Headlines

ਐਡਮਿੰਟਨ ਦੇ ਇਕ ਅਪਾਰਟਮੈਂਟ ਵਿਚ ਗੋਲੀਬਾਰੀ ਦੌਰਾਨ ਦੋ ਪੁਲਿਸ ਅਫਸਰ ਮਾਰੇ ਗਏ

ਸ਼ੱਕੀ 16 ਸਾਲਾ ਲੜਕਾ ਵੀ ਮਾਰਿਆ ਗਿਆ-

ਐਡਮਿੰਟਨ ( ਗੁਰਪ੍ਰੀਤ ਸਿੰਘ)- ਐ਼ਡਮਿੰਟਨ ਸ਼ਹਿਰ ਦੀ ਇਕ ਅਪਾਰਟਮੈਂਟ ਬਿਲਡਿੰਗ ਵਿਚ ਵਾਪਰੀ ਇਕ ਦੁਖਦਾਈ ਘਟਨਾ ਦੌਰਾਨ ਐਡਮਿੰਟਨ ਪੁਲਿਸ ਦੇ ਦੋ ਆਫੀਸਰ ਮਾਰੇ ਗਏ। ਇਹ ਘਟਨਾ ਵੀਰਵਾਰ ਤੜਕੇ ਵਾਪਰੀ ਜਦੋਂ ਇਕ ਇੰਗਲਵੁੱਡ ਬਿਲਡਿੰਗ ਦੇ ਇਕ ਅਪਾਰਟਮੈਂਟ ਵਿਚ ਘਰੇਲੂ ਝਗੜੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਉਥੇ ਪੁੱਜੀ ਸੀ। ਪੁਲਿਸ ਅਫਸਰਾਂ ਨੂੰ ਮਾਰਨ ਵਾਲਾ 16 ਸਾਲ ਦਾ ਇਕ ਅੱਲੜ ਨੌਜਵਾਨ ਦੱਸਿਆ ਗਿਆ ਹੈ ਜੋ ਖੁਦ ਵੀ ਗੋਲੀ ਲੱਗਣ ਨਾਲ ਮਾਰਿਆ ਗਿਆ। ਘਟਨਾ ਤੋ ਪਹਿਲਾਂ ਉਸਨੇ ਆਪਣੀ ਮਾਂ ਨੂੰ ਵੀ ਗੋਲੀ ਮਾਰੀ ਜੋ ਹਸਪਤਾਲ ਵਿਚ ਇਲਾਜ ਅਧੀਨ ਹੈ।

ਐਡਮਿੰਟਨ ਪੁਲਿਸ ਦੇ ਡੇਲ ਮੈਕਫੀ ਨੇ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਵੈਸਟ ਐਂਡ਼ ਵਿਖੇ ਵਾਪਰੀ ਇਸ ਘਟਨਾ ਨੂੰ  ਅਣਕਿਆਸਿਆ ਤੇ  ਭਿਆਨਕ ਦੁਖਾਂਤ ਦੱਸਿਆ। ਘਟਨਾ ਵਿਚ ਮਾਰੇ ਜਾਣ ਵਾਲੇ ਅਫਸਰਾਂ ਦੀ ਪਛਾਣ  35 ਸਾਲਾ ਕਾਂਸਟੇਬਲ ਟ੍ਰੈਵਿਸ ਜਾਰਡਨ ਅਤੇ 30 ਸਾਲਾ ਕਾਂਸਟੇਬਲ  ਬ੍ਰੈਟ ਰਿਆਨ ਵਜੋ ਹੋਈ ਹੈ। ਜੌਰਡਨ ਪਿਛਲੇ ਸਾਢੇ ਅੱਠ ਸਾਲ ਅਤੇ ਰਿਆਨ ਸਾਢੇ ਪੰਜ ਸਾਲ ਤੋਂ ਐ਼ਡਮਿੰਟਨ ਪੁਲਿਸ ਵਿਚ ਸੇਵਾਵਾਂ ਨਿਭਾਅ ਰਹੇ ਸਨ।

