Headlines

ਅੰਮ੍ਰਿਤਪਾਲ ਸਿੰਘ ਦੀ ਪੁਲਿਸ ਹਿਰਾਸਤ ਖਿਲਾਫ ਸਰੀ ਵਿੱਚ ਜ਼ੋਰਦਾਰ ਪ੍ਰਦਰਸ਼ਨ 

ਸਰੀ, 19 ਮਾਰਚ ( ਸੰਦੀਪ ਸਿੰਘ ਧੰਜੂ)-

ਬੀਤੇ ਦਿਨ ਪੰਜਾਬ ਵਿਚ ਅੰਮ੍ਰਿਤਪਾਲ ਸਿੰਘ ਅਤੇ ਹੋਰ ਨੌਜਵਾਨਾਂ ਦੀ ਫੜੋ ਫੜੀ ਤੇ ਪੁਲਿਸ ਕਾਰਵਾਈ ਦੇ ਵਿਰੁੱਧ  ਸਰੀ ਵਿੱਚ ਸਿੱਖ ਸੰਸਥਾਵਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਖਾਲਿਸਤਾਨ ਦੇ ਝੰਡੇ ਫੜ ਇਹ ਰੋਸ ਵਿਖਾਵਾ ਕੈਨੇਡਾ ਵਿੱਚ ਭਾਰਤੀ ਰਾਜਦੂਤ  ਸੰਜੇ ਕੁਮਾਰ ਵਰਮਾ ਦੀ ਸਰੀ ਫੇਰੀ ਮੌਕੇ ਕੀਤਾ ਗਿਆ।  ਦੱਸਣਯੋਗ ਹੈ ਕਿ ਬੀਤੇ ਦਿਨ ਕੈਨੇਡਾ ਇੰਡੀਆ ਫਰੈਂਡਸ਼ਿਪ ਗਰੁੱਪ ਵਲੋਂ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦੇ ਮਾਣ ਵਿਚ ਸਰੀ ਦੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿਖੇ ਇਕ ਡਿਨਰ ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪ੍ਰਬੰਧਕਾਂ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਸਮੇਤ 200 ਦੇ ਕਰੀਬ ਲੋਕਾਂ ਨੂੰ ਬਾਕਾਇਦਾ ਸੱਦਾ ਪੱਤਰ ਭੇਜੇ ਗਏ ਸਨ। ਪਰ ਇਸ ਦੌਰਾਨ ਸਥਾਨਕ ਸਿੱਖ ਜਥੇਬੰਦੀਆਂ ਵਲੋਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਦੇ ਖਿਲਾਫ ਭਾਰੀ ਰੋਸ ਪ੍ਰਗਟਾਵਾ ਕਰਦਿਆਂ ਸਮਾਗਮ ਵਾਲੀ ਥਾਂ ਨੂੰ ਘੇਰ ਲਿਆ ਗਿਆ। ਸਿੱਖ ਕਾਰਕੁੰਨਾਂ ਵਲੋਂ ਹਾਈ ਕਮਿਸ਼ਨਰ ਦੇ ਪੁੱਜਣ ਤੋ ਪਹਿਲਾਂ ਹੀ ਤਾਜ ਪਾਰਕ ਕਨਵੈਨਸ਼ਨ ਸੈਂਟਰ ਦਾ ਮੁੱਖ ਗੇਟ ਬੰਦ ਕਰਕੇ ਉਥੇ ਸਟੇਜ ਲਗਾ ਦਿੱਤੀ ਤੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਖਿਲਾਫ ਕਾਰਵਾਈ ਦੀ ਨਿੰਦਾ ਕਰਦਿਆਂ ਹਾਈ ਕਮਿਸ਼ਨਰ ਤੇ ਭਾਰਤ ਸਰਕਾਰ ਖਿਲਾਫ ਭਾਰੀ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਮੰਚ ਉਪਰ ਮੁੱਖ ਬੁਲਾਰੇ ਵਜੋਂ ਗੁਰਦੁਆਰਾ ਸਰੀ ਡੈਲਟਾ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨੇ ਸਖਤ ਸ਼ਬਦਾਂ ਵਿਚ ਭਾਰਤ ਸਰਕਾਰ ਤੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਤੇ ਖਾਲਿਸਤਾਨ ਦੇ ਨਾਅਰੇ ਲਗਾਕੇ ਭਾਰਤ ਸਰਕਾਰ ਤੱਕ ਬੁਲੰਦ ਆਵਾਜ਼ ਪਹੁੰਚਾਉਣ ਦਾ ਸੱਦਾ ਦਿੱਤਾ।
ਮੁਜ਼ਾਹਰਕਾਰੀਆਂ ਦੇ ਇਕ ਬੁਲਾਰੇ ਵਲੋਂ  ਭਾਵੇਂਕਿ ਇਸ ਰੋਸ ਵਿਖਾਵੇ ਨੂੰ ਸ਼ਾਂਤਮਈ ਰੱਖੇ ਜਾਣ ਦਾ ਦਾਅਵਾ ਕੀਤਾ ਗਿਆ ਪਰ ਇਸ ਦੌਰਾਨ ਸਮਾਗਮ ਵਿਚ ਪੁੱਜਣ ਵਾਲੇ ਕੁਝ ਮਹਿਮਾਨਾਂ ਨੂੰ ਉਹਨਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ। ਵਿਖਾਵਾਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਹੋਏ ਦੋ ਮਹਿਮਾਨਾਂ ਨੂੰ ਪੁਲਿਸ ਵਲੋਂ ਬਚਾਕੇ ਸੁਰੱਖਿਅਤ ਲਿਜਾਂਦੇ ਵੇਖਿਆ ਗਿਆ। ਇਸ ਦੌਰਾਨ ਇਕ ਉਘੇ ਰੇਡੀਓ ਹੋਸਟ ਨੂੰ ਉਥੇ ਵੇਖਦਿਆਂ ਮੰਚ ਤੋ ਮੋਦੀ ਦੇ …..ਅਤੇ ਭਾਰਤ ਪੱਖੀ ਮੀਡੀਆ ਖਿਲਾਫ ਭਾਰੀ ਨਾਅਰੇਬਾਜੀ ਕੀਤੀ ਗਈ। ਕੁਝ ਵਿਖਾਵਾਕਾਰੀਆਂ ਨੇ ਰੇਡੀਓ ਹੋਸਟ ਨੂੰ ਘੇਰਨ ਯਤਨ ਵੀ ਕੀਤਾ ਪਰ ਉਸ ਵਲੋਂ ਸਪੱਸ਼ਟੀਕਰਣ ਦੇਣ ਦੇ ਬਾਵਜੂਦ ਉਸਦੇ ਖਿਲਾਫ ਮੰਦੀ ਸ਼ਬਦਾਵਲੀ ਜਾਰੀ ਰਹੀ। ਮੌਕੇ ਤੇ ਮੌਜੂਦ ਪੁਲਿਸ ਨੇ ਉਸਨੂੰ ਉਸਦੀ ਗੱਡੀ ਤੱਕ ਸੁਰੱਖਿਅਤ ਪਹੁੰਚਾਇਆ। ਬਾਦ ਵਿਚ ਮਿਲੀ ਸੂਚਨਾ ਮੁਤਾਬਿਕ ਕੁਝ ਵਿਖਾਵਾਕਾਰੀ ਸਮਾਗਮ ਵਾਲੀ ਥਾਂ ਅੰਦਰ ਹਾਲ ਵਿਚ ਵੀ ਪੁੱਜ ਗਏ ਤੇ ਮੁੱਖ ਪ੍ਰਬੰਧਕ ਸਮੇਤ ਕੁਝ ਹੋਰ ਮਹਿਮਾਨਾਂ ਨਾਲ ਹੱਥਪਾਈ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਸਬੰਧੀ ਇਕ ਵੀਡੀਓ ਕਲਿਪ ਵੀ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।