Headlines

ਬੀ ਸੀ ਤੇ ਫੈਡਰਲ ਸਰਕਾਰ ਵਿਚਾਲੇ 27 ਬਿਲੀਅਨ ਡਾਲਰ ਦੀ ਹੈਲਥ ਫੰਡਿੰਗ ਲਈ ਸਮਝੌਤਾ

ਲੈਂਗਲੀ ( ਦੇ ਪ੍ਰ ਬਿ)- ਬੀ.ਸੀ ਸਰਕਾਰ ਨੇ ਅੱਜ ਇਥੇ ਫੈਡਰਲ ਸਰਕਾਰ ਨਾਲ  $27-ਬਿਲੀਅਨ ਦਾ ਸਿਹਤ ਫੰਡਿੰਗ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ। ਇਹ ਸਮਝੌਤਾ ਟਰੂਡੋ ਸਰਕਾਰ ਵਲੋ ਐਲਾਨੇ ਅਗਲੇ 10 ਸਾਲਾਂ ਦੌਰਾਨ $196-ਬਿਲੀਅਨ ਡਾਲਰ ਦੇ  ਸਿਹਤ-ਸੰਭਾਲ ਫੰਡਿੰਗ ਪ੍ਰਸਤਾਵ ਦਾ ਪਹਿਲਾ ਕਦਮ ਹੈ।
ਇਥੇ ਬੁੱਧਵਾਰ ਨੂੰ ਲੈਂਗਲੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਪ੍ਰੀਮੀਅਰ ਈਬੀ ਨੇ ਇਸ ਸਮਝੌਤੇ ਸਬੰਧੀ  ਐਲਾਨ ਕੀਤਾ ।
ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ (ਕੇਪੀਯੂ) ਦੇ ਨਰਸਿੰਗ ਸਕੂਲ ਦੇ ਕਲਾਸਰੂਮ ਵਿਖੇ ਪ੍ਰੀਮੀਅਰ ਈਬੀ ਨੇ ਕਿਹਾ ਕਿ “ਇਹ ਪੈਸਾ ਪ੍ਰਾਂਤ ਵਿੱਚ ਐਮਰਜੈਂਸੀ ਸੈਂਟਰਾਂ ਤੇ ਭਾਰੀ ਦਬਾਅ ਵਾਲੇ ਹਸਪਤਾਲਾਂ ਦੀ ਸਹਾਇਤਾ ਲਈ ਦਿੱਤਾ ਜਾਵੇਗਾ।
ਫੈਡਰਲ ਸਰਕਾਰ ਨਾਲ ਇਹ ਸਮਝੌਤਾ ਬੀ ਸੀ ਦੀ  ਵਿੱਤ ਮੰਤਰੀ ਕੈਟਰੀਨ ਕੋਨਰੋਏ ਵਲੋ ਪੇਸ਼ ਕੀਤੇ ਸੂਬਾਈ ਬਜਟ ਦੇ ਇਕ ਦਿਨ ਬਾਦ ਕੀਤਾ ਗਿਆ ਹੈ ਜਿਸ ਵਿਚ ਸੂਬੇ ਵਿਚ ਅਗਲੇ ਤਿੰਨ ਸਾਲਾਂ ਵਿੱਚ ਸਿਹਤ ਪ੍ਰਣਾਲੀ ਵਿਚ $ 6.4 ਬਿਲੀਅਨ ਹੋਰ ਖਰਚੇ ਜਾਣ ਦਾ ਵਾਅਦਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਦੁਆਰਾ ਕੈਨੇਡਾ ਦੇ ਪ੍ਰੀਮੀਅਰਾਂ ਨੂੰ ਦਿੱਤੀ ਗਈ ਪੇਸ਼ਕਸ਼ ਵਿੱਚ ਤੁਰੰਤ $2 ਬਿਲੀਅਨ ਦਾ ਸਿਹਤ ਟ੍ਰਾਂਸਫਰ ਅਤੇ ਅਗਲੇ ਪੰਜ ਸਾਲਾਂ ਵਿੱਚ ਪੰਜ ਪ੍ਰਤੀਸ਼ਤ ਦਾ ਸਾਲਾਨਾ ਵਾਧਾ ਸ਼ਾਮਲ ਹੈ, ਪਰ ਇਹ ਸਿਰਫ ਤਾਂ ਹੀ ਜੇਕਰ ਹਰੇਕ ਸੂਬਾ ਸ਼ਰਤਾਂ ਨਾਲ ਸਹਿਮਤ ਹੁੰਦਾ ਹੈ, ਜਿਸ ਵਿੱਚ ਸਿਹਤ ਡਾਟਾ ਇਕੱਠਾ ਕਰਨਾ ਵੀ ਸ਼ਾਮਲ ਹੈ।
ਬੀ ਸੀ ਲਈ, ਈਬੀ ਨੇ ਲੰਬੇ ਸਮੇਂ ਦੀ ਦੇਖਭਾਲ ਅਤੇ ਮਾਨਸਿਕ-ਸਿਹਤ ਦੇਖਭਾਲ ‘ਤੇ ਸੰਘੀ ਸਰਕਾਰ ਨਾਲ “ਸਾਂਝੀਆਂ ਤਰਜੀਹਾਂ” ਨੂੰ ਲਾਗੂ ਕਰਨ ਬਾਰੇ ਗੱਲ ਕੀਤੀ

ਇਸ ਮੌਕੇ ਟਰੂਡੋ ਨੇ ਕਿਹਾ ਕਿ ਇਹ ਯੋਜਨਾ “ਵੱਡਾ ਨਿਵੇਸ਼ ਕਰੇਗੀ, ਪਰ ਅਸੀਂ ਜਾਣਦੇ ਹਾਂ ਕਿ ਸਿਰਫ਼ ਪੈਸਾ ਹੀ ਸਭ ਕੁਝ ਨਹੀ ਹੁੰਦਾ,” ਇਸੇ ਕਰਕੇ ਦੁਵੱਲੇ ਸੌਦਿਆਂ ਦਾ ਉਦੇਸ਼ “ਅਸਲ ਸੁਧਾਰ ਜੋ ਲੋਕ ਦੇਖ ਅਤੇ ਮਹਿਸੂਸ ਕਰ ਸਕਦੇ ਹਨ” ਪ੍ਰਦਾਨ ਕਰਨਾ ਹੈ।
ਉਹਨਾਂ ਕਿਹਾ ਹੈ ਕਿ ਸੂਬਿਆਂ ਨੂੰ ਨਵੇਂ ਪੈਸਿਆਂ ਲਈ ਖਾਸ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ ਅਤੇ ਇਹ ਸਾਬਤ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਸਿਹਤ ਪ੍ਰਣਾਲੀ ਵਿੱਚ ਸੁਧਾਰ ਹੋ ਰਿਹਾ ਹੈ।