Headlines

ਲੰਡਨ ਵਿਚਲੇ ਭਾਰਤੀ ਮਿਸ਼ਨ ਦੀ ਸੁਰੱਖਿਆ ਵਧਾਈ

ਲੰਡਨ, 22 ਮਾਰਚ

ਬਰਤਾਨਵੀ ਸਿੱਖ ਗਰੁੱਪਾਂ ਵੱਲੋਂ ਰੋਸ ਮੁਜ਼ਾਹਰਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਜ ਇੱਥੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਈ ਕਮਿਸ਼ਨ ਦੇ ਬਾਹਰ ਅੱਜ ਬੈਰੀਕੇਡ ਲਾ ਦਿੱਤੇ ਗਏ। ਸੋਸ਼ਲ ਮੀਡੀਆ ਉਤੇ ਕਈ ਸਿੱਖ ਸੰਗਠਨਾਂ ਨੇ ਰੋਸ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ। ਪਿਛਲੇ ਹਫ਼ਤੇ ਵਾਪਰੀ ਘਟਨਾ ਤੋਂ ਬਾਅਦ ਵਰਦੀ ਵਿਚ ਕਈ ਅਧਿਕਾਰੀ ਇੰਡੀਆ ਹਾਊਸ ਦੇ ਆਲੇ-ਦੁਆਲੇ ਤਾਇਨਾਤ ਹਨ। ਪੁਲੀਸ ਦੀਆਂ ਕਈ ਗੱਡੀਆਂ ਵੀ ਉੱਥੇ ਖੜ੍ਹੀਆਂ ਹਨ। ਇਸੇ ਦੌਰਾਨ ਲੰਡਨ ਵਿਚਲਾ ਭਾਰਤੀ ਮਿਸ਼ਨ ਪੰਜਾਬ ’ਚ ਵਾਪਰ ਰਹੀਆਂ ਘਟਨਾਵਾਂ ਬਾਰੇ ਪ੍ਰਚਾਰੀ ਜਾ ਰਹੀ ਗਲਤ ਜਾਣਕਾਰੀ ਨਾਲ ਵੀ ਨਜਿੱਠ ਰਿਹਾ ਹੈ। ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਕਿਹਾ, ‘ਅਸੀਂ ਯੂਕੇ ਵਿਚਲੇ ਆਪਣੇ ਸਾਰੇ ਦੋਸਤਾਂ, ਖਾਸ ਕਰ ਕੇ ਉਨ੍ਹਾਂ ਭੈਣਾਂ-ਭਰਾਵਾਂ ਜਿਨ੍ਹਾਂ ਦੇ ਰਿਸ਼ਤੇਦਾਰ ਪੰਜਾਬ ਵਿਚ ਹਨ, ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਉਤੇ ਕੀਤਾ ਜਾ ਰਿਹਾ ਸਨਸਨੀਖੇਜ਼ ਪ੍ਰਚਾਰ ਸੱਚ ਨਹੀਂ ਹੈ। ਸੂਬੇ ਦੇ ਮੁੱਖ ਮੰਤਰੀ ਤੇ ਪੁਲੀਸ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਹਨ। ਉਸ ਨੂੰ ਦੇਖਿਆ ਜਾਵੇ। ਮੁੱਠੀ ਭਰ ਲੋਕਾਂ ਵੱਲੋਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਉਤੇ ਯਕੀਨ ਨਾ ਕੀਤਾ ਜਾਵੇ।’ ਹਾਈ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਨੇ ਵੱਖਵਾਦੀ ਤੱਤਾਂ ਵਿਰੁੱਧ, ਵਿਸ਼ੇਸ਼ ਤੌਰ ਉਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਕਾਰਵਾਈ ਆਰੰਭੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜਿਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਕਾਨੂੰਨੀ ਬਚਾਅ ਦੇ ਉਨ੍ਹਾਂ ਦੇ ਸੰਵਿਧਾਨਕ ਹੱਕ ਸੁਰੱਖਿਅਤ ਹਨ।’