ਪੁਲਿਸ ਚੀਫ ਨੇ ਦੱਸਿਆ ਕਿ  ਈਪੀਐਸ ਨੂੰ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਐਡਮਿੰਟਨ ਦੇ ਇੰਗਲਵੁੱਡ ਇਲਾਕੇ ਵਿੱਚ ਬੁਲਾਇਆ ਗਿਆ ਸੀ। ਪੁਲਿਸ ਅਫਸਰ ਅਜੇ ਉਥੇ ਪੁੱਜੇ ਹੀ ਸਨ ਕਿ ਉਹਨਾਂ ਉਪਰ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀ ਮਿਲਿਆ।

ਉਹਨਾਂ ਦੱਸਿਆ ਅੱਜ ਸਵੇਰੇ ਲਗਭਗ 12.47 ਵਜੇ, ਸਾਡੇ ਪੱਛਮੀ ਡਿਵੀਜ਼ਨ ਦੇ ਕਾਂਸਟੇਬਲ ਜੌਰਡਨ ਅਤੇ ਰਿਆਨ ਨੇ 114 ਐਵੇਨਿਊ ਅਤੇ 132 ਸਟ੍ਰੀਟ ਦੇ ਖੇਤਰ ਦੇ ਨੇੜੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਇੱਕ ਪਰਿਵਾਰਕ ਝਗੜੇ ਦਾ ਜਵਾਬ ਦਿੱਤਾ। ਪਹੁੰਚਣ ‘ਤੇ, ਦੋ ਗਸ਼ਤੀ ਮੈਂਬਰ ਇਮਾਰਤ ਦੇ ਅੰਦਰ ਚਲੇ ਗਏ, ਸੂਟ ਦੇ ਨੇੜੇ ਪਹੁੰਚੇ, ਪਰ ਇਸ ਦੌਰਾਨ ਅੰਦਰੋਂ ਸ਼ੱਕੀ ਨੇ ਉਹਨਾਂ ਉਪਰ ਗੋਲੀਆਂ ਚਲਾ ਦਿੱਤੀਆਂ
ਉਹਨਾਂ ਨੂੰ ਆਪਣੇ ਹਥਿਆਰਾਂ ਨੂੰ ਵਰਤਣ ਦਾ ਮੌਕਾ ਨਹੀਂ ਮਿਲਿਆ।
ਦੋਵਾਂ ਜ਼ਖਮੀ ਅਫਸਰਾਂ ਨੂੰ  ਹਸਪਤਾਲ ਪਹੁੰਚਾਇਆ ਗਿਆ ਪਰ  ਦੋਵਾਂ ਨੂੰ ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਕਾਂਸਟੇਬਲ ਜਾਰਡਨ ਅਤੇ ਰਿਆਨ ਸਾਡੇ ਐਡਮਿੰਟਨ ਪੁਲਿਸ ਪਰਿਵਾਰ ਦੇ ਵਡਮੁੱਲੇ ਮੈਂਬਰ ਸਨ ਅਤੇ ਉਹ ਸਾਡੇ ਭਾਈਚਾਰੇ ਦੀ ਸੇਵਾ ਵਿੱਚ ਹਰ ਰੋਜ਼ ਸਾਡੇ ਨਾਲ-ਨਾਲ ਕੰਮ ਕਰਦੇ ਸਨ ਅਤੇ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਉਹਨਾਂ ਦੀ ਮੌਤ ਨਾਲ ਸਾਨੂੰ ਕਿੰਨਾ ਘਾਟਾ ਪਿਆ ਹੈ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ, ਉਨ੍ਹਾਂ ਦਾ ਐਡਮਿੰਟਨ ਪੁਲਿਸ ਪਰਿਵਾਰ ਅਤੇ ਸਾਡਾ ਪੂਰਾ ਭਾਈਚਾਰਾ ਇਸ ਘਟਨਾ ਨਾਲ ਡੂੰਘਾ ਪ੍ਰਭਾਵਤ ਹੋਵੇਗਾ ਪਰ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਖੜੇ ਹੋਣਾ ਚਾਹੀਦਾ ਹੈ।

ਗੋਲੀ ਚਲਾਉਣ ਵਾਲਾ ਸ਼ੱਕੀ ਇੱਕ 16 ਸਾਲ ਦਾ ਲੜਕਾ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਉਹ ਆਪ ਵੀ ਆਪਣੇ ਗੋਲੀ ਮਾਰਕੇ ਮਰ ਗਿਆ।