Headlines

ਸਿਆਸੀ ਈਰਖਾ ਤੇ ਨਫ਼ਰਤ ਦਾ ਦੇਸ਼ ਨੂੰ ਕੋਈ ਲਾਭ ਨਹੀਂ: ਮਾਇਆਵਤੀ

ਲਖਨਊ:ਬਸਪਾ ਦੀ ਮੁਖੀ ਮਾਇਆਵਤੀ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਤੋਂ ਇਕ ਦਿਨ ਮਗਰੋਂ ਅੱਜ ਐਮਰਜੈਂਸੀ ਦੇ ਹਵਾਲੇ ਨਾਲ ਕਾਂਗਰਸ ਤੇ ਭਾਜਪਾ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਸਿਆਸੀ ਈਰਖਾ ਤੇ ਨਫ਼ਰਤ ਨਾਲ ਦੇਸ਼ ਦਾ ਨਾ ਬੀਤੇ ਵਿੱਚ ਭਲਾ ਹੋਇਆ ਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ 1975 ਵਿੱਚ ਐਮਰਜੈਂਸੀ ਦੌਰਾਨ ਜੋ ਕੁਝ ਹੋਇਆ ਅਤੇ ਅੱਜ ਜੋ ਕੁਝ ਉਸ ਦੇ ਆਗੂ ਰਾਹੁਲ ਗਾਂਧੀ ਨਾਲ ਹੋ ਰਿਹੈ, ਕੀ ਉਹ ਨਿਆਂਸੰਗਤ ਹੈ। ਮਾਇਆਵਤੀ ਨੇ ਲੜੀਵਾਰ ਕੀਤੇ ਟਵੀਟਾਂ ਵਿੱਚ ਕਿਹਾ ਕਿ ਪਹਿਲਾਂ ਕਾਂਗਰਸ ਤੇ ਹੁਣ ਭਾਜਪਾ ਸਰਕਾਰ, ਆਪਣੀ ‘ਸਿਰੇ ਦੀ ਖ਼ੁਦਗਰਜ਼ੀ ਦੀ ਸਿਆਸਤ’ ਕਰਕੇ ਲੋਕ ਭਲਾਈ ਦੇ ਕੰਮਾਂ ਵੱਲ ਧਿਆਨ ਨਹੀਂ ਦੇ ਸਕੀ ਤੇ ਨਾ ਹੀ ਉਨ੍ਹਾਂ ਗਰੀਬੀ, ਬੇਰੁਜ਼ਗਾਰੀ ਤੇ ਪੱਛੜੇਪਣ ਜਿਹੀਆਂ ਗੰਭੀਰ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਕੁਝ ਕੀਤਾ।’’