ਸਾਬਕਾ ਹਾਕੀ ਉਲੰਪੀਅਨ ਤੇ ਵਿਧਾਇਕ ਪ੍ਰਗਟ ਸਿੰਘ ਮੁੱਖ ਮਹਿਮਾਨ ਹੋਣਗੇ-
ਸਰੀ ( ਦੇ ਪ੍ਰ ਬਿ)- ਐਮਚਿਊਰ ਸਪੋਰਟਸ ਐਵਾਰਡ ਵਲੋਂ ਕੱਲ 5 ਮਾਰਚ ਨੂੰ ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕੈਨੇਡਾ ਭਰ ਦੇ ਹੋਣਹਾਰ, ਮੈਡਲਿਸਟ ਤੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਐਵਾਰਡ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ।
ਐਮਚਿਊਰ ਸਪੋਰਟਸ ਐਵਾਰਡ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਈਵੈਂਟ ਕੌਮੀ ਤੇ ਕੌਮਾਂਤਰੀ ਪੱਧਰ ਤੇ ਪ੍ਰਾਪਤੀ ਕਰਨ ਵਾਲੇ ਅਥਲੀਟਾਂ ਨੂੰ ਇਕ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਨਾਲ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਹੋਰ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਤ ਕਰਦਾ ਹੈ। ਸਮਾਗਮ ਦੇ ਹੋਸਟ ਉਘੇ ਕਬੱਡੀ ਖਿਡਾਰੀ, ਪ੍ਰੋਮੋਟਰ ਅਤੇ ਸਪੋਰਟਸ ਮੀਡੀਆ ਸ਼ਖਸੀਅਤ ਲੱਕੀ ਕੁਰਾਲੀ ਹਨ। ਇਸ ਐਵਾਰਡ ਵੰਡ ਸਮਾਗਮ ਦੌਰਾਨ ਜਿਥੇ ਵੱਖ ਵੱਖ ਖੇਡਾਂ ਵਿਚ ਨਾਮਣਾ ਖੱਟਣ ਵਾਲੇ ਖਿਡਾਰੀ, ਸਪੋਰਟਸ ਪ੍ਰੋਮੋਟਰ, ਸਪੋਰਟਸ ਸਪਾਂਸਰ ਅਤੇ ਹੋਰ ਹਸਤੀਆਂ ਸ਼ਾਮਿਲ ਹੋਣਗੀਆਂ ਉਥੇ ਸਾਬਕਾ ਹਾਕੀ ਉਲੰਪੀਅਨ, ਸਾਬਕਾ ਮਨਿਸਟਰ ਤੇ ਜਲੰਧਰ ਕੈਂਟ ਤੋ ਮੌਜੂਦਾ ਐਮ ਐਲ ਏ ਸ ਪਰਗਟ ਸਿੰਘ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਣਗੇ। ਸ੍ਰੀ ਲੱਕੀ ਕੁਰਾਲੀ ਤੇ ਪ੍ਰਬੰਧਕਾਂ ਨੇ ਖਿਡਾਰੀਆਂ ਤੇ ਖੇਡ ਪ੍ਰੋਮੋਟਰਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ।