Headlines

ਫ਼ਿਰੋਜ਼ਪੁਰ: ਸੜਕ ਹਾਦਸੇ ’ਚ 3 ਅਧਿਆਪਕਾਂ ਸਣੇ 4 ਮੌਤਾਂ ਅਤੇ 10 ਗੰਭੀਰ ਜ਼ਖ਼ਮੀ

ਫ਼ਿਰੋਜ਼ਪੁਰ, 24 ਮਾਰਚ

ਇਥੇ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੋਡ ’ਤੇ ਪਿੰਡ ਖਾਈ ਫ਼ੇਮੇ ਕੀ ਦੇ ਨਜ਼ਦੀਕ ਅੱਜ ਸਵੇਰੇ ਸੜਕ ਹਾਦਸੇ ਵਿਚ ਤਿੰਨ ਅਧਿਆਪਕਾਂ ਸਣੇ ਚਾਰ ਮੌਤਾਂ ਹੋ ਗਈਆਂ ਤੇ ਟਰੈਕਸ ਗੱਡੀ ਵਿਚ ਸਵਾਰ ਦਸ ਦੇ ਕਰੀਬ ਅਧਿਆਪਕ ਗੰਭੀਰ ਜ਼ਖ਼ਮੀ ਹੋਏ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।

ਇਹ ਹਾਦਸਾ ਅਧਿਆਪਕਾਂ ਨਾਲ ਭਰੀ ਟਰੈਕਸ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਹੋਇਆ। ਸਰਕਾਰੀ ਅਧਿਆਪਕ ਅੱਜ ਸਵੇਰੇ ਜਲਾਲਾਬਾਦ ਤੋਂ ਤਰਨਤਾਰਨ ਆਪਣੀ ਡਿਊਟੀ ’ਤੇ ਜਾ ਰਹੇ ਸਨ। ਸਵੇਰੇ ਸਾਢੇ ਸੱਤ ਵਜੇ ਦੇ ਕਰੀਬ ਜਦੋਂ ਇਹ ਗੱਡੀ ਖਾਈ ਫ਼ੇਮੇ ਕੀ ਦੇ ਨਜ਼ਦੀਕ ਪੁੱਜੀ ਤਾਂ ਸਾਹਮਣਿਉਂ ਆ ਰਹੀ ਸਰਕਾਰੀ ਬੱਸ ਵਿਚ ਜਾ ਵੱਜੀ। ਹਾਦਸਾ ਏਨਾ ਜ਼ਬਰਦਸਤ ਸੀ ਕਿ ਗੱਡੀ ਵਿਚੋਂ ਡਰਾਈਵਰ ਅਤੇ ਅਧਿਆਪਕਾਂ ਨੂੰ ਸਖ਼ਤ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ। ਲੋਕਾਂ ਨੇ ਦੱਸਿਆ ਕਿ ਟਰੈਕਸ ਦੇ ਡਰਾਈਵਰ ਨੇ ਜਦੋਂ ਕਿਸੇ ਹੋਰ ਵਾਹਨ ਨੂੰ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਹਾਦਸਾ ਹੋ ਗਿਆ।