Headlines

ਖਾਲਿਸਤਾਨ ਪੱਖੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ: ਕਲੈਵਰਲੀ

ਲੰਡਨ-

ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖਾਲਿਸਤਾਨ ਹਮਾਇਤੀ ਪ੍ਰਦਰਸ਼ਨਕਾਰੀਆਂ ਦੀਆਂ ਹਿੰਸਕ ਕਾਰਵਾਈਆਂ ਤੋਂ ਬਾਅਦ ਇੱਥੇ ਭਾਰਤੀ ਹਾਈ ਕਮਿਸ਼ਨ ’ਚ ਸੁਰੱਖਿਆ ਦੀ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਅਜਿਹੀਆਂ ਘਟਨਾਵਾਂ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਦੋ ਹਜ਼ਾਰ ਦੇ ਕਰੀਬ ਮੁਜ਼ਾਹਰਾਕਾਰੀਆਂ ਨੇ ਇੱਥੇ ਭਾਰਤੀ ਮਿਸ਼ਨ ਦੇ ਬਾਹਰ ਪਹੁੰਚ ਕੇ ਖਾਲਿਸਤਾਨ ਦੇ ਝੰਡੇ ਲਹਿਰਾਉਂਦਿਆਂ ਰੋਸ ਮੁਜ਼ਾਹਰਾ ਕੀਤਾ ਅਤੇ ਸਖਤ ਸੁਰੱਖਿਆ ਪ੍ਰਬੰਧਾਂ ਤੇ ਰੋਕਾਂ ਵਿਚਾਲੇ ਚੀਜ਼ਾਂ ਸੁੱਟੀਆਂ ਤੇ ਨਾਅਰੇਬਾਜ਼ੀ ਕੀਤੀ। ਬਰਤਾਨੀਆ ਦੇ ਵੱਖ ਵੱਖ ਹਿੱਸਿਆਂ ਤੋਂ ਮਹਿਲਾਵਾਂ, ਬੱਚਿਆਂ ਸਮੇਤ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ। ਵਿਦੇਸ਼ ਮੰਤਰੀ ਕਲੈਵਰਲੀ ਨੇ ਬੀਤੇ ਦਿਨ ਜਾਰੀ ਬਿਆਨ ’ਚ ਕਿਹਾ ਕਿ ਬਰਤਾਨੀਆ ਸਰਕਾਰ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਮੈਟਰੋਪੋਲੀਟਨ ਪੁਲੀਸ ਨਾਲ ਮਿਲ ਕੇ ਹਮਲੇ ਦਾ ਸਖਤੀ ਨਾਲ ਜਵਾਬ ਦਿੱਤਾ ਜਾਵੇਗਾ। ਪਹਿਲਾਂ ਹੀ ਕੀਤੀ ਜਾ ਚੁੱਕੀ ਕਾਰਵਾਈ ਦੇ ਸੰਕੇਤ ਵਜੋਂ ਮੰਤਰੀ ਨੇ ਬੀਤੇ ਦਿਨ ਹੋਏ ਪ੍ਰਦਰਸ਼ਨ ਮੌਕੇ ਇੰਡੀਆ ਹਾਊਸ ’ਚ ਸੁਰੱਖਿਆ ਦੇ ਸਖਤ ਪ੍ਰਬੰਧਾਂ ਦਾ ਹਵਾਲਾ ਦਿੱਤਾ ਜਿਨ੍ਹਾਂ ’ਚ ਕਈ ਪੁਲੀਸ ਅਧਿਕਾਰੀ ਇਮਾਰਤ ਦੇ ਬਾਹਰ ਖੜ੍ਹੇ ਰਹੇ। ਨਾਲ ਹੀ ਕਈ ਘੋੜ ਸਵਾਰ ਅਧਿਕਾਰੀ ਇਲਾਕੇ ’ਚ ਗਸ਼ਤ ਕਰ ਰਹੇ ਸਨ ਤੇ ਹੈਲੀਕਾਪਟਰ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਸੀ। ਕਲੈਵਰਲੀ ਨੇ ਕਿਹਾ, ‘ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ ਕਰਮਚਾਰੀਆਂ ਖ਼ਿਲਾਫ਼ ਹਿੰਸਾ ਸਵੀਕਾਰ ਨਹੀਂ ਕੀਤੀ ਜਾ ਸਕਦੀ ਅਤੇ ਮੈਂ ਹਾਈ ਕਮਿਸ਼ਨ ਵਿਕਰਮ ਦੁਰਈਸਵਾਮੀ ਕੋਲ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।’ ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਕਰ ਰਹੀ ਹੈ ਅਤੇ ਸਰਕਾਰ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਤੇ ਨਵੀਂ ਦਿੱਲੀ ’ਚ ਭਾਰਤ ਸਰਕਾਰ ਦੇ ਸੰਪਰਕ ’ਚ ਹੈ।