Headlines

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਗੁਰੂਤਾ ਗੱਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਵਾਤਾਵਰਨ ਦਿਵਸ ਨਾਲ ਸਬੰਧਤ ਵਿਦਿਆਰਥੀਆਂ ਦੇ ਕਰਵਾਏ ਗਏ ਵੱਖ-ਵੱਖ ਮੁਕਾਬਲੇ-
ਰਾਕੇਸ਼ ਨਈਅਰ ‘ਚੋਹਲਾ’
ਅੰਮ੍ਰਿਤਸਰ,13 ਮਾਰਚ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਰਾਇ ਜੀ ਦੇ ਗੁਰੂਤਾ ਗੱਦੀ ਦਿਵਸ ਨੂੰ  ਵਾਤਾਵਰਨ ਦਿਵਸ ਦੇ ਤੌਰ ‘ਤੇ ਮਨਾਉਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜਥੇਦਾਰ ਰਜਿੰਦਰ  ਸਿੰਘ ਮਹਿਤਾ ਮੈਂਬਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਮੁਕੇਸ਼ ਅਗਰਵਾਲ ਮੈਂਬਰ ਹਰਿਆਵਲ ਪੰਜਾਬ  ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਬੂਟੇ ਦੇ ਕੇ ਸ਼ਬਦੀ ਜੀ ਆਇਆ ਕਿਹਾ।ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਨੇ  ਵਾਤਾਵਰਨ ਦਿਵਸ ਨੂੰ ਸਮਰਪਿਤ ਖ਼ੂਬਸੂਰਤ ਮਾਡਲ ਬਣਾ ਕੇ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਅਤ ਰੱਖਣ ਦੀ ਪ੍ਰੇਰਨਾ ਦਿੱਤੀ। ਇਸ ਤੋਂ ਇਲਾਵਾ ਕਾਲਜ ਵਿਦਿਆਰਥੀਆਂ ਵਿਚ ਵਿਭਾਗ ਵਾਈਜ ਵਾਤਾਵਰਨ ਵਿਸ਼ੇ ਨਾਲ ਸਬੰਧਤ ਚਾਰਟ ਮੇਕਿੰਗ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ  ਨੇ ਵਾਤਾਵਰਨ ਦਿਵਸ ‘ਤੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਅੱਜ ਦੇ ਯੁੱਗ ਵਿੱਚ ਵਾਤਾਵਰਨ ਦੀ ਸੰਭਾਲ਼ ਲਈ ਅਤੇ ਵਾਤਾਵਰਨ ਸੰਭਾਲ਼ਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਜੇ ਅਸੀਂ ਆਪਣੇ ਵਾਤਾਵਰਨ ਨੂੰ ਸੰਭਾਲ਼ਣ ਲਈ ਉਪਰਾਲੇ ਨਹੀਂ ਕਰਾਂਗੇ ਤਾਂ ਸਾਨੂੰ ਆਉਣ ਵਾਲੇ ਸਮੇਂ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ੍ਰੀ ਗੁਰੂ ਹਰਿ ਰਾਏ ਜੀ ਕੁਦਰਤ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਆਪਣੇ ਬਾਗ ਵਿੱਚ ਹਰ ਤਰ੍ਹਾਂ ਦੇ ਸੁੰਦਰ ਬੂਟੇ ਲਗਾਏ ਸਨ ਅਤੇ ਆਪ ਉਨ੍ਹਾਂ ਦੀ ਦੇਖ-ਭਾਲ ਕਰਦੇ ਸਨ।ਉਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਇੱਕ ਦਵਾਖ਼ਾਨਾ ਵੀ ਖੋਲਿਆ ਸੀ,ਜਿਸ ਵਿੱਚ ਉਹ ਆਪਣੇ ਹੱਥੀ ਤਿਆਰ ਕੀਤੀਆਂ ਦਵਾਈਆਂ ਨਾਲ ਲੋਕਾਂ ਦਾ ਇਲਾਜ ਕਰਦੇ ਸਨ।ਕੁਦਰਤ ਨਾਲ ਏਨਾ ਪਿਆਰ ਹੋਣ ਕਰਕੇ ਹੀ ਅੱਜ ਸਮੁੱਚਾ ਸਿੱਖ ਜਗਤ ਉਨ੍ਹਾਂ ਦੇ ਗੁਰੂਤਾ ਗੱਦੀ ਦਿਵਸ ਨੂੰ ਵਾਤਾਵਰਨ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ।ਉਨ੍ਹਾਂ ਵੱਲੋਂ ਕਾਲਜ ਪ੍ਰਿੰਸੀਪਲ ਤੇ ਸਮੂਹ ਸਟਾਫ਼ ਨੂੰ ਗੁਰੂ ਹਰਿ ਰਾਏ ਜੀ ਦੇ ਦਿਵਸ ਨੂੰ ਵਾਤਾਵਰਨ ਦਿਵਸ ਵਜੋਂ ਮਨਾਉਣ ‘ਤੇ ਵਧਾਈ ਦਿੱਤੀ ਗਈ।ਇਸ ਮੌਕੇ ਸ਼੍ਰੀ ਮੁਕੇਸ਼ ਅਗਰਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਸਾਨੂੰ ਬੂਟੇ ਲਗਾ ਕੇ  ਵਾਤਾਵਰਣ ਨੂੰ ਸ਼ੁੱਧ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।ਮੀਂਹ ਦੇ ਪਾਣੀ ਨੂੰ ਵੀ ਇਕੱਠਾ ਕਰਕੇ ਸ਼ੁੱਧ ਕਰਕੇ ਵਰਤੋਂ ਯੋਗ ਬਣਾਉਣਾ ਚਾਹੀਦਾ ਹੈ।ਇਸ ਮੌਕੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਜਥੇਦਾਰ ਰਜਿੰਦਰ ਸਿੰਘ ਮਹਿਤਾ ਨੇ ਕਾਲਜ ਕੈਂਪਸ ਵਿੱਚ ਬੂਟੇ ਵੀ ਲਗਾਏ।ਸਟੇਜ ਸਕੱਤਰ ਦੀ ਭੂਮਿਕਾ ਡਾ.ਗੁਰਜੰਟ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜਰ ਸੀ।
ਫੋਟੋ ਕੈਪਸ਼ਨ: ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਡਾ.ਕੁਲਵਿੰਦਰ ਸਿੰਘ।(ਫੋਟੋ: ਨਈਅਰ ਪੱਤਰਕਾਰ,ਚੋਹਲਾ ਸਾਹਿਬ)