Headlines

ਅਮਰਦੀਪ ਕਾਲਜ ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪ੍ਰਿੰਸੀਪਲ ਸਰਵਣ ਸਿੰਘ ਨੂੰ ‘ਖੇਡ ਰਤਨ’ ਅਵਾਰਡ ਦਾ ਐਲਾਨ

ਮੁਕੰਦਪੁਰ-ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਮਾਨਯੋਗ ਵਾਈਸ-ਚਾਂਸਲਰ  ਪ੍ਰੋ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਧੀਨ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਮਨਾਇਆ ਗਿਆ। ਪ੍ਰਸਿੱਧ ਪੰਜਾਬੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਨੇ ਇਸ ਸਮੇਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੀ ਮਾਤ-ਭਾਸ਼ਾ ਲਈ ਸੁਭਾਗ ਵਾਲੀ ਗੱਲ ਹੈ ਕਿ ਸਾਡੇ ਮਾਨਯੋਗ ਮੁੱਖ-ਮੰਤਰੀ ਸਾਹਿਬ ਮਾਤ ਭਾਸ਼ਾ ਨੂੰ ਲਾਗੂ ਕਰਨ ਲਈ ਵਿਸ਼ੇਸ਼ ਯਤਨ ਕਰ ਰਹੇ ਹਨ। ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ਭਾਸ਼ਣ ਵਿੱਚ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਇਹ ਪੰਜ ਦਰਿਆਵਾਂ ਦੀ ਨਹੀਂ ਬਲਕਿ ਸੱਤ ਸਮੁੰਦਰਾਂ ਦੀ ਬੋਲੀ ਬਣ ਗਈ ਹੈ। ਇਸ ਸਮਾਗਮ ਵਿੱਚ ਵਿਦਿਆਰਥੀ ਨਵਜੋਤ, ਪ੍ਰਭਨੂਰ, ਨਵਨੀਤ ਕੌਰ, ਗੁਰਪ੍ਰੀਤ ਕੌਰ, ਹਰਸ਼ਦੀਪ ਕੌਰ, ਨਵੀ, ਯੁਵਰਾਜ, ਹਰਪ੍ਰੀਤ ਕੌਰ, ਅਰਮਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਇਸ ਮੌਕੇ ਪੰਜਾਬੀ ਖੇਡ ਸਾਹਿਤ ਦੇ ‘ਬਾਬਾ ਬੋਹੜ’ ਮੰਨੇ ਜਾਂਦੇ ਪ੍ਰਸਿੱਧ ਖੇਡ ਲੇਖਕ ਸਰਵਣ ਸਿੰਘ ਨੂੰ ਉਨ੍ਹਾਂ ਦੀਆਂ ਉਮਰ ਭਰ ਦੀਆਂ ਖੇਡ ਸੇਵਾਵਾਂ ਲਈ ‘ਖੇਡ ਰਤਨ’ ਅਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਹਰਬੰਸ ਸਿੰਘ ਪੁਰੇਵਾਲ ਖੇਡ ਮੇਲੇ ਦੇ ਬਾਨੀ ਗੁਰਜੀਤ ਸਿੰਘ ਪੁਰੇਵਾਲ ਨੇ  ਇਹ ਐਲਾਨ ਕਰਦਿਆਂ ਦੱਸਿਆ ਕਿ ‘ਖੇਡ ਰਤਨ’ ਅਵਾਰਡ ਵਿਚ ਸਨਮਾਨ ਪੱਤਰ, ਗੋਲਡ ਮੈਡਲ, ਦਸਤਾਰ ਅਤੇ ਰਾਸ਼ੀ ਸ਼ਾਮਲ ਹੋਵੇਗੀ। ਸਨਮਾਨ ਦੇਣ ਦੀ ਰਸਮ 4-5 ਮਾਰਚ 2023 ਨੂੰ ਹੋ ਰਹੇ 26 ਵੇਂ ਪੁਰੇਵਾਲ ਖੇਡ ਮੇਲੇ ਵਿਚ ਦੇਸ਼-ਵਿਦੇਸ਼ ਦੇ ਖੇਡ ਪ੍ਰਮੋਟਰਾਂ ਵੱਲੋਂ ਨਿਭਾਈ ਜਾਵੇਗੀ। ਪ੍ਰਿੰ ਸਰਵਣ ਸਿੰਘ ਨੇ ਬਤੌਰ ਖਿਡਾਰੀ, ਪੰਜਾਬੀ ਦੇ ਪ੍ਰੋਫੈਸਰ, ਪ੍ਰਿੰਸੀਪਲ, ਖੇਡ ਪ੍ਰਬੰਧਕ, ਖੇਡ ਪ੍ਰਮੋਟਰ, ਖੇਡ ਪੱਤਰਕਾਰ, ਖੇਡ ਲੇਖਕ, ਕਬੱਡੀ ਦੇ ਕੁਮੈਂਟੇਟਰ ਤੇ ਸ਼ਰੋਮਣੀ ਪੰਜਾਬੀ ਲੇਖਕ ਵਜੋਂ ਆਪਣੀ ਉਮਰ ਦੇ ਸੱਤ ਦਹਾਕੇ ਲਾਏ ਹਨ ਅਤੇ 83ਵੇਂ ਸਾਲ ਦੀ ਉਮਰ ਵਿਚ ਵੀ ਪੂਰੇ ਸਰਗਰਮ ਹਨ। ਉਨ੍ਹਾਂ ਦੀਆਂ ਪੁਸਤਕਾਂ ਦੀ ਗਿਣਤੀ ਪੰਜਾਹਾਂ ਤੋਂ ਟੱਪ ਚੁੱਕੀ ਹੈ ਜਿਨ੍ਹਾਂ ਵਿਚ 25 ਪੁਸਤਕਾਂ ਖੇਡਾਂ ਤੇ ਖਿਡਾਰੀਆਂ ਬਾਰੇ ਹਨ। ਕੋਵਿਡ ਕਾਲ ਦੌਰਾਨ ਉਨ੍ਹਾਂ ਨੇ ਪੰਜਾਬੀ ਖੇਡ ਸਾਹਿਤ ਦਾ ਇਤਿਹਾਸ ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’ ਲਿਖ ਕੇ ਚਾਰ ਭਾਗਾਂ ਵਿਚ ਛਪਵਾਇਆ ਹੈ। ‘ਮੇਰੀ ਕਲਮ ਦੀ ਮੈਰਾਥਨ’ ਨਵੀਂ ਪੁਸਤਕ ਨਾਲ ਉਨ੍ਹਾਂ ਦੀ ਕਲਮ ਦੀ ਦੌੜ ਅਜੇ ਵੀ ਜਾਰੀ ਹੈ। ਇਸ ਮੌਕੇ

ਅਮਰਦੀਪ ਵਿਦਿਅਕ ਸੰਸਥਾਵਾਂ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ, ਪ੍ਰਿੰਸੀਪਲ ਗੁਰਜੰਟ ਸਿੰਘ, ਸ. ਸੁਰਿੰਦਰ ਢੀਂਡਸਾ, ਪ੍ਰੋ. ਸ਼ਮਸ਼ਾਦ ਅਲੀ, ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਜਗਵਿੰਦਰ ਸਿੰਘ, ਕਾਲਜ ਦੇ ਸਟਾਫ ਮੈਂਬਰ, ਪੰਜਾਬੀ ਲੇਖਕ, ਪਾਠਕ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।