Headlines

ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਕਿੱਥੇ ਹੈ?

ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਸੁਪਨਾ ਸੀ ਕਿ ਆਜ਼ਾਦ ਹਿੰਦੋਸਤਾਨ ਵਿਚ ਅਜਿਹਾ ਨਿਆਂਪਸੰਦ ਅਤੇ ਬਰਾਬਰੀ ‘ਤੇ ਆਧਾਰਿਤ ਸਮਾਜਵਾਦੀ ਨਿਜ਼ਾਮ ਸਥਾਪਿਤ ਕੀਤਾ ਜਾਵੇ ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ, ਸਾਮਰਾਜ ਪੱਖੀ ਅਤੇ ਜਗੀਰਦਾਰੀ ਢਾਂਚੇ ਦਾ ਖ਼ਾਤਮਾ ਹੋਵੇ, ਹਰੇਕ ਮਨੁੱਖ ਨੂੰ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਆਸਾਨੀ ਨਾਲ ਪ੍ਰਾਪਤ ਹੋਣ, ਲੋਕ ਵਿਗਿਆਨਕ ਸੋਚ ਦੇ ਧਾਰਨੀ ਹੋਣ ਅਤੇ ਕਿਸੇ ਵੀ ਨਾਗਰਿਕ ਨਾਲ ਧਰਮ, ਜਾਤ-ਪਾਤ, ਲਿੰਗ ਸਮੇਤ ਹੋਰ ਕਿਸੇ ਵੀ ਪੱਧਰ ਉੱਤੇ ਕੋਈ ਵਿਤਕਰਾ ਨਾ ਹੋਵੇ। ਅਜਿਹੇ ਨਿਜ਼ਾਮ ਦੀ ਸਥਾਪਤੀ ਖ਼ਾਤਰ ਉਸ ਨੇ ਸਿਰਫ਼ ਸਾਢੇ ਤੇਈ ਸਾਲ ਦੀ ਉਮਰ ਵਿਚ ਰਾਜਗੁਰੂ ਅਤੇ ਸੁਖਦੇਵ ਸਮੇਤ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਦਿਆਂ ਸ਼ਹਾਦਤ ਦਿੱਤੀ ਅਤੇ ‘ਇਨਕਲਾਬ ਜ਼ਿੰਦਾਬਾਦ- ਸਾਮਰਾਜਵਾਦ ਮੁਰਦਾਬਾਦ’ ਦਾ ਨਾਅਰਾ ਬੁਲੰਦ ਕੀਤਾ। ਬੜੇ ਅਫ਼ਸੋਸ ਦੀ ਗੱਲ ਹੈ ਕਿ ਸਮੇਂ ਸਮੇਂ ਰਹੀਆਂ ਵੱਖ ਵੱਖ ਹਕੂਮਤਾਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਨੇਕਨੀਅਤੀ ਕਦੇ ਨਹੀਂ ਵਿਖਾਈ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਸਾਡੀਆਂ ਹਾਕਮ ਜਮਾਤਾਂ ਪਿਛਲੇ 75 ਸਾਲਾਂ ਤੋਂ ਸ਼ਹੀਦ ਭਗਤ ਸਿੰਘ ਅਤੇ ਉਸ ਦੀ ਇਨਕਲਾਬੀ ਸਮਾਜਵਾਦੀ ਵਿਚਾਰਧਾਰਾ ਨੂੰ ਅਣਗੌਲਿਆਂ ਕਰਦੀਆਂ ਆ ਰਹੀਆਂ ਹਨ। ਇਸ ਦੇ ਬਾਵਜੂਦ ਉਸ ਨੇ ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਅਤੇ ਸਮੁੱਚੀ ਮਿਹਨਤਕਸ਼ ਜਮਾਤ ਦੇ ਮਨਾਂ ਵਿਚ ਇਕ ਮਹਾਨ ਨਾਇਕ ਅਤੇ ਇਨਕਲਾਬੀ ਆਦਰਸ਼ ਹੋਣ ਦਾ ਮਾਣ-ਸਤਿਕਾਰ ਹਾਸਿਲ ਕੀਤਾ ਹੈ। ਉਸ ਦੀ ਲਾਸਾਨੀ ਸ਼ਹਾਦਤ ਅਤੇ ਦੁਨੀਆਂ ਦੇ ਮਹਾਨ ਇਨਕਲਾਬਾਂ ਤੇ ਇਨਕਲਾਬੀ ਸਾਹਿਤ ਦਾ ਪੂਰੀ ਡੂੰਘਾਈ ਨਾਲ ਅਧਿਐਨ ਕਰਨ ਸਦਕਾ ਹੀ ