Headlines

ਸਮਾਜਿਕ ਸਰੋਕਾਰ-ਲੋੜਾਂ ਦੇ ਰਿਸ਼ਤੇ ….

ਕਲਵੰਤ ਸਿੰਘ ਸਹੋਤਾ 604-589-5919

-ਸਮਾਜ ਵਿਚ ਭਿੰਨ ਭਿੰਨ ਰਿਸ਼ਤਿਆਂ ਦੀ ਭਰਮਾਰ ਹੈ; ਪਰਿਵਾਰਕ ਰਿਸ਼ਤੇ, ਸਮਾਜਿਕ ਰਿਸ਼ਤੇ, ਸਿਆਸੀ ਰਿਸ਼ਤੇ, ਆਰਥਿਕ ਰਿਸ਼ਤੇ ਇਤ ਆਦਿ। ਇਹਨਾਂ ਸਾਰਿਆਂ ਦੇ ਵਿੱਚ ਹੀ ਲੋੜਾਂ ਦੇ ਰਿਸ਼ਤੇ ਸਮੋਏ ਹੋਏ ਹਨ। ਲੋੜਾਂ ਦੇ ਰਿਸ਼ਤੇ ਐਸੇ ਗੁਪਤ ਅਤੇ ਸੂਖਮ ਹਨ ਕਿ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਇਹਨਾਂ ਦੀ ਵੀ ਅਣਦਿਸ ਮੌਜੂਦਗੀ ਹੈ! ਲੋੜਾਂ ਦੇ ਰਿਸ਼ਤੇ ਦਿਸਦੇ ਨਹੀਂ, ਇਹ ਸਮਾਂ ਆਉਣ ਤੇ ਹੀ ਪਰਗਟ ਹੁੰਦੇ ਹਨ। ਜੇ ਹਾਲਾਤ ਇੱਕ ਸਾਰ ਚਲਦੇ ਰਹਿਣ ਤਾਂ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਤੇ ਇਹ ਪੂਰੀ ਦੀ ਪੂਰੀ ਪੀੜ੍ਹੀ ਅਲੋਪ ਰਹਿੰਦੇ ਹਨ, ਪਰ ਪਤਾ ਉਦੋਂ ਲੱਗਦਾ ਹੈ ਜਦੋਂ ਅਗਲੀਆਂ ਪੀੜੀਆਂ ਦਾ ਆਪਣਾ ਹੀ ਨਿਰਭਿੱਜ ਸੁਭਾਅ ਰੱਖਦਾ ਜੀਅ ਪਿਛਲਾ ਸਭ ਕੁੱਝ ਨਜ਼ਰ ਅੰਦਾਜ਼ ਕਰ ਇਸ ਨੂੰ ਇੱਕ ਦਮ ਧੜੰਮ ਪਰਗਟ ਕਰ, ਬੇਰੁਖੀ ਅਤੇ ਖੁਦਗਰਜ਼ੀ ਦਾ ਚਾਨਣ ਕਰ ਦਿੰਦਾ ਹੈ। ਸਾਂਝੇ ਪਰਿਵਾਰਾਂ ‘ਚ ਪੁਸ਼ਤਾਂ ਲੰਘ ਜਾਇਆ ਕਰਦੀਆਂ ਸਨ ਰਿਸ਼ਤਿਆਂ ‘ਚ ਬੱਝਿਆਂ ਅਤੇ ਆਦਰ ਸਤਿਕਾਰ ਦੀਆਂ ਭਾਵਨਾਵਾਂ ਬਰਕਰਾਰ ਰੱਖਦਿਆਂ। ਰਿਸ਼ਤਿਆਂ ‘ਚ ਛੁਪੀਆਂ ਗੁੱਝੀਆਂ ਗਰਜਾਂ ਦੀ ਪੂਰਤੀ ਦੀਆਂ ਲੋੜਾਂ ਦਾ ਜਿੰਨ ਦਿਸਦਾ ਹੀ ਨਹੀਂ ਸੀ ਹੁੰਦਾ। ਸਮਾਜ ‘ਚ ਬਦਲਾਅ ਉਦੋਂ ਧੀਮੀਂ ਰਫਤਾਰ ‘ਚ ਹੁੰਦਾ ਸੀ। ਜਿਉਂ ਜਿਉਂ ਬਦਲਦੇ ਯੁੱਗ ਦਾ ਮਸ਼ੀਨੀਂਕਰਨ ਹੋਣ ਲੱਗਾ ਤਿਉਂ ਤਿਉਂ ਰਿਸ਼ਤਿਆਂ ਦੀਆਂ ਤੈਹਾਂ ‘ਚ ਛੁਪੀਆਂ ਲੋੜਾਂ ਵੀ ਝਾਤਮੋਰੀ ਕਰਨ ਲੱਗੀਆਂ ਤੇ ਇੰਜ ਸਦੀਆਂ ਤੋਂ ਬਣਿਆ ਰਿਸ਼ਤਿਆਂ ਦਾ ਸੰਤੁਲਨ ਬਿਗੜਨਾ ਸ਼ੁਰੂ ਹੋਣ ਲੱਗਾ।

