Headlines

ਨਿਤੀਸ਼ ਕੁਮਾਰ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਸੂਰਤ ਤੋਂ ਗ੍ਰਿਫ਼ਤਾਰ

ਸੂਰਤ, 22 ਮਾਰਚ-

ਗੁਜਰਾਤ ਪੁਲੀਸ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਉਡਾਉਣ ਦੀ ਕਥਿਤ ਧਮਕੀ ਦੇਣ ਦੇ ਮਾਮਲੇ ਵਿੱਚ ਅੱਜ ਸੂਰਤ ਸ਼ਹਿਰ ਦੀ ਕੱਪੜਾ ਫੈਕਟਰੀ ਦੇ ਇੱਕ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀ ਨੇ ਦਿੱਤੀ ਹੈ। ਸੂਰਤ ਅਪਰਾਧ ਬਰਾਂਚ ਦੇ ਇੰਸਪੈਕਟਰ ਲਲਿਤ ਵਾਗੜੀਆ ਨੇ ਦੱਸਿਆ ਕਿ ਬਿਹਾਰ ਵਾਸੀ ਅੰਕਿਤ ਮਿਸ਼ਰਾ (20 ਸਾਲ) ਨੂੰ ਸ਼ਹਿਰ ਦੇ ਲਸਕਾਨਾ ਇਲਾਕੇ ਵਿੱਚੋਂ ਗ੍ਰਿਫ਼ਤਾਰ ਕਰ ਕੇ ਬਿਹਾਰ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ।

ਵਾਗੜੀਆ ਨੇ ਦੱਸਿਆ ਕਿ ਇੱਕ ਵਿਅਕਤੀ ਨੇ 20 ਮਾਰਚ ਨੂੰ ਪਟਨਾ ਦੇ ਨਿਊਜ਼ ਚੈਨਲ ਦੇ ਦਫ਼ਤਰ ਵਿੱਚ ਫੋਨ ਕਰ ਕੇ ਦਾਅਵਾ ਕੀਤਾ ਸੀ ਕਿ ਉਹ ਅਗਲੇ 36 ਘੰਟਿਆਂ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਉਡਾ ਦੇਵੇਗਾ।   ਇਸ ਸਬੰਧੀ ਬਿਹਾਰ ਦੀ ਰਾਜਧਾਨੀ ਪਟਨਾ ਦੇ ਸਚਿਵਾਲਯ ਥਾਣੇ ਵਿੱਚ  ਕੇਸ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ, ‘‘ਬਿਹਾਰ ਪੁਲੀਸ ਨੂੰ ਤਕਨੀਕੀ ਨਿਗਰਾਨੀ    ਰਾਹੀਂ ਪਤਾ ਲੱਗਿਆ ਕਿ ਫੋਨ ਕਾਲ ਸੂਰਤ ਤੋਂ ਆਈ ਸੀ। ਇਸ ਤੋਂ     ਬਾਅਦ ਬਿਹਾਰ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਸੂਰਤ ਪੁਲੀਸ ਦੀ ਮਦਦ ਮੰਗੀ ਸੀ। ਅਖ਼ੀਰ ਅਸੀਂ ਫੋਨ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਰਹੇ, ਜਿਸ ਦੀ ਪਛਾਣ ਅੰਕਿਤ ਮਿਸ਼ਰਾ ਵਜੋਂ ਹੋਈ ਹੈ। ਉਸ ਨੂੰ ਪਟਨਾ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।’’