Headlines

ਸਿਆਸੀ ਪਾਰਟੀਆਂ ਨੇ ਭਾਰਤੀ ਭਾਸ਼ਾਵਾਂ ’ਤੇ ਸਿਰਫ਼ ‘ਸਿਆਸਤ’ ਕੀਤੀ: ਮੋਦੀ

ਚਿੱਕਾਬੱਲਪੁਰਾ (ਕਰਨਾਟਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਨਿਸ਼ਾਨਾ ’ਤੇ ਲਿਆ, ਜੋ ਭਾਰਤੀ ਭਾਸ਼ਾਵਾਂ ਦੇ ਮਾਮਲੇ ਵਿੱਚ ਸਿਰਫ਼ ‘ਸਿਆਸਤ’ ਕਰਦੀਆਂ ਹਨ, ਪਰ ਉਨ੍ਹਾਂ ਲਈ ਕਰਦੀਆਂ ਕੁੱਝ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪਿੰਡਾਂ, ਗ਼ਰੀਬਾਂ ਅਤੇ ਪੱਛੜੇ ਵਰਗਾਂ ਦੇ ਪਰਿਵਾਰਾਂ ਵਿੱਚੋਂ ਆਉਣ ਵਾਲੇ ਵਿਦਿਆਰਥੀ ਡਾਕਟਰ ਜਾਂ ਇੰਜਨੀਅਰ ਬਣਨ। ਪਿੰਡਾਂ ਅਤੇ ਗ਼ਰੀਬ ਪਰਿਵਾਰਾਂ ਵਿੱਚੋਂ ਆਉਣ ਵਾਲੇ ਨੌਜਵਾਨਾਂ ਨੂੰ ਮੈਡੀਕਲ ਪ੍ਰੋਫੈਸ਼ਨ ਵਿੱਚ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੇ ਵਿਦਿਆਰਥੀਆਂ ਨੂੰ ਕੰਨੜ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਸਿੱਖਿਆ ਦੀ ਪੜ੍ਹਾਈ ਕਰਨ ਦਾ ਬਦਲ ਦਿੱਤਾ ਹੈ।

ਨਰਿੰਦਰ ਮੋਦੀ ਨੇ ਕਿਹਾ, ‘‘ਮੈਂ ਤੁਹਾਡੇ ਨਾਲ ਮੈਡੀਕਲ ਪ੍ਰੋਫੈਸ਼ਨ ਵਿੱਚ ਦਰਪੇਸ਼ ਚੁਣੌਤੀ ਬਾਰੇ ਗੱਲ ਕਰਨੀ ਚਾਹੁੰਦਾ ਹਾਂ; ਇਸ ਚੁਣੌਤੀ ਕਾਰਨ ਪਿੰਡਾਂ, ਗ਼ਰੀਬਾਂ ਅਤੇ ਪੱਛੜੇ ਵਰਗਾਂ ਨਾਲ ਸਬੰਧਿਤ ਨੌਜਵਾਨਾਂ ਲਈ ਡਾਕਟਰ ਬਣਨਾ ਮੁਸ਼ਕਲ ਸੀ।’’  ਪ੍ਰਧਾਨ ਮੰਤਰੀ ਮੋਦੀ ਸ੍ਰੀ ਮਧੂਸੂਦਨ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਪਣੇ ਸਿਆਸੀ ਸਵਾਰਥਾਂ ਅਤੇ ਵੋਟ ਬੈਂਕ ਖ਼ਾਤਰ ਕੁੱਝ ਰਾਜਨੀਤਕ ਪਾਰਟੀਆਂ ਨੇ ਭਾਸ਼ਾਵਾਂ ਦੇ ਮਾਮਲੇ ਵਿੱਚ ਸਿਰਫ਼ ‘ਸਿਆਸਤ’ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦੇ  ਵਿਕਾਸ ਸਬੰਧੀ ਅਜਿਹਾ ਕੋਈ ਯਤਨ ਨਹੀਂ ਕੀਤਾ ਗਿਆ, ਜਿਸ ਦੀ ਉਨ੍ਹਾਂ ਨੂੰ ਸਹੀ ਅਰਥਾਂ ਵਿੱਚ ਲੋੜ ਸੀ।

ਉਨ੍ਹਾਂ ਕਿਹਾ, ‘‘ਇਹ ਸਿਆਸੀ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪਿੰਡਾਂ, ਗ਼ਰੀਬਾਂ ਅਤੇ ਪੱਛੜੇ ਵਰਗਾਂ ਦੇ ਬੱਚੇ ਡਾਕਟਰ ਜਾਂ ਇੰਜਨੀਅਰ ਬਣਨ। ਹਾਲਾਂਕਿ, ਸਾਡੀ ਸਰਕਾਰ ਨੇ ਗ਼ਰੀਬਾਂ ਦੀ ਭਲਾਈ ਲਈ ਕੰਮ ਕੀਤੇ ਹਨ। ਉਨ੍ਹਾਂ ਨੂੰ ਕੰਨੜ ਸਮੇਤ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਸਿੱਖਿਆ ਹਾਸਲ ਕਰਨ ਦਾ ਬਦਲ ਦਿੱਤਾ ਗਿਆ ਹੈ।’’

ਬੰਗਲੂਰੂ ਵਿੱਚ ਮੈਟਰੋ ਦਾ ਉਦਘਾਟਨ

ਬੰਗਲੂਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟਫੀਲਡ (ਕਾਦੂਗੋੜੀ) ਤੋਂ ਕ੍ਰਿਸ਼ਨਰਾਜਪੁਰਾ ਤੱਕ 13.71 ਕਿਲੋਮੀਟਰ ਲੰਮੀ ਮੈਟਰੋ ਲਾਈਨ ਦਾ ਅੱਜ ਉਦਘਾਟਨ ਕੀਤਾ। 4,249 ਕਰੋੜ ਦੀ ਲਾਗਤ ਨਾਲ ਬਣੀ ਇਸ ਲਾਈਨ ’ਤੇ 12 ਮੈਟਰੋ ਸਟੇਸ਼ਨ ਹਨ। ਉਨ੍ਹਾਂ ਮੈਟਰੋ ’ਤੇ ਸਵਾਰੀ ਵੀ ਕੀਤੀ ਅਤੇ ਆਪਣੀ ਯਾਤਰਾ ਦੌਰਾਨ ਮੈਟਰੋ ਦੇ ਕਰਮਚਾਰੀਆਂ ਤੇ ਮਜ਼ਦੂਰਾਂ ਸਮੇਤ ਵੱਖ ਵੱਖ ਖੇਤਰ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਵੀ ਕੀਤੀ। 

ਮੋਦੀ ਦੀ ਸੁਰੱਖਿਆ ’ਚ ਕੁਤਾਹੀ

ਦੇਵਨਗਰ (ਕਰਨਾਟਕ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਰਨਾਟਕ ਵਿੱਚ ਕੱਢੇ ਜਾ ਰਹੇ ਰੋਡਸ਼ੋਅ ਦੌਰਾਨ ਸੁਰੱਖਿਆ ਵਿੱਚ ਅੱਜ ਉਸ ਸਮੇਂ ਕੁਤਾਹੀ ਸਾਹਮਣੇ ਆਈ, ਜਦੋਂ ਇੱਕ ਵਿਅਕਤੀ ਨੇ ਭੱਜ ਕੇ ਉਨ੍ਹਾਂ ਦੇ ਕਾਫ਼ਲੇ ਵੱਲ ਵਧਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਦੱਸਿਆ ਕਿ ਕੋਪਾਲ ਦੇ ਵਸਨੀਕ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲੀਸ ਨੇ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ।