸਮੇਂ ਦੌਰਾਨ ਸਰੀ ਸਿਟੀ ਕੌਂਸਲ ਵਲੋ ਉਸ ਕਾਲੇ ਪਰਿਵਾਰ ਦੇ ਸਥਾਨਕ ਭਾਈਚਾਰੇ ਵਿਚ ਯੋਗਦਾਨ ਲਈ ਕਲੋਵਰਡੇਲ ਵਿਚ 64 ਐਵਨਿਊ -181 ਸਟਰੀਟ ਉਪਰ ਇਕ ਪਾਰਕ ਦਾ ਨਾਮ ਹੈਨਰੀ ਹਿਊਸਟਨ ਸਕੌਟ ਪਾਰਕ ਰੱਖਿਆ ਗਿਆ ਸੀ।