Headlines

ਪੰਜਾਬ ਸਰਕਾਰ ਨੂੰ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਾਉਣ ਦੀ ਚੁਣੌਤੀ

ਪ੍ਰੋ ਸਰਚਾਂਦ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ  ਸ਼ਰਾਬ ਨੀਤੀ ਖਿਲਾਫ ਰੋਸ ਮੁਜ਼ਾਹਰਾ-
ਅੰਮ੍ਰਿਤਸਰ 3 ਮਾਰਚ ( ਨਈਅਰ  ) -ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੀ ’ਆਪ’ ਸਰਕਾਰ ਨੂੰ ਆਪਣੀ ਆਬਕਾਰੀ ਨੀਤੀ ਦੀ ਸੀਬੀਆਈ ਜਾਂਚ ਕਰਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਸ਼ਰਾਬ ਘੋਟਾਲੇ ’ਚ ਮਨੀਸ਼ ਸਿਸੋਦੀਆ ਦੇ ਅਸਤੀਫੇ ਤੋਂ ਬਾਅਦ ਦਿੱਲੀ ਸਰਕਾਰ ਦੇ ਮੁਖੀ ਵਜੋਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਤਾ ਵਿਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਲਿਹਾਜ਼ਾ ਉਨ੍ਹਾਂ ਨੂੰ ਆਪਣੇ ਸਾਰੇ ਅਹੁਦਿਆਂ ਤੋਂ ਆਪ ਹੀ ਫਾਰਗ ਹੋ ਜਾਣਾ ਚਾਹੀਦਾ ਹੈ।
ਪ੍ਰੋ: ਸਰਚਾਂਦ ਸਿੰਘ ਅੱਜ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਖ਼ਿਲਾਫ਼ ਭਾਜਪਾ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਵਾਲੇ ਫਵਦ ਵਿਚ ਸ਼ਾਮਿਲ ਹੋਣ ਆਏ ਸਨ, ਨੇ ਸੀਬੀਆਈ ਨੂੰ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਵਜੋਂ ਇਸ ਸਭ ਕਾਸੇ ਲਈ ਜ਼ਿੰਮੇਵਾਰ ਹਨ, ਇਸ ਲਈ ਉਨ੍ਹਾਂ ਨੂੰ ਆਬਕਾਰੀ ਨੀਤੀ ’ਚ ਕਥਿਤ ‘ਘਪਲੇ’ ਦੇ ‘ਮਾਸਟਰਮਾਈਂਡ’ ਅਤੇ ਮੁੱਖ ਸਰਗਨਾ ਵਜੋਂ ਹੱਥ ਪਾ ਲੈਣਾ ਚਾਹੀਦਾ ਹੈ।
ਉਨਾਂ ਕਿਹਾ ਕਿ ਸਿਸੋਦੀਆ ਦੀ ਠੋਸ ਸਬੂਤਾਂ ਤਹਿਤ ਗ੍ਰਿਫ਼ਤਾਰੀ ਤੋਂ ਬਾਅਦ ਸ਼ਰਾਬ ਘੋਟਾਲੇ ਬਾਰੇ ਜਿਵੇਂ ਖ਼ੁਲਾਸੇ ਹੋ ਕੇ ਪਰਤਾਂ ਖੁੱਲ ਰਹੀਆਂ ਹਨ, ਪੰਜਾਬ ਦੀ ਆਬਕਾਰੀ ਨੀਤੀ ਵੀ ਦਿਲੀ ਦੀ ਤਰਜ਼ ’ਤੇ ਹੋਣ ਨਾਲ ਸੀਬੀਆਈ ਅਤੇ ਈਡੀ ਨੂੰ ਇੱਥੋਂ ਦੀ ਸਥਿਤੀ ’ਤੇ ਤੁਰੰਤ ਫੋਕਸ ਕਰਨ ਦੀ ਲੋੜ ਹੈ। ਕਿਉਂਕਿ ਪੰਜਾਬ ਵਿਚ ਤਾਂ ਇਹ ਘੋਟਾਲਾ ਦਿੱਲੀ ਤੋਂ ਕਿਤੇ ਵੱਡਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਬੇਹੱਦ ਗੁਪਤ ਤਰੀਕੇ ਨਾਲ ਸ਼ਿਸੋਦੀਆ ਵੱਲੋਂ ਰਚੀ ਗਈ ਘਪਲੇ ਦੀ ਸਾਜ਼ਿਸ਼ੀ ਸ਼ਰਾਬ ਨੀਤੀ ਨਾਲ ਤਾਂ ਥੋਕ ਵਪਾਰੀਆਂ ਨੂੰ 12 ਫੀਸਦੀ ਦਾ ਭਾਰੀ ਮੁਨਾਫਾ ਹੋਇਆ, ਜਿਸ ਵਿਚੋਂ ਅੱਧਾ ਕਮਿਸ਼ਨ ਨਕਦੀ ਰੂਪ ਵਿਚ ’ਆਪ’ ਦੇ ਖਾਤੇ ਪੈਣ ਦੀ ਗਲ ਸਾਹਮਣੇ ਆਈ ਹੈ, ਪਰ ਪੰਜਾਬ ’ਚ ਤਾਂ ਇਸ ਤਰਾਂ ਦੀ 12 ਫੀਸਦੀ ਕਮਿਸ਼ਨ ਵਿਚੋਂ 10 ਫ਼ੀਸਦੀ ’ਆਪ’ ਦੇ ਖਾਤੇ ਪੈਣ ਦੇ ਖ਼ੂਬ ਚਰਚੇ ਹਨ। ਜਿਸ ਬਾਰੇ ਸੰਜੀਦਗੀ ਨਾਲ ਪੜਤਾਲ ਕਰ ਕੇ ਸੱਚ ਦਾ ਪਤਾ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਮੰਤਰੀ ’ਨਿਰਦੋਸ਼’ ਨਹੀਂ ਹਨ, ਜਿਸ ਕਾਰਨ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਦਿੱਤੀ, ਫਿਰ ਵੀ ਕੇਜਰੀਵਾਲ ਵੱਲੋਂ ਆਪਣੇ ਚਹੇਤਿਆਂ ਪ੍ਰਤੀ ’ਨਿਰਦੋਸ਼’ ਹੋਣ ਦਾ ਗੁਮਰਾਹਕੁਨ ਪ੍ਰਚਾਰ ਕਰਦਿਆਂ ਅਦਾਲਤ ਅਤੇ ਸੰਵਿਧਾਨ ਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।
ਪ੍ਰੋ: ਸਰਚਾਂਦ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿੰਨੀ ਵਿਡੰਬਣਾ ਹੈ ਕਿ ਭਾਰਤੀ ਸਿਆਸਤ ਵਿਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਦੇ ਨਾਂ ’ਤੇ ਅੰਨ੍ਹਾ ਹਜਾਰੇ ਅੰਦੋਲਨ ਦੇ ਕੁੱਖ ’ਚੋਂ ਪੈਦਾ ਹੋਈ ਪਾਰਟੀ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਸ ਦਾ ਬਹੁਤ ਜਲਦੀ ਇਹ ਹਸ਼ਰ ਹੋ ਜਾਵੇਗਾ ਅਤੇ ਕ੍ਰਾਂਤੀਕਾਰੀ ਅਤੇ ਇਨਕਲਾਬ ਦਾ ਹੋਕਾ ਦੇਣ ਵਾਲੇ ਭ੍ਰਿਸ਼ਟਾਚਾਰ ਦੇ ਕੇਸਾਂ ’ਚ ਇਕ ਤੋਂ ਬਾਅਦ ਇਕ ਵਾਰੀ ਨਾਲ ਜੇਲ੍ਹਾਂ ਵਿਚ ਜਾਣਗੇ।
ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਜਿਨ੍ਹਾਂ ਦੇ ਭ੍ਰਿਸ਼ਟ ਚਿਹਰੇ ਇਕ ਇਕ ਕਰਕੇ ਬੇਨਕਾਬ ਹੋ ਰਹੇ ਹਨ, ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਅਤੇ ਡਾ. ਬੀ ਆਰ ਅੰਬੇਦਕਰ ਦੇ ਵਾਰਸ ਕਹਾਉਣ ਦਾ ਕੋਈ ਹੱਕ ਨਹੀਂ । ਉਨ੍ਹਾਂ ਕਿਹਾ ਕੇਜਰੀਵਾਲ ਬੇਸ਼ੱਕ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ’ਸਿਆਸੀ ਦਬਾਅ’ ਕਹਿ ਰਹੇ ਹੋਣ ਜਾਂ ਦਿੱਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਫੋਕੇ ਦਾਅਵਿਆਂ ਅਤੇ ਜਜ਼ਬਾਤੀ ਜੁੰਮਲਿਆਂ ਨਾਲ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹੋਣ, ਪਰ ਊਨਾਂ ਦਾ ਪੀੜਤ ਕਾਰਡ ਹੁਣ ਨਹੀਂ ਚੱਲੇਗਾ ਕਿਉਂਕਿ ਲੋਕ ਹੁਣ ਸਭ ਕੁਝ ਸਮਝ ਰਹੇ ਹਨ। ਉਨ੍ਹਾਂ ਪੰਜਾਬ ਦੀ ਆਬਕਾਰੀ ਨੀਤੀ ਦੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੀ ਨੀਤੀ ਵੀ ਸਿਸੋਦੀਆ ਅਤੇ ਉਨਾਂ ਦੀ ਟੀਮ ਵੱਲੋਂ ਤਿਆਰ ਕੀਤੀ ਗਈ ਹੈ, ਇਸ ਲਈ ਦਿੱਲੀ ਦੇ ਘਪਲੇ ਦੇ ਨਸ਼ਰ ਹੋਣ ਨਾਲ ਹੁਣ ਪੰਜਾਬ ਦੀ ਨੀਤੀ ’ਤੇ ਵੀ ਸੀਬੀਆਈ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਨੀਤੀ ਤੋਂ ਨਾਖ਼ੁਸ਼ ਕਈ ਸ਼ਰਾਬ ਕਾਰੋਬਾਰੀਆਂ ਨੇ ਸੂਬਾ ਸਰਕਾਰ ’ਤੇ ਵੱਡੇ ਖਿਡਾਰੀਆਂ ਦੇ ਪਖ ਵਿਚ ਨੀਤੀ ਬਣਾ ਕੇ ਸ਼ਰਾਬ ਦੇ ਕਾਰੋਬਾਰ ‘ਤੇ ਅਜਾਰੇਦਾਰੀ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਨਵੀਂ ਦਿੱਲੀ ਵਿੱਚ ਸ਼ਰਾਬ ਦੇ ਕਾਰੋਬਾਰ ਨੂੰ ਕੰਟਰੋਲ ਕਰਨ ਵਾਲੇ ਦੋ ਸ਼ਰਾਬ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਵੀ ਕਥਿਤ ਤੌਰ ’ਤੇ ਠੇਕੇ ਦਿੱਤੇ ਜਾਣ ਦੇ ਵੀ ਦੋਸ਼ ਲਾਏ ਗਏ ਹਨ। ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਆਪਣੀ ਵੈੱਬਸਾਈਟ ‘ਤੇ ਅੱਪਲੋਡ ਕੀਤੇ ਗਏ ਲਾਇਸੈਂਸ ਨਵਿਆਉਣ ਦੇ ਫਾਰਮ ਨੂੰ ਹਟਾ ਦੇਣਾ ਵੀ ਘੋਟਾਲੇ ਦੇ ਸ਼ੱਕ ਨੂੰ ਮਜ਼ਬੂਤ ਕਰਦਾ ਹੈ। ਦਿੱਲੀ ਸ਼ਰਾਬ ਘੋਟਾਲੇ ਨਾਲ ਮਨੀ ਲਾਂਡਰਿੰਗ ਦਾ ਮਾਮਲਾ ਵੀ ਜੁੜ ਚੁੱਕਿਆ ਹੈ। ਸ਼ਰਾਬ ਮਾਫ਼ੀਆ ਨਾਲ ਮਿਲੀਭੁਗਤ ਕਰਕੇ ਸਰਕਾਰੀ ਖ਼ਜ਼ਾਨੇ ਦੀ ਵੱਡੀ ਲੁੱਟ ਹੋਣ ਦਾ ਡਰ ਹੈ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਚ ਕੇਜਰੀਵਾਲ ਨੂੰ ਉਭਾਰਨ ਅਤੇ ‘ਆਪ’ ਦੀ ਚੋਣ ਮੁਹਿੰਮ ’ਤੇ ਖ਼ਰਚੇ ਗਏ ਫ਼ੰਡਾਂ ਪ੍ਰਤੀ ਜਾਂਚ ਕਰਨ ਅਤੇ ਉਸ ਸਮੇਂ ’ਆਪ’ ਨੂੰ ਸਪਾਂਸਰ ਕਰਨ ਵਾਲੇ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਪ੍ਰਤੀ ਵੀ ਜਾਂਚ ਦਾ ਘੇਰਾ ਵਧਾਉਣ ਦੀ ਮੰਗ ਕੀਤੀ।
ਇਸ ਮੌਕੇ ਹੁਸੈਨਪੁਰਾ ਮੰਡਲ ਦੇ ਪ੍ਰਧਾਨ ਵਰਿੰਦਰ ਸਿੰਘ ਸਵੀਟੀ, ਅਨੁਜ ਸਿੱਕਾ, ਜਗਮੋਹਨ ਸਿੰਘ ਦੂਆ ਲਾਇਨ ਕਲੱਬ, ਸਲਿਲ ਕਪੂਰ, ਬਲਦੇਵ ਰਾਜ ਬੱਗਾ, ਮੋਹਿਤ ਮਹਾਜਨ, ਰਿੰਕੂ ਖੰਡਵਾਲਾ ਅਤੇ ਰਮਨ ਰਾਠੌਰ ਵੀ ਮੌਜੂਦ ਸਨ।
ਕੈਪਸ਼ਨ : ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪ੍ਰੋ. ਸਰਚਾਂਦ ਸਿੰਘ, ਵਰਿੰਦਰ ਸਿੰਘ ਸਵੀਟੀ, ਅਨੁਜ ਸਿੱਕਾ ਅਤੇ ਹੋਰ।