Headlines

ਬੱਬਰ ਅਕਾਲੀ ਲਹਿਰ ਅਤੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾਂਜ਼ਲੀ ਸਮਾਰੋਹ 25 ਮਾਰਚ ਨੂੰ

ਸਰੀ ( ਪਰਮਿੰਦਰ ਸਵੈਚ)-ਬੱਬਰ ਅਕਾਲੀਆਂ ਦੀ 100ਵੀਂ ਵਰ੍ਹੇ ਗੰਢ ਤੇ ਇਸ ਲਹਿਰ ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਦਵਾਨ ਇਤਿਹਾਸ ਦੇ ਇਹਨਾਂ ਸੁਨਹਿਰੀ ਪੰਨਿਆਂ ਨੂੰ ਫਰੋਲ਼ਦੇ ਹੋਏ ਸਰੋਤਿਆਂ ਨਾਲ ਵਿਚਾਰ ਵਟਾਂਦਰੇ ਕਰਨਗੇ। ਉਥੇ ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਬੱਬਰ ਅਕਾਲੀਆਂ ਦੀ ਅਮਰ ਗਾਥਾ’ ਦਾ ਲੋਕ ਅਰਪਣ ਵੀ ਕੀਤਾ ਜਾਵੇਗਾ। ਇਸ ਪੁਸਤਕ ਵਿੱਚ ਉਹਨਾਂ ਸੂਰਬੀਰ ਦੇਸ਼ ਭਗਤ ਯੋਧਿਆਂ ਦੀ ਗਾਥਾ ਹੈ, ਜਿਨ੍ਹਾਂ ਨੇ ਨਾ ਸਿਰਫ਼ ਅੰਗਰੇਜ਼ ਬਸਤੀਵਾਦੀਆਂ ਦੇ ਪਾਲਤੂ ਮਹੰਤਾਂ ਤੋਂ ਗੁਰਦਵਾਰੇ ਮੁਕਤ ਕਰਾਉਣ ਲਈ ਘੋਲ ਲੜਿਆ ਸਗੋਂ ਮਹੰਤਾਂ ਦੇ ਰਖਵਾਲੇ ਅੰਗਰੇਜ਼ ਸਾਮਰਾਜ ਵਿਰੁੱਧ ਵੀ ਬਗ਼ਾਵਤ ਦਾ ਝੰਡਾ ਬੁਲੰਦ ਕੀਤਾ। ਗ਼ਦਰ ਪਾਰਟੀ ਦੀਆਂ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਉਸੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਬੱਬਰਾਂ ਨੇ ਪੰਜਾਬ ਦੇ ਦੁਆਬੇ ਏਰੀਏ ਦੇ ਜ਼ਿਲਿਆਂ ਵਿੱਚ ਅੰਗਰੇਜ਼ ਸਾਮਰਾਜ ਤੇ ਉਨ੍ਹਾਂ ਦੇ ਅੱਖਾਂ ਤੇ ਕੰਨ ਸਮਝੇ ਜਾਂਦੇ ਪੇਂਡੂ ਇਲਾਕੇ ਵਿੱਚ ਵਸਦੇ ਜਸੂਸਾਂ ਤੇ ਗ਼ਦਾਰਾਂ ਨੂੰ ਵੀ ਭਾਜੜਾਂ ਪਾ ਦਿੱਤੀਆਂ। ਭਾਵੇਂ ਅੰਗਰੇਜ਼ ਬਸਤੀਵਾਦੀ ਆਪਣੇ ਜਾਸੂਸਾਂ ਦੀ ਮੱਦਦ ਤੇ ਬੇਤਹਾਸ਼ਾ ਤਸ਼ੱਦਦ ਨਾਲ ਇਸ ਲਹਿਰ ਨੂੰ ਦਬਾਉਣ ਵਿੱਚ ਕਾਮਯਾਬ ਹੋ ਗਏ, ਪਰ ਬੱਬਰਾਂ ਵਲੋਂ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਹਮੇਸ਼ਾਂ ਯਾਦ ਰੱਖਿਆ ਜਾਵੇਗਾ। 23 ਮਾਰਚ ਦੇ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਕੁਰਬਾਨੀ ਨੂੰ ਵੀ ਯਾਦ ਕੀਤਾ ਜਾਵੇਗਾ ਅਤੇ ਸ਼ਰਧਾਂਜ਼ਲੀਆਂ ਦਿੱਤੀਆਂ ਜਾਣਗੀਆਂ।
ਈਸਟ ਇੰਡੀਅਨ ਡੀਫੈਂਸ ਕਮੇਟੀ ਵਲੋਂ ਬੱਬਰ ਅਕਾਲੀ ਲਹਿਰ ਦੀ 100ਵੀਂ ਵਰ੍ਹੇ ਗੰਢ ਨੂੰ ਯਾਦ ਕਰਦਿਆਂ 25 ਮਾਰਚ. 2023 ਨੂੰ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਬਾਅਦ ਦੁਪਹਿਰ 2 ਵਜੇ, ਯੂਨਿਟ 126, 7536-130 ਸਟਰੀਟ ਸਰ੍ਹੀ (ਬ੍ਰਿਟਿਸ਼ ਕਲੰਬੀਆ) ਤੇ ਅਯੋਜਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਸਾਰੇ ਲੋਕਾਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ:-ਇਕਬਾਲ ਪੁਰੇਵਾਲ-604 720 1652