Headlines

ਮੌਜੂਦਾ ਕਮੇਟੀ ਵਲੋਂ ਗੁਰੂ ਘਰ ਦਾ ਕਰਜਾ ਉਤਾਰਨ ਦਾ ਬਿਆਨ ਗੁੰਮਰਾਹਕੁਨ-ਮਨਿੰਦਰ ਸਿੰਘ ਗਿੱਲ

ਸਰਬ ਸਾਂਝੀ ਸਲੇਟੀ ਵਲੋਂ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਚੋਣਾਂ ਲਈ ਜ਼ੋਰਦਾਰ ਮੁਹਿੰਮ-

ਐਬਟਸਫੋਰਡ ( ਦੇ ਪ੍ਰ ਬਿ)-ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਪ੍ਰਬੰਧਕੀ ਕਮੇਟੀ ਦੀ 5 ਮਾਰਚ ਨੂੰ ਹੋਣ ਜਾ ਰਹੀ ਚੋਣ ਲਈ ਸਰਬ ਸਾਂਝੀ ਸਲੇਟ ਦੇ ਪ੍ਰਧਾਨਗੀ ਲਈ ਕੈਨੇਡੀਅਨ ਜੰਮਪਲ ਅਤੇ ਪੜੇ ਲਿਖੇ ਗੁਰਸਿੱਖ ਉਮੀਦਵਾਰ ਸ ਮਨਿੰਦਰ ਸਿੰਘ ਗਿੱਲ ਵਲੋਂ ਹੋਰ ਉਮੀਦਵਾਰਾਂ ਤੇ ਵਲੰਟੀਅਰਾਂ ਨਾਲ ਆਪਣੀ ਪ੍ਰਚਾਰ ਮੁਹਿੰਮ ਨੂੰ ਭਖਾਇਆ ਜਾ ਰਿਹਾ ਹੈ। ਉਹਨਾਂ ਵਲੋ ਆਪਣੀ ਟੀਮ ਲਈ ਵੱਧ ਤੋ ਵੱਧ ਵੋਟਾਂ ਦੀ ਅਪੀਲ ਕਰਦਿਆਂ ਮੌਜੂਦਾ ਕਮੇਟੀ ਦੇ ਕੰਮਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਥੇ ਜਾਰੀ ਇਕ ਬਿਆਨ ਵਿਚ ਮਨਿੰਦਰ ਸਿੰਘ ਗਿੱਲ ਤੇ ਸਲੇਟ ਦੇ ਹੋਰ ਉਮੀਦਵਾਰਾਂ ਨੇ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਕਮੇਟੀ ਉਪਰ ਸੰਵਿਧਾਨ ਦੀ ਉਲੰਘਣਾ ਦੇ ਦੋਸ਼ ਲਗਾਉਂਦਿਆਂ ਕਿਹਾ ਇਸ ਚੋਣ ਵਿਚ ਸੁਸਾਇਟੀ ਦੇ ਸੰਵਿਧਾਨ ਦੀ ਰੱਖਿਆ ਕਰਨਾ ਸਭ ਤੋ ਅਹਿਮ ਹੈ। ਉਹਨਾਂ  ਵਿਰੋਧੀ ਸਲੇਟ ਵਲੋ ਸੁਸਾਇਟੀ ਸਿਰ 12 ਲੱਖ ਡਾਲਰ ਦਾ ਕਰਜਾ ਉਤਾਰਨ ਅਤੇ ਬੈਂਕ ਬੈਲੈਂਸ ਬਣਾਉਣ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਇਹ ਕਰਜਾ ਕੇਵਲ 5 ਲੱਖ 37 ਹਜ਼ਾਰ ਸੀ ਜੋ ਜੁਲਾਈ 2017 ਵਿਚ ਪੇਅ ਆਫ ਹੋਣਾ ਸੀ। ਲਾਈਨ ਆਫ ਕਰੈਡਿਟ ਉਪਰ ਲਏ ਗਏ ਢਾਈ ਲੱਖ ਡਾਲਰ ਦੇ ਕਰਜੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਸੰਗਤ ਦੀ ਸਹਿਮਤੀ ਤੋ ਬਿਨਾ ਉਠਾਏ ਗਏ ਸਨ। ਉਹਨਾਂ ਮੌਜੂਦਾ ਕਮੇਟੀ ਉਪਰ 2012 ਤੋ 2021  ਤੱਕ ਕਮੇਟੀ ਵਿਵਾਦ ਕਾਰਣ ਵਕੀਲਾਂ ਦੀਆਂ ਫੀਸਾਂ ਉਪਰ 7, 78,296 ਡਾਲਰ ਨਾਜਾਇਜ਼ ਖਰਚੇ ਜਾਣ ਦੇ ਵੀ ਦੋਸ਼ ਲਗਾਏ। ਉਹਨਾਂ ਕਿਹਾ ਕਿ ਕਨੂੰਨੀ ਲੜਾਈ ਉਪਰ ਸੰਗਤ ਦਾ ਪੈਸਾ ਵਰਤਿਆ ਗਿਆ ਜਦੋਂਕਿ ਪਿਛਲੀ ਚੋਣ ਦੌਰਾਨ ਉਹਨਾਂ ਕਨੂੰਨੀ ਲੜਾਈ ਦਾ ਖਰਚਾ ਆਪਣੀਆਂ ਜੇਬਾਂ ਚੋ ਕਰਨ ਦਾ ਵਾਅਦਾ ਕੀਤਾ ਸੀ।

ਇਸੇ ਦੌਰਾਨ ਮਨਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਅਗਰ ਸੰਗਤਾਂ ਉਹਨਾਂ ਦੀ ਸਲੇਟ ਨੂੰ ਸੇਵਾ ਦਾ ਮੌਕਾ ਦਿੰਦੀਆਂ ਹਨ ਤਾਂ ਜਿਥੇ ਸਾਰੇ ਕੰਮ ਸੰਵਿਧਾਨ ਮੁਤਾਬਿਕ ਕੀਤੇ ਜਾਣਗੇ ਉਥੇ ਉਹ ਇਹ ਵੀ ਵਾਅਦਾ ਕਰਦੇ ਹਨ ਕਿ ਪ੍ਰਧਾਨ ਅਤੇ ਮੀਤ ਪ੍ਰਧਾਨ ਸਿਰਫ ਇਕ ਟਰਮ ਹੀ ਸੇਵਾ ਨਿਭਾਉਣਗੇ ਉਪਰੰਤ ਹੋਰਾਂ ਨੂੰ ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਉਹਨਾਂ ਆਪਣੀ ਸਲੇਟ ਵਿਚ ਔਰਤਾਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ਦੀ ਗੱਲ ਕਰਦਿਆਂ ਸਰਬ ਸਾਂਝੀ ਸਲੇਟ ਨੂੰ ਵੱਧ ਤੋ ਵੱਧ ਵੋਟਾਂ ਪਾਕੇ ਜਿਤਾਉਣ ਤੇ ਸਾਫ ਸੁਥਰਾ ਪ੍ਰਬੰਧ ਲਿਆਉਣ ਲਈ ਸਹਿਯੋਗ ਦੀ ਅਪੀਲ ਕੀਤੀ ਹੈ।

ਇਸ ਮੌਕੇ ਸਰਬ ਸਾਂਝੀ ਸਲੇਟ ਦੇ ਉਮੀਦਵਾਰ, ਵਲੰਟੀਅਰ ਅਤੇ ਸਮਰਥਕ ਹਾਜ਼ਰ ਸਨ।