ਨਵੇਂ ਆਏ ਮਸ਼ੀਨੀ ਯੁੱਗ ਨੇ ਤਾਂ ਤਰਥੱਲੀ ਹੀ ਮਚਾ ਦਿੱਤੀ ਹੈ; ਰਿਸ਼ਤਿਆਂ ਨੂੰ ਤਾਰ ਤਾਰ ਕਰ ਉਹਨਾਂ ਦੀ ਮਹੱਤਤਾ ਦੀ ਹੋਂਦ ਤੇ ਹੀ ਪ੍ਰਸ਼ਨ ਚਿੰਨ ਲਾ ਦਿੱਤਾ ਹੈ। ਮੇਲ ਮਿਲਾਪ ਦੀ ਮੋਮਬੱਤੀ ਦੀ ਲਾਟ ਬੁੱਝ ਗਈ ਜਾਪਦੀ ਹੈ। ਮੇਲ ਮਿਲਾਪ ਸਿਰਫ ਲੋੜਾਂ ਤੱਕ ਹੀ ਸੀਮਤ ਹੁੰਦਾ ਜਾ ਰਿਹਾ ਹੈ; ਰਿਸ਼ਤੇ ਦੀ ਮਹੱਤਤਾ ਘੱਟ ਅਤੇ ਲੋੜਾਂ ਦੀ ਵੱਧ ਹੋ ਗਈ ਹੈ। ਸਾਂਝੇ ਪਰਿਵਾਰਾਂ ਨੂੰ ਇਕੱਠਿਆਂ ਰੱਖਣ ਅਤੇ ਜੋੜੀ ਰੱਖਣ ਵਾਲਾ ਸੀਮਿੰਟ ਖੱਖੜੀਆਂ ਹੋ ਖਿਲਰ ਗਿਆ ਹੈ ਤੇ ਇੰਜ ਰਿਸ਼ਤਿਆਂ ਦੀਆਂ ਇੱਟਾਂ ਖੇਰੂੰ ਖੇਰੂੰ ਹੋ ਖਿਲਰ ਪੁਲਰ ਗਈਆਂ ਹਨ। ਸਮੁੱਚੀ ਆਧੁਨਿਕ ਤਬਦੀਲੀ ਨੇ ਇੱਕ ਨਵਾਂ ਰੋਬੌਟਿਕ ਕਲਚਰ ਪੈਦਾ ਕਰ ਦਿੱਤਾ ਹੈ ਜੋ ਮਸ਼ੀਨਾਂ ਵਾਂਗ ਹੀ ਵਿਚਰਦਾ ਅਤੇ ਕੰਮ ਕਰਦਾ ਹੈ ਜਿਸ ਵਿੱਚੋਂ ਪਰਿਵਾਰਾਂ ਦੇ ਰਿਸ਼ਤਿਆਂ ਦਾ ਸਹਿਜ, ਪਿਆਰ, ਅਪਣੱਤ ਤੇ ਸਤਿਕਾਰ ਦੀਆਂ ਖੂਬੀਆਂ ਅਲੋਪ ਕਰ ਦਿੱਤੀਆਂ ਹਨ। ਆਰਥਿਕ ਸਾਂਝ ਅਤੇ ਹੋਰ ਰਿਸ਼ਤੇ ਵੀ ਲੋੜਾਂ ਨਾਲ ਹੀ ਬੱਝ ਗਏ ਹਨ। ਦੁਨੀਆ ‘ਚ ਬੇਅੰਤ ਸਿਆਸੀ ਗੱਠ ਜੋੜ ਬਣਦੇ ਅਤੇ ਟੁੱਟਦੇ ਹਨ; ਸਮਾਜਿਕ ਸਾਂਝਾਂ ਵੀ ਖੇਰੂੰ ਖੇਰੰੂ ਹੋਈ ਜਾ ਰਹੀਆਂ ਹਨ, ਜਿੱਧਰ ਪਾਈਆ ਜਾਂ ਦੋ ਰੱਤੀਆਂ ਆਰਥਿਕ ਲਾਭ ਜਾਂ ਹੋਰ ਮੁਫਾਦ ਦਿਸੇ ਉੱਧਰ ਹੀ ਪਲਟਾ ਮਾਰ ਜਾਣਾ ਪ੍ਰਮੁੱਖ ਹੈ। ਬਚਨਾਂ ਤੇ ਪ੍ਰਪੱਕ ਰਹਿਣਾ ਤੇ ਉਹਨਾਂ ਕੀਤੇ ਇਕਰਾਰਾਂ ਤੇ ਖੜ੍ਹੇ ਰਹਿਣ ਦੀ ਕੋਈ ਜਰੂਰਤ ਹੀ ਨਹੀਂ ਸਮਝੀ ਜਾਂਦੀ; ਸਿਰਫ ਮਨ ਦੀ ਹਉਮੈਂ ਦੇ ਸਨਮੁੱਖ ਥੋੜਾ ਜਿਹਾ ਹੁੰਦੇ ਫਾਇਦੇ ਨੂੰ ਮੁੱਖ ਰੱਖਦਿਆਂ ਰਿਸ਼ਤੇ ਨੂੰ ਤਾਰ ਤਾਰ ਕਰਦਿਆਂ ਮਿੰਟ ਵੀ ਨਹੀਂ ਲਗਦਾ: ਅੱਖ ਦੇ ਫੋਰ ‘ਚ ਅੱਖਾਂ ਬਦਲ ਜਾਂਦੀਆਂ ਹਨ; ਕੀਤੇ ਬਚਨਾਂ ਅਤੇ ਇਕਰਾਰਾਂ ਤੇ ਖੜ੍ਹਨਾ ਮਖੌਲ ਬਣ ਕੇ ਰਹਿ ਗਿਆ ਹੈ। ਸਿਆਸੀ ਸੰਧਰਵ ‘ਚ ਨਿਗ੍ਹਾ ਮਾਰੀਏ, ਚਾਹੇ ਉਹ ਪੰਜਾਬ ਹੋਵੇ, ਭਾਰਤ, ਜਾਂ ਕੋਈ ਹੋਰ ਮੁਲਕ, ਸਿਆਸਤ ਦੀ ਮੰਡੀ ‘ਚ ਸ਼ਰੇ ਆਮ ਆਪਣੇ ਆਰਥਿਕ ਹਿਤਾਂ ਸਨਮੁੱਖ ਬੋਲੀ ਹੁੰਦੀ ਹੈ। ਸਭ ਰੂਲ-ਅਸੂਲ ਛੱਕੇ ਟੰਗ ਗੱਠ ਜੋੜ ਬਣਦੇ ਅਤੇ ਟੁੱਟਦੇ ਹਨ, ਜਿਹੜੀਆਂ ਪਾਰਟੀਆਂ ਅਤੇ ਸਿਆਸੀ ਲੀਡਰ ਅੱਜ ਤੱਕ ਇੱਕ ਦੂਜੇ ਨੂੰ ਪਾਣੀ ਪੀ ਪੀ ਕੋਸਦੇ ਅਤੇ ਭੰਡਦੇ ਸਨ, ਆਪਣਾ ਮੁਫਾਦੀ ਸਮਾਂ ਆਉਣ ਤੇ ਕਿਵੇਂ ਇੱਕ ਦੁਜੇ ਨੂੰ ਗਲਵੱਕੜੀਆਂ ਪਾ ਪਲਟੇ ਮਾਰਦੇ ਹਨ: ਪਰ ਨਾਲ ਹੀ, ਇਹ ਕਈਆਂ ਦੇ ਰਾਸ ਆਉਂਦੇ ਹਨ ਤੇ ਕਈ ਸਿਆਸੀ ਖੇਤਰਾਂ ‘ਚ ਪਟਕਾਏ ਜਾਂਦੇ ਹਨ। ਦੁਨੀਆ ਪੱਧਰ ਤੇ ਮੁਲਕਾਂ ਦੇ ਗੱਠ ਜੋੜ ਵੀ ਆਪਸੀ ਹਿਤਾਂ ਦੇ ਅਧਾਰ ਤੇ ਹੀ ਬਣਦੇ ਅਤੇ ਟੁੱਟਦੇ ਆਏ ਹਨ; ਪਰ ਅੱਜ ਕੱਲ ਇਹ ਸਭ ਅੰਤਾਂ ਦੇ ਨਿਘਾਂਰ ਤੱਕ ਪੁੱਜ ਗਏ ਹਨ। ਇਹ ਸਭ ਲੋੜਾਂ ਦੇ ਰਿਸ਼ਤਿਆਂ ਦੀ ਬਣ ਰਹੀ ਨਵੀ ਪਰਿਭਾਸ਼ਾ ਦਾ ਹੀ ਮੁਹਾਂਦਰਾ ਹੈ। ਇਨਸਾਨੀਅਤ ਖੰਭ ਲਾ ਕੇ ਉਡਾਰੀ ਮਾਰ ਰਹੀ ਹੈ।

ਜਦੋਂ ਲੋੜਾਂ ਬੇਸਬਰੀ ਨਾਲ ਵਧਾ ਲਈਆਂ ਜਾਣ ਤਾਂ ਰਿਸ਼ਤਿਆਂ ਦਾ ਘਾਣ ਹੋਣਾ ਯਕੀਨਨ ਬਣ ਜਾਂਦਾ ਹੈ। ਲੋੜਾਂ ਦੀ ਪੰਡ ਖੋ੍ਹਲ ਕੇ ਇਸ ਤਰ੍ਹਾਂ ਖਿਲਾਰਾ ਪਾ ਤਾ ਕਿ ਉਹ ਸਾਰੀਆਂ ਤਾਂ ਕਿਸੇ ਭਾਅ ਵੀ ਪੂਰੀਆਂ ਨਹੀਂ ਹੋਣੀਆਂ, ਇਹ ਤਾਂ ਇੱਕ ਮਿਰਗ ਤ੍ਰਿਸ਼ਨਾ ਵਾਲੀ ਗੱਲ ਹੈ। ਰਿਸ਼ਤਿਆਂ ਦੀ ਨਿੱਗਰਤਾ ਅਤੇ ਸਦੀਵੀ ਪ੍ਰਪੱਕਤਾ ਹੋਣ ਕਰਕੇ ਜਿਹੜੀਆਂ ਲੋੜਾਂ ਸਹਿ ਸੁਭਾਅ ਆਪਣੇ ਆਪ ਹੀ ਸਮੇਂ ਦੇ ਹਾਲਾਤ ਬਣ-ਬਣਾ ਪੂਰੀਆਂ ਹੁੰਦੀਆਂ ਰਹਿੰਦੀਆਂ ਸਨ ਅਤੇ ਲੋੜਾਂ ਦਾ ਭੋਖੜਾ ਵਧਦਾ ਵੀ ਨਹੀਂ ਸੀ ਉਹ ਸਮੇਂ ਨੇ ਬਦਲ ਦਿੱਤਾ ਹੈ। ਨਾ ਇਖਲਾਖ ਰਿਹਾ, ਨਾ ਧਰਮ ਰਿਹਾ, ਨਾ ਜ਼ਬਾਨ ਰਹੀ ਅਤੇ ਨਾ ਹੀ ਬਚਨ ਵੱਧ ਹੋ ਤੋੜ ਨਿਭਾਉਣ ਦੇ ਸਿਰੜ। ਅੱਜ ਕੱਲ ਫੋਕੀ ਸੁ਼ਹਰਤ ਦੇ ਭਰਮ ਜਾਲ ਨੇ ਸਾਨੂੰ ਭੁਆਂਟਣੀਆਂ ਦੇ ਦਿੱਤੀਆਂ ਹਨ। ਸਮਾਜਿਕ ਮੰਜੇ ਦਾ ਤਾਣਾ ਬਾਣਾ ਟੁੱਟ ਕੇ ਤੀਲਾ ਤੀਲਾ ਹੋ ਗਿਆ ਹੈ। ਜਦੋਂ ਅਮੁੱਕ ਦੌੜਾਂ ਦੀ ਦੌੜ ‘ਚ ਹੀ ਸਾਰੀ ਬਿਰਤੀ ਲੱਗੀ ਹੋਵੇ ਤਾਂ ਉੱਥੇ ਰਿਸ਼ਤੇ ਦੀ ਕੀ ਬੁੱਕਤ ਰਹਿ ਗਈ? ਸਥਿਰ, ਅਡੋਲ ਜੀਵਨ ਜਿਉਣ ਦੀ ਜਾਂਚ ਨੂੰ ਅਸੀਂ ਤਿਲਾਂਜਲੀ ਦੇ ਕੇ ਭਟਕਣ ਦੀ ਦੁਨੀਆ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਹਿਜ ਦੀ ਜਿ਼ੰਦਗੀ, ਸ਼ਾਂਤੀ ਪੂਰਵਕ ਜੀਵਨ ਜਿਉਣ ਦੀ ਵਿਧੀ ਨੂੰ ਅਸੀਂ ਪਦਾਰਥਾਂ ਨਾਲ ਤੋਲਣਾ ਮਿਣਨਾ ਸ਼ੁਰੂ ਕਰ ਦਿੱਤਾ ਹੈ। ਬੰਦੇ ਨੂੰ ਜਿਉਂਦਾ ਰਹਿਣ ਲਈ ਸਾਫ ਸ਼ੁੱਧ ਪਾਣੀ ਤੇ ਸਾਦੇ ਭੋਜਨ ਦੀ ਜਰੂਰਤ ਹੈ, ਪਰ ਅਸੀਂ ਹਬੜ ਹਬੜ ਕਰਦੇ ਸਭ ਕੁੱਝ ਹੀ ਚੱਬੀ ਅਤੇ ਨਿਗਲੀ ਜਾਈ ਜਾ ਰਹੇ ਹਾਂ। ਪਦਾਰਥਵਾਦੀ ਯੁੱਗ ਨੇ ਬੰਦੇ ਨੂੰ ਵੀ ਇੱਕ ਪਦਾਰਥ ਹੀ ਬਣਾ ਦਿੱਤਾ ਹੈ, ਇਸੇ ਕਰਕੇ ਬੰਦੇ ਦਾ ਬੰਦੇ ਨਾਲ ਲਗਾਅ ਅਤੇ ਨੇੜਤਾ ਦਾ ਰੰਗ ਲਾਲ ਸੂਹਾ ਹੋਣ ਦੀ ਥਾਂ ਪੀਲਾ ਅਤੇ ਪਿੱਲਾ ਹੋ ਗਿਆ ਹੈ। ਜੇ ਕੋਈ ਲੋੜ ਹੈ ਤਾਂ ਨੇੜ ਨਹੀਂ ਤਾਂ ਤੰੂ ਕੌਣ ਅਤੇ ਮੈਂ ਕੌਣ ਵਾਲੀ ਗੱਲ ਬਣ ਗਈ ਹੈ। ਰਿਸ਼ਤੇ ਚਾਹੇ ਨਿੱਜੀ, ਪਰਿਵਾਰਕ, ਸਮਾਜਿਕ, ਆਰਥਿਕ, ਜਾਂ ਸਿਆਸੀ ਹੋਣ ਪਰ ਇਸ ਨੁੰ ਬੰਨ੍ਹ ਕੇ ਰੱਖਣ ਵਾਲੀ ਬੇੜ ਜਾਂ ਸ਼ੁੱਬ ਕਹਿ ਲE ਉਹ ‘ਲੋੜ’ ਹੀ ਬਣ ਕੇ ਰਹਿ ਗਈ ਹੈ। ਜੇ ਤੁਹਾਡੇ ਮਨ ਦੇ ਬਣੇ ਫੁਰਨੇ ਮੁਤਾਬਕ ਤੁਹਾਡੀ ਲੋੜ ਪੂਰੀ ਨਹੀਂ ਹੁੰਦੀ ਤਾਂ ਰਿਸ਼ਤਾ ਸਿਫਰ। ਜਦੋਂ ਬੰਦੇ ਦਾ ਮਨ ਬੇਲੋੜੀਆਂ ਲੋੜਾਂ ਦੀ ਪੰਡ ਦਿਨੇ ਰਾਤ ਸਿਰ ਤੇ ਚੁੱਕੀ ਫਿਰਦਾ ਹੋਵੇ ਤਾਂ ਉਸ ਕੋਲ ਰਿਸ਼ਤੇ ਦੀ ਮਹੱਤਤਾ ਸਮਝ ਸਕਣ ਲਈ ਵਿਹਲ ਕਿੱਥੋਂ ਹੈ? ਉਹ ਤਾਂ ਬੇਲੋੜੀਆਂ ਲੋੜਾਂ ਦਾ ਪਾਠ ਪੜ੍ਹਦਾ ਹੀ ਬੌਰਾ ਹੋਇਆ ਫਿਰਦਾ ਹੈ। ਮਨ ਤੇ ਭਾਰੂ ਆਪਣੀਆਂ ਲੋੜਾਂ ਅਤੇ ਖੁਦਗਰਜ਼ੀ ਤਹਿਤ ਹੀ ਰਿਸ਼ਤਿਆਂ ਨੂੰ ਤੋਲਣਾ ਅਤੇ ਮਿਣਨਾ ਨਹੀਂ ਚਾਹੀਦਾ, ਰਿਸ਼ਤੇ ਦੀ ਨਿੱਗਰਤਾ ਅਤੇ ਸਥਿਰਤਾ ਨੂੰ ਸਮਝਣਾ ਚਾਹੀਦਾ ਹੈ। ਨਿੱਗਰ ਰਿਸ਼ਤੇ ਲੋੜਾਂ ਦਾ ਭੋਖੜਾ ਵੀ ਸੀਮਤ ਰੱਖਦੇ ਹਨ।

ਮਾਂ ਦੇ ਸਰੀਰ ‘ਚ ਬੱਚਾ ਪਲਦਾ ਹੈ, ਉਸ ਦੇ ਪੁੰਗਰਨ ਤੋਂ ਲੈ ਕੇ, ਪੂਰਾ ਸਰੀਰ ਬਣ ਕੇ ਜਿੰਨਾ ਚਿਰ ਉਹ ਇਸ ਦੁਨੀਆ ‘ਚ ਪ੍ਰਵੇਸ਼ ਨਹੀਂ ਕਰਦਾ ਉਤਨਾ ਚਿਰ ਮਾਂ ਦੇ ਪੇਟ ‘ਚ ਬੱਚੇ ਦੀ ਖਾਧ ਖੁਰਾਕ ਬੱਚੇ ਨੂੰ ਪਹੁੰਚਦੀ ਰਹਿੰਦੀ ਹੈ, ਪਰਵਰਿਸ਼ ਦੀਆਂ ਸਾਰੀਆਂ ਲੋੜਾਂ ਮਾਂ ਦੇ ਸਰੀਰ ‘ਚ ਕੁਦਰਤੀ ਨਿਯਮਾਂ ਮੁਤਾਬਕ ਆਪਣੇ ਆਪ ਹੀ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ। ਹੁਣ ਸੋਚੋ ਕਿ ਬੱਚਾ ਮਾਂ ਤੋਂ ਕੁੱਝ ਮੰਗਦਾ ਹੈ ਕਿ ਮਾਂ ਮੈਨੂੰ ਆਹ ਦਿਓ ਜਾਂ ਔਹ ਦਿਓ ? ਉਸ ਦੀ ਸਾਰੀ ਲੋੜ ਮਾਂ ਦੇ ਪੇਟ ‘ਚ ਹੀ ਆਪਣੇ ਆਪ ਪੂਰੀ ਹੁੰਦੀ ਰਹਿੰਦੀ ਹੈ। ਮਾਂ ਬੱਚੇ ਦਾ ਰਿਸ਼ਤਾ ਅਟੁੱਟ ਹੈ। ਮਾਂ ਨੂੰ ਬੱਚੇ ਦੀ ਲੋੜ ਹੈ ਅਤੇ ਬੱਚੇ ਨੂੰ ਮਾਂ ਦੇ ਪੇਟ ਦੇ ਅੰਦਰ ਹੀ ਆਪਣੀ ਸਰੀਰਕ ਬਣਤਰ ਪੂਰੀ ਹੋਣ ਸਮੇਤ ਪਰਵਰਸ਼ ਲਈ ਪੂਰੀ ਖਾਧ ਖੁਰਾਕ ਦੀ ਲੋੜ ਹੈ। ਇਹ ਸਭ ਕੁੱਝ ਨੇਮਬੱਧ ਤਰੀਕੇ ਨਾਲ ਚਲਦਾ ਰਹਿੰਦਾ ਹੈ। ਹੁਣ ਬੱਚਾ ਜਨਮ ਲੈਂਦਾ ਹੈ, ਜਨਮ ਲੈਣ ਤੋਂ ਬਾਅਦ ਮਾਂ ਬੱਚੇ ਦੀਆਂ ਸਭ ਲੋੜੀਂਦੀਆਂ ਲੋੜਾਂ, ਜਿਵੇਂ ਦੁੱਧ ਚੁੰਘਾਉਣਾ, ਪਿਆੳਣਾ, ਉਸ ਨੂੰ ਲੋਰੀਆਂ ਦੇ ਕੇ ਸੁਆਉਣਾ, ਨਹਾਉਣਾ ਧੁਆਉਣਾ, ਕੱਪੜੇ ਬਦਲਣੇ ਆਦਿ ਪੂਰੀਆਂ ਕਰਦੀ ਰਹਿੰਦੀ ਹੈ। ਥੋੜੀ ਹੋਰ ਸੁਰਤ ਸੰਭਲਣ ਬਾਅਦ ਉਸ ਨੂੰ ਖਿਡਾੳਣੇ ਦਿੱਤੇ ਜਾਂਦੇ ਹਨ, ਉਹ ਉਹਨਾਂ ਨਾਲ ਖੇਡਦਾ ਹੈ, ਖਿਡਾਉਣਿਆਂ ‘ਚ ਰੌਚਿਕਤਾ ਵਧਾਉਂਦਾ ਹੈ। ਜਿਉਂ ਜਿਉਂ ਹੋਰ ਵੱਡਾ ਹੁੰਦਾ ਹੈ ਤਾਂ ਹੋਰ ਖਿਡਾਉਣੇ ਮੰਗਦਾ ਹੈ; ਮਾਂ ਨਾਲ ਸਟੋਰਾਂ ‘ਚ ਜਾਣ ਲੱਗਦਾ ਹੈ ਤੇ ਜਿ਼ਦ ਕਰਦਾ ਹੈ ਕਿ ਮਾਂ ਮੈਂ ਆਹ ਲੈਣਾ ਹੈ ਔਹ ਲੈਣਾ ਹੈ, ਮਾਂ ਹੋੜਦੀ ਹੈ ੳਹ ਰੋਂਦਾ ਹੈ, ਜਿ਼ਦ ਕਰਦਾ ਹੈ, ਪਰ ਮਾਂ ਕੋਲ ਆਰਥਿਕ ਸਮਰੱਥਾ ਨਹੀਂ ਕਿ ਉਹ ਉਸ ਨੂੰ ਹਰ ਆਏ ਦਿਨ ਨਵੇਂ ਤੋਂ ਨਵੇਂ ਖੇਡ-ਖਿਡਾਉਣੇ ਲੈ ਲੈ ਦਿੰਦੀ ਰਹੇ। ਇਸ ਸਭ ਕੁੱਝ ਦੌਰਾਨ ਬੱਚਾ ਮਾਂ ਦੀਆਂ ਪਹਿਲੀਆਂ, ਮਾਂ ਦੇ ਪੇਟ ‘ਚ ਪਰਵਰਸ਼ ਤੋਂ ਲੈ ਕੇ ਜਨਮ ਲੈਣ ਬਾਅਦ ਤੱਕ ਦੀਆਂ ਉਸ ਦੀਆਂ ਪੂਰੀਆਂ ਕੀਤੀਆਂ ਲੋੜਾਂ ਭੁੱਲ ਕੇ ਸਿਰਫ ਨਵੀਆਂ ਤੋਂ ਨਵੀਆਂ ਖੇਡਾਂ ਨਾ ਮਿਲਣ ਕਾਰਨ ਮਾਂ ਨੂੰ ਚੰਗੀ ਨਹੀਂ ਸਮਝਦਾ ਅਤੇ ਕਈ ਵਾਰ ਗੁੱਸੇ ਨਾਲ ਨਫਰਤ ਭਰੇ ਲਫਜ਼ ਵੀ ਬੋਲ ਜਾਂਦਾ ਹੈ ਕਿਉਂਕਿ ਉਸ ਦੇ ਫੁਰਨੇ ਮੁਤਾਬਕ ਉਸ ਨੂੰ ਨਵੀਆਂ ਖੇਡਾਂ ਨਹੀਂ ਮਿਲਦੀਆਂ। ਇੱਥੋਂ ਹੀ ਗੱਲ ਵਿਗੜਦੀ ਹੈ। ਪਹਿਲਾਂ ਲੋੜੀਂਦੀਆਂ ਲੋੜਾਂ ਮੁਤਾਬਕ ਲੋੜਾਂ ਪੂਰੀਆਂ ਹੁੰਦੀਆਂ ਰਹੀਆਂ, ਫਿਰ ਲੋੜੀਂਦੀਆਂ ਲੋੜਾਂ ਨਾਲੋਂ ਵੱਧ ਲੋੜਾਂ ਨੂੰ ਜੱਫਾ ਮਾਰ ਲਿਆ, ਜਿਹਨਾਂ ਬਿਨਾ ਸਰ ਸਕਦਾ ਹੈ। ਰਿਸ਼ਤੇ ਦੀ ਮਹੱਤਤਾ ਨਾਲੋਂ ਲੋੜਾਂ ਦੀ ਮਹੱਤਤਾ ਨੂੰ ਤਰਜੀਹ ਇੱਥੇ ਭਾਰੂ ਹੈ।- ਬੱਚਾ ਵੱਡਾ ਹੁੰਦਾ ਹੈ, ਜੁਆਨੀ ‘ਚ ਪੈਰ ਧਰਦਾ, ਪਿਆਰ ਦੀਆਂ ਪੀਂਘਾਂ ਪਾਉਂਦਾ ਹੈ, ਜੇ ਉਹ ਸਿਰੇ ਚੜ੍ਹ ਜਾਣ ਤਾਂ ਖੁਸ਼ ਨਹੀਂ ਤਾਂ ਨਿਰਾਸ਼ਤਾ ਦਾ ਮੂੰਹ ਦੇਖਦਾ ਹੈ। ਇੱਥੇ ਵੀ ਲੋੜ ਪਿਆਰ ਦੀ ਹੈ ਤੇ ਪਿਆਰ ਲਈ ਹੀ ਰਿਸ਼ਤਾ ਬਣਾਉਂਦਾ ਹੈ। ਫਿਰ ਵਿਆਹ ਹੋ ਕੇ ਵਿਆਹੁਤਾ ਬੰਧਨ ‘ ਚ ਬੱਝਦਾ ਹੈ, ਵਿਅਹੁਤਾ ਜੀਵਨ ‘ਚ ਅਗਲੇ ਪੜਾ ਦੀਆਂ ਲੋੜਾਂ ਦੀ ਲੰਬੀ ਲਿਸਟ ਬਣਦੀ ਹੈ। ਹੁਣ ਜੇ ਦੋਵੇਂ ਜੀਅ ਧਰਤੀ ਤੇ ਪੈਰ ਰੱਖ ਕੇ ਆਪਣੇ ਵਿੱਤ ਤੇ ਸੀਮਤ ਸਾਧਨਾਂ ਮੁਤਾਬਕ, ਲੋੜਾਂ ਨੂੰ ਸੀਮਤ ਰੱਖ ਕੇ ਬਰਾਬਰ ਚਲਦੇ ਰਹਿਣ ਫਿਰ ਤਾਂ ਜੀਵਨ ਦੀ ਗੱਡੀ ਠੀਕ ਲੀਹ ਤੇ ਰਹੇਗੀ ਅਤੇ ਵਿਆਹੁਤਾ ਰਿਸ਼ਤਾ ਵੀ ਠੀਕ ਠਾਕ ਰਹੇਗਾ ਪਰ ਜੇ ਇੱਕ ਜਣਾ ਅਸਲੀਅਤ ਤੋਂ ਬਾਹਰ ਜਾ ਹਵਾ’ਚ ਉਡਾਰੀਆਂ ਮਾਰ, ਖਿਆਲੀ ਦੁਨੀਆਂ ‘ਚ ਉੱਡਣ ਲੱਗੇ ਤਾਂ ਰਿਸ਼ਤਿਆਂ ‘ਚ ਖਟਾਸ ਬਣਨੀ ਸ਼ੁਰੂ ਹੋ ਜਏਗੀ।

ਕੰਮ ਦੀ ਲੋੜ ਹੈ, ਉਸ ਲਈ ਵੀ ਅੱਗੇ ਨਵੇਂ ਸੰਪਰਕ, ਅਤੇ ਨਵੇਂ ਰਿਸ਼ਤੇ ਗੰਢਣ ਦੀ ਗੱਲ ਤੁਰਦੀ ਹੈ। ਜਿੱਥੇ ਕੰਮ ਕਰਦੇ ਹੋ ਉੱਥੇ ਤੁਹਾਡੇ ਨਾਲ ਕੰਮ ਕਰਨ ਵਾਲਿਆਂ ਨਾਲ ਵਿੱਤ ਮੁਤਾਬਕ ਪੂਰਨ ਸੰਤੁਲਨ ਬਣਾ ਕੇ ਚਲਣ ਲਈ ਵੀ ਸੂਝ ਅਨੁਸਾਰ ਰਿਸ਼ਤੇ ਬਣਾਉਣ ਅਤੇ ਗੰਢਣ ਦੀ ਲੋੜ ਹੈ ਤਾਂ ਕਿ ਤੁਹਾਡਾ ਮਾਣ ਸਤਿਕਾਰ ਵੀ ਬਣਿਆ ਰਹਿ ਸਕੇ ਅਤੇ ਤੁਸੀਂ ਆਪਣੇ ਨਾਲ ਦੇ ਸਾਥੀਆਂ ਦਾ ਵੀ ਉਹਨਾਂ ਨੂੰ ਬਣਦਾ ਬਰਾਬਰ ਦਾ ਥਾਂ ਦੇ ਸਕੋ

