Headlines

ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਭੰਡੀ ਪ੍ਰਚਾਰ ਪੰਜਾਬ ਵਿਰੋਧੀਆਂ ਦੀ ਸਾਜਿਸ਼ -ਮਨਿੰਦਰ ਗਿੱਲ

ਸਰੀ (ਬਲਦੇਵ ਸਿੰਘ ਭੰਮ)- ਵਾਰਿਸ ਪੰਜਾਬ ਦੇ, ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਦੇਸ਼ ਪ੍ਰਦੇਸ਼ ਚ ਹੋ ਰਹੇ ਭੰਡੀ ਪ੍ਰਚਾਰ ਦੀ ਨਿੰਦਾ ਕਰਦਿਆਂ ਕੈਨੇਡਾ-ਇੰਡੀਆ ਫਰੈਂਡਸ਼ਿਪ ਗਰੁੱਪ ਦੇ ਪ੍ਰਧਾਨ ਤੇ ਰੇਡੀਓ ਇੰਡੀਆ ਦੇ ਸੀਈਓ ਮਨਿੰਦਰ ਸਿੰਘ ਗਿੱਲ ਨੇ ਇਕ ਬਿਆਨ ਰਾਹੀਂ ਇਸਨੂੰ ਇੱਕ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਭਾਰਤ ਦੇਸ਼ ਅਤੇ ਮਨੁੱਖਤਾ ਨੂੰ ਭੰਡੀ ਪ੍ਰਚਾਰ ਕਰਨ ਵਾਲਿਆਂ ਨਾਲੋਂ ਵੱਧ ਪਿਆਰ ਕਰਦੀ ਹੈ ਪਰ ਕੁਝ ਅਖੌਤੀ ਦੇਸ਼ ਭਗਤ, ਸਿੱਖਾਂ ਦਾ ਅਕਸ ਵਿਗਾੜਨ ਲਈ ਹਮੇਸ਼ਾਂ ਜਹਿਰ ਉਗਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਤੇ ਕਿਸੇ ਵੀ ਸੰਕਟ ਸਮੇਂ ਸਭ ਤੋਂ ਅੱਗੇ ਆਉਣ ਵਾਲੀ  ਸਿੱਖ ਕੌਮ ਬਾਅਦ ਚ ਵੱਖਵਾਦੀ/ਅੱਤਵਾਦੀ ਜਾਂ ਦੇਸ਼ ਧ੍ਰੋਹੀ ਕਿਉਂ ਗਰਦਾਨੀ ਜਾਂਦੀ ਹੈ, ਇਹ ਗੱਲ ਸਮਝ ਤੋਂ ਬਾਹਰ ਹੈ। ਵਿਸ਼ੇਸ਼ ਤੌਰ ਤੇ ਅਖੌਤੀ ਮੇਜਰ ਗੌਰਵ ਆਰੀਆ ਦੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦਾ ਜਿਕਰ ਕਰਦਿਆਂ ਗਿੱਲ ਨੇ ਕਿਹਾ ਕਿ ਅਜਿਹੀ ਗੈਰ ਜਿੰਮੇਵਾਰਾਨਾ ਤੇ ਜ਼ਹਿਰੀ ਸੋਚ ਵਾਲੇ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਂਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਸਿਰਫ ਇਸ ਕਰਕੇ ਬਣਾਇਆ ਜਾ ਰਿਹਾ ਹੈ ਕਿ ਉਹ ਹਰ ਰੋਜ਼ ਸੈਂਕੜੇ ਗੁੰਮਰਾਹ ਹੋਏ ਸਿੱਖ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰ ਰਿਹਾ ਹੈ ਤੇ ਇਹ ਗੱਲ ਗੌਰਵ ਆਰੀਆ ਵਰਗੇ ਲੋਕਾਂ ਦੇ ਗਲੇ ਨਹੀਂ ਉੱਤਰ ਰਹੀ ਜੋ ਪੰਜਾਬ ਨੂੰ ਤਬਾਹ ਕਰਨ ਵਿਚ ਰੁਝੀਆਂ ਤਾਕਤਾਂ ਦੇ ਭਾਈਵਾਲ ਹਨ। ਸ੍ਰੀ ਗਿੱਲ ਨੇ ਕਿਹਾ ਕਿ ਇਹ ਤਰਕ ਸਮਝ ਤੋਂ ਬਾਹਰ ਹੈ ਕਿ ਇੱਕ ਪਾਸੇ ਅੰਮ੍ਰਿਤਪਾਲ ਨੂੰ ਏਜੰਸੀਆਂ ਦਾ ਪਲਾਂਟ ਕੀਤਾ ਮੋਹਰਾ ਦੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਉਸਦਾ ਜ਼ਹਿਰੀਲਾ ਵਿਰੋਧ ਕੀਤਾ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਸੱਚਮੁੱਚ ਭਾਰਤੀ ਏਜੰਸੀਆਂ ਦਾ ਪਲਾਂਟ ਕੀਤਾ ਹੈ ਤਾਂ ਫਿਰ ਉਸ ਵਲੋਂ ਸੁਰੂ ਕੀਤੀ ਗਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ  ਬਦਲੇ ਪੰਜਾਬ ਨੂੰ ਏਜੰਸੀਆਂ ਦਾ ਸ਼ੁਕਰਗੁਜ਼ਾਰ ਹੋਣਾ ਬਣਦਾ ਹੈ।