Headlines

ਦਿੱਲੀ ਪੁਲਿਸ ਵਿਦੇਸ਼ਾਂ ਵਿਚ ਪੜਦੇ ਸਿੱਖ ਬੱਚਿਆਂ ਦੇ ਮਾਪਿਆਂ ਨੂੰ ਕਰ ਰਹੀ ਹੈ ਪ੍ਰੇਸ਼ਾਨ-ਮਨਜੀਤ ਸਿੰਘ ਜੀਕੇ

ਨਵੀ ਦਿੱਲੀ ( ਦਿਓਲ)- ਰਾਜਧਾਨੀ ਦਿੱਲੀ ਨਾਲ ਸਬੰਧਿਤ ਸਿੱਖ ਵਿਦਿਆਰਥੀ ਜੋ ਵਿਦੇਸ਼ਾਂ ਵਿਚ ਉਚ ਵਿਦਿਆ ਪ੍ਰਾਪਤ ਕਰਨ ਲਈ ਗਏ ਹੋਏ ਹਨ, ਦੇ ਮਾਪਿਆਂ ਤੋ ਬੱਚਿਆਂ ਬਾਰੇ ਦਿੱਲੀ ਪੁਲਿਸ ਵਲੋ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਮੁਖੀ ਸ ਮਨਜੀਤ ਸਿੰਘ ਜੀਕੇ ਨੇ ਦੱਸਿਆ ਹੈ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਦਿੱਲੀ ਵੈਸਟ ਦੀ ਪੁਲਿਸ ਵਲੋਂ ਕੌਮਾਂਤਰੀ ਸਿੱਖ ਵਿਦਿਆਰਥੀਆਂ ਦੇ ਘਰਾਂ ਵਿਚ ਜਾਕੇ ਉਹਨਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਜਿਸ ਕਾਰਣ ਬੱਚਿਆਂ ਦੇ ਮਾਪਿਆਂ ਵਿਚ ਡਰ ਅਤੇ ਭੈਅ ਦਾ ਮਾਹੋਲ ਪਾਇਆ ਜਾ ਰਿਹਾ ਹੈ। ਪੁਲਿਸ ਦੀ ਇਕ ਕਾਰਵਾਈ ਦਾ ਸ ਮਨਜੀਤ ਸਿੰਘ ਨੇ ਤਿੱਖਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਰਵਾਈ ਸਿੱਖ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਹੈ। ਉਹਨਾਂ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਲਿਖਦਿਆਂ ਪੁਲਿਸ ਦੀ ਇਸ ਕਾਰਵਾਈ ਉਪਰ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸੇ ਦੌਰਾਨ ਉਹਨਾਂ ਨੇ   ਡੀ ਸੀ ਪੀ ਵੈਸਟ  ਨਾਲ ਮੁਲਾਕਾਤ ਕੀਤੀ ਹੈ ਤੇ ਇਕ ਮੰਗ ਪੱਤਰ ਵੀ ਦਿੱਤਾ। ਜਿ਼ਕਰਯੋਗ ਹੈ ਕਿ ਪਿਛਲੀ ਦਿਨੀਂ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦੇ ਦੋ ਗਰੁੱਪਾਂ ਵਿਚਾਲੇ ਟਕਰਾਅ ਅਤੇ ਮੰਦਿਰਾਂ ਦੀਆਂ ਦੀਵਾਰਾਂ ਉਪਰ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਉਪਰੰਤ ਪੁਲਿਸ ਵਲੋ ਸਿੱਖ ਵਿਦਿਆਰਥੀਆਂ ਦੀਆਂ ਸੂਚੀਆਂ ਬਣਾਏ ਜਾਣ ਦੀਆਂ ਚਰਚਾਵਾਂ ਹਨ।