Headlines

ਅਜਨਾਲੇ ਦੀ ਘਟਨਾ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦੀ ਹਰਕਤ ਪ੍ਰਤੀ ਜਥੇਦਾਰ ਗੰਭੀਰਤਾ ਦਿਖਾਵੇ-ਪ੍ਰੋ.ਸਰਚਾਂਦ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਅੰਮ੍ਰਿਤਸਰ 24 ਫਰਵਰੀ
ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ.ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਜਨਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲੀ ਮੰਦਭਾਗੀ ਘਟਨਾ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ।ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਪੰਥ ਨੇ ਸੈਂਕੜੇ ਹਜ਼ਾਰਾਂ ਮੋਰਚੇ ਲਗਾਏ ਅਤੇ ਮਾਰਚ ਕੱਢੇ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਨੇ ਆਪਣੀ ਨਿੱਜੀ ਤੇ ਸਵਾਰਥੀ ਲੜਾਈ ਵਿਚ ਪਾਲਕੀ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਮੇਤ ਥਾਣੇ ਮੂਹਰੇ ਲਗਾਏ ਗਏ ਧਰਨੇ ’ਚ ਲੈ ਜਾਣ ਦੀ ਗੁਸਤਾਖ਼ੀ ਕੀਤੀ ਹੈ।ਕੀ ਇਹ ਬੇਅਦਬੀ ਨਹੀਂ? ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਧਰਮ ਦੇ ਨਾਮ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਸਿੱਖ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਅਜਨਾਲੇ ’ਚ ਜੋ ਹੋਇਆ ਉਹ ਹੁੱਲੜਬਾਜ਼ਾਂ ਦਾ ਤਾਂ ਹੋ ਸਕਦਾ ਗੁਰਸਿੱਖਾਂ ਦਾ ਨਹੀਂ।ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਥਕ ਅਖਵਾਉਣ ਵਾਲਿਆਂ ਨੇ ਹੀ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੇ ਡਰੱਮ ਪਏ ਹੋਏ ਥਾਣੇ ਦੇ ਵਿਹੜੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾ ਕੇ ਘੋਰ ਨਿਰਾਦਰ ਕੀਤਾ।ਉਨ੍ਹਾਂ ਮੰਦਭਾਗੀ ਘਟਨਾ ਨੂੰ ਰੋਕਣ ’ਚ ਨਾਕਾਮੀ ’ਤੇ ਕਿਹਾ ਕਿ ਇਸ ਘਟਨਾ ਨਾਲ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ’ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ,ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅੱਜ ਪੰਜਾਬ ਕਾਇਰ  ਲੀਡਰਸ਼ਿਪ ਦੇ ਹੱਥਾਂ ਵਿਚ ਹੈ।ਜਿੱਥੇ ਕੋਈ ਵੀ ਕਾਨੂੰਨ ਨੂੰ ਆਪਣੇ ਹੱਥ ’ਚ ਲੈ ਸਕਦਾ ਹੈ।ਅਜਨਾਲੇ ਦੀ ਘਟਨਾ ਨਾਲ ਕਾਲੇ ਦਿਨਾਂ ਦੀ ਆਹਟ ਸੁਣਾਈ ਦਿੱਤੀ ਹੈ,ਲੋਕ ਡਰੇ ਹੋਏ ਹਨ। ਪੰਜਾਬ ਸਰਕਾਰ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕਿਸੇ ਵਿਅਕਤੀ ਵਿਸ਼ੇਸ਼ ਦੇ ਜਨਤਕ ਪ੍ਰਦਰਸ਼ਨ ਅੱਗੇ ਇੰਨਾ ਝੁਕ ਗਏ ਹਨ ਕਿ ਕੁਝ ਲੋਕ ਆਪਣੇ ਸਵਾਰਥ ਲਈ ਕਿਸੇ ਵੀ ਮਨੁੱਖ ਦੀ ਮਾਰਕੁਟਾਈ ਵੀ ਕਰ ਸਕਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਤੇ ਪਾਲਕੀ ਸਾਹਿਬ ਦੀ ਵੀ ਦੁਰਵਰਤੋਂ ਕਰ ਸਕਦੇ ਹਨ? ਜੇਕਰ ਅੱਜ ਇਸ ਬਾਰੇ ਗੰਭੀਰ ਨੋਟਿਸ ਨਾ ਲਿਆ ਗਿਆ ਤਾਂ ਕਲ ਨੂੰ ਕੋਈ ਵੀ ਅਖੌਤੀ ਪੰਥਕ ਅਤੇ ਰਾਜਨੀਤਿਕ ਵਿਅਕਤੀ ਅਜਿਹੀ ਘਿਣਾਉਣੀ ਹਰਕਤ ਦੁਹਰਾ ਸਕਦਾ ਹੈ।ਉਨ੍ਹਾਂ ਕਿਹਾ ਕਿ ਕੌਮੀ ਸਰੋਕਾਰਾਂ ਲਈ ਕਿਸੇ ਵੀ ਗੁਰ ਅਸਥਾਨ ਗੁਰਦੁਆਰਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਤਕ ਨਗਰ ਕੀਰਤਨ ਅਤੇ ਵਹੀਰ ਸਜਾਏ ਜਾਂਦੇ ਹਨ, ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਥਾਣਿਆਂ ਦੇ ਘਿਰਾਓ ਲਈ ਢਾਲ ਵਜੋਂ ਲਿਜਾਏ ਜਾਂਦੇ ਹਨ।ਉਨ੍ਹਾਂ ਕਿਹਾ ਅਜਨਾਲੇ ਦੀ ਘਟਨਾ ਨੇ ਸਿੱਖਾਂ ਦੀ ਛਵੀ ਖ਼ਰਾਬ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ।ਉਕਤ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਖ਼ਾਮੋਸ਼ੀ ’ਤੇ ਅਫ਼ਸੋਸ ਜਤਾਉਂਦਿਆਂ ਉਨ੍ਹਾਂ ਮਰਯਾਦਾ ਵਿਹੂਣੇ ਲੋਕਾਂ ਵੱਲੋਂ ਕੀਤੀ ਗਈ ਅੱਜ ਦੀ ਹੁੱਲੜਬਾਜ਼ੀ ਅਤੇ ਗੈਰ ਸਿਧਾਂਤਕ ਵਤੀਰਾ ਕੱਲ ਨੂੰ ਪਿਰਤ ਬਣ ਜਾਵੇ,ਇਸ ਨੂੰ ਠੱਲ੍ਹ ਪਾਉਣ ਲਈ ਅੱਜ ਸਮਾਂ ਰਹਿੰਦਿਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।ਉਨ੍ਹਾਂ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਇਸ ਵਰਤਾਰੇ ਨੂੰ ਨਾ ਰੋਕਿਆ ਗਿਆ ਤਾਂ ਕੱਲ ਨੂੰ ਕੋਈ ਵੀ ਵਿਅਕਤੀ ਨਿੱਜੀ ਲੜਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਕਿਤੇ ਵੀ ਲੈ ਜਾ ਸਕਦਾ ਹੈ।