ਉੱਪਰ ਹੁਣ ਤੱਕ ਮੈਂ ਲੋੜਾਂ ਦੇ ਰਿਸ਼ਤਿਆਂ ਵਾਰੇ ਹੀ ਗੱਲ ਕੀਤੀ ਹੈ, ਪਰ ਇਹ ਸਾਰੀ ਲਿਖਤ ਅਧੂਰੀ ਰਹੇਗੀ ਜੇ ਮੈਂ  ਇੱਕ ਘਟਨਾ ਜਿਹੜੀ ਰਿਸ਼ਤਿਆਂ ਦੀਆਂ ਲੋੜਾਂ ਵਲ ਵੀ ਧਿਆਨ ਦੁਆਉਂਦੀ ਹੈ ਬਾਰੇ ਗੱਲ ਨਾ ਕਰਾਂ। ਜਿ਼ੰਦਗੀ ਦਾ ਉਹ ਪੱਖ ਵੀ ਅਹਿਮ ਹੈ ਜਦੋਂ ਲੋੜਾਂ ਦੇ ਰਿਸ਼ਤੇ ਨਹੀਂ ਸਗੋਂ ਰਿਸ਼ਤਿਆਂ ਦੀ ਲੋੜ ਦੀ ਮਹੱਤਤਾ ਸਮਝੀ ਜਾਣੀ ਚਾਹੀਦੀ ਹੈ, ਜਿਸ ਦਾ ਇੱਕ ਬਿਰਤਾਂਤ ਮੈਂ ਸਾਂਝਾ ਕਰਦਾਂ। ਭਾਰਤ ਦੀ ਅਜ਼ਾਦੀ ਤੋਂ ਬਾਅਦ ਮੇਰੇ ਮਾਮਾ ਜੀ ਹੋਰਾਂ, ਪੰਜਾਬ ਦੀ ਜ਼ਮੀਨ ਵੇਚ ਕੇ ਯੂ ਪੀ ਜਿਲਾ ਰਾਮਪੁਰ ਜ਼ਮੀਨ ਖ੍ਰੀਦ ਕੇ ਉਸ ਨੂੰ ਆਬਾਦ ਕਰ ਉੱਥੇ ਖੇਤੀ ਕਰਨ ਲੱਗੇ, ਪਰ ਪਿੱਛੇ ਪੰਜਾਬ ‘ਚ ਰਹਿੰਦੇ ਬਾਕੀ ਸਭ ਰਿਸ਼ਤੇਦਾਰਾਂ ਨਾਲ ਸਨੇਹ ਪਿਆਰ ਉਵੇਂ ਹੀ ਸੀ , ਸੋ ਉਹ ਹਰ ਮਹੀਨੇ-ਦੋ ਮਹੀਨਿਆਂ ਬਾਅਦ ਸਿਆਲਦਾ ਜਾਂ ਹਾਵੜਾ ਗੱਡੀ ਚੜ੍ਹ ਯੂ ਪੀ ਤੋਂ ਪੰਜਾਬ ਗੇੜਾ ਜਰੂਰ ਮਾਰਦੇ, ਸਭ ਰਿਸ਼ਤੇਦਾਰਾਂ ਨੂੰ ਮਿਲਦੇ ਗਿਲਦੇ ਤੇ ਮਗਰੋਂ ਸਾਡੇ ਕੋਲ ਇੱਕ ਜਾਂ ਦੋ ਰਾਤਾਂ ਰਹਿ ਵਾਪਸ ਯੂ ਪੀ ਮੁੜ ਜਾਂਦੇ। ਇਸੇ ਕਰਕੇ ਛੋਟੇ ਹੁੰਦਿਆਂ ਤੋਂ ਹੀ ਮੈਨੂੰ ਨਾਨਕੇ ਜਾਣ ਦਾ ਬਹੁਤ ਚਾਅ ਰਹਿੰਦਾ ਸੀ। ਇੱਕ ਵਾਰੀ ਮੇਰੇ ਨਾਨਕੀਂ ਜਾਣ ਦਾ ਭੂਤ ਸਿਰ ਤੇ ਐਸਾ ਸਵਾਰ ਹੋਇਆ ਕਿ ਮੈਂ ਜਿ਼ਦ ਕਰਨ ਲੱਗਾ ਕਿ ਮੈਂ ਤਾਂ ਯੂ ਪੀ ਨਾਨਕੇ ਜਰੂਰ ਜਾਣਾ ਹੈ। ਮੇਰੀ ਜਿ਼ਦ ਅਤੇ ਅੜੀ ਕਰਨ ਕਰਕੇ ਮੇਰੇ ਬੀਬੀ ਜੀ ਨੇ ਮੇਰੇ ਵੱਡੇ ਭਰਾ ਨੂੰ ਕਿਹਾ ਕਿ ਉਹ ਤਾਂ ਘਰ ਦਾ ਸਾਉਣੀ ਦੇ ਕੰਮ ਦਾ ਜੋ਼ਰ ਹੋਣ ਕਰਕੇ ਨਾਲ ਨਹੀਂ ਜਾ ਸਕਦੀ, ਤੂੰ ਜਾਹ ਹਰਮੰਦਰ ਸਿਹਾਂ ਇਸ ਨੂੰ ਲੁਧਿਆਣੇ ਹਾਵੜਾ ਮੇਲ ਗੱਡੀ ਚੜ੍ਹਾ ਆ। ਸੋ ਮੇਰਾ ਵੱਡਾ ਭਰਾ ਮੈਂਨੂੰ ਲੁਧਿਆਣੇ ਰੇਲਵੇ ਸਟੇਸ਼ਨ ਤੋਂ ਹਾਵੜਾ ਗੱਡੀ ਚੜ੍ਹਾ ਆਇਆ, ਉਦੋਂ ਮੈਂ ਦਸ ਸਾਲ ਦਾ ਸਾਂ; ਮੇਰੇ ਬੀਬੀ ਜੀ ਦੀਆਂ (ਮੇਰੀ ਮਾਂ) ਦਿੱਤੀਆਂ ਹਦਾਇਤਾਂ ਅਨਸਾਰ ਅੱਗੇ ਰਾਮਪੁਰ ਦੇ ਰੇਲਵੇ ਸਟੇਸ਼ਨ ਤੇ ਉੱਤਰ ਕੇ ਰਿਕਸ਼ੇ ਤੇ ਚੜ੍ਹ ਬੱਸ ਅੱਡੇ ਪੁੱਜ ਗਿਆ, ਤੇ ਉੱਥੋਂ ਨੈਨੀਤਾਲ ਵਾਲੀ ਬੱਸ ਚੜ੍ਹ ਬਿਲਾਸਪੁਰ ਜਾ ਉਤਰਿਆ। ਨੇੜੇ ਹੀ, ਜਿਵੇਂ ਬੀਬੀ ਜੀ ਨੇ ਦੱਸਿਆ ਹੋਇਆ ਸੀ, ਟਰੈਕਟਰ ਮੁਰੰਮਤ ਕਰਨ ਵਾਲੀ ਝੰਮਣ ਦੀ ਵਰਕਸ਼ਾਪ ਤੇ ਜਾ ਪੁੱਛਿਆ ਕਿ ਮੇਰੇ ਮਾਮਾ ਜੀ ਵੀ ਆਏ ਹਨ? ਉਸ ਦੱਸਿਆ ਕਿ ਉਹ ਤਾਂ ਨਹੀਂ ਆਏ ਪਰ ਤੁਹਾਡਾ ਇੱਕ ਹੋਰ ਸਬੰਧੀ ਆਇਆ ਹੋਇਆ ਹੈ, ਸੋ ਉਸ ਦੇ ਸਾਈਕਲ ਮਗਰ ਬੈਠ ਕੇ ਤਿੰਨ ਕੁ ਮੀਲ ਦੀ ਦੂਰੀ ਤੇ ਅਨਵਰੀਆ ਫਾਰਮ, ਨਾਨਕੇ ਘਰ ਜਾ ਪਹੁੰਚਿਆ। ਮੇਰੇ ਨਾਨੀ ਜੀ ਨੂੰ ਜਦੋਂ ਮੈਂ ਦੱਸਿਆ ਕਿ ਮੈਂ ਦੋ ਸੌ ਮੀਲ ਦਾ ਪੰਜਾਬ ਤੋਂ ਗੱਡੀ ਦਾ ਸਫਰ ਕਰਕੇ ਇਕੱਲਾ ਹੀ ਯੂ ਪੀ ਆਇਆ ਹਾਂ, ਤਾਂ ਉਸ ਨੇ ਦੋ ਦਿਨ ਮੇਰਾ ਸੱਚ ਨਾ ਮੰਨਿਆ, ਆਖੀ ਜਾਏ ਕਿ ਤੂੰ ਇਕੱਲਾ ਤਾਂ ਆ ਹੀ ਨਹੀਂ ਸਕਦਾ; ਕਹੇ ਕਿ ਬੀਬੀ (ਮੇਰੀ ਮਾਂ) ਦੂਸਰੇ ਮਾਮੇ ਕੋਲ ਸ਼ਮਸ਼ਾਬਾਦ ਅਟਕ ਗਈ ਹੋਊ। ਟੈਲੀਫੋਨ ਦੀ ਸੁਵਿਧਾ ਉਦੋਂ ਹੁੰਦੀ ਨਹੀਂ ਸੀ, ਪਰ ਚਿੱਠੀ ਭਾਰਤ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੀਸਰੇ ਦਿਨ ਪੁੱਜਦੀ ਹੋ ਜਾਂਦੀ ਸੀ। ਨਾਨਕਿਆਂ ਤੋਂ ਮਿਲਦੇ ਰਹੇ ਪਿਆਰ ਅਤੇ ਮਾਂ ਦੀਆਂ ਮੇਰੇ ਮਾਮਿਆਂ ਅਤੇ ਮਾਮੀਆਂ ਪ੍ਰਤੀ ਸਨੇਹ ਪਿਆਰ ਦੀਆਂ ਗੱਲਾਂ ਮੇਰੇ ਅੰਦਰ ਘਰ ਕਰ ਚੁੱਕੀਆਂ ਸਨ ਜਿਹੜੀਆਂ ਪਿਆਰ ਦੀ ਧੂਹ ਪਾਊਂਦੀਆਂ ਮੈਨੂੰ ਯੂ ਪੀ ਲੈ ਗਈਆਂ। ਕੈਨੇਡਾ ਆੳਣ ਤੱਕ ਸਾਲ ‘ਚ ਮਹੀਨਾ ਮਹੀਨਾ ਉੱਥੇ ਰਹਿਣਾ ਮੈਂਨੂੰ ਬਹੁਤ ਖੁਸ਼ੀ ਦਿੰਦਾ ਸੀ, ਜਿਸ ਦੀ ਯਾਦ ਆ ਹਾਲੇ ਵੀ ਮੈਨੂੰ ਨਾਨਕਿਆਂ ਤੋਂ ਮਿਲੇ ਪਿਆਰ ਦਾ ਨਿੱਘ ਇੱਕ ਅਦੁੱਤੀ ਸਕੂਨ ਦਿੰਦਾ ਹੈ।

ਅੱਜ ਅਸੀਂ ਰਿਸ਼ਤੇ ਲੋੜਾਂ ਦੇ ਬਣਾ ਕੇ ਰੱਖ ਦਿੱਤੇ ਹਨ, ਇਸ ਗੱਲ ਵੱਲ ਧਿਆਨ ਕਰਨਾ ਚਾਹੀਦਾ ਹੈ ਕਿ ਰਿਸ਼ਤਿਆਂ ਦੀਆਂ ਸਾਂਝ ਪਿਆਰ ਦੀਆਂ ਲੋੜਾਂ, ਖੁਦਗਰਜ ਲੋੜਾਂ ਦੇ ਰਿਸ਼ਤਿਆਂ ਨਾਲੋ ਵੱਧ ਮਹੱਤਵਪੂਰਨ ਹਨ; ਤੇ ਰਿਸ਼ਤਿਆਂ ਨੂੰ ਸਿਰਫ ਆਪਣੀਆਂ ਲੋੜਾਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਰਿਸ਼ਤੇ ਦੇ ਬੂਟੇ ਨੂੰ ਮੇਲ ਮਿਲਾਪ ਰੂਪੀ ਪਾਣੀ ਨਾਲ ਸਿੰਜਦੇ ਰਹਿਣਾ ਚਾਹੀਦਾ ਹੈ ਤਾਂ ਕਿ ਇਹ ਹਰਿਆ ਭਰਿਆ ਤੇ ਟਹਿਕਦਾ ਰਹਿ ਸਕੇ।

 

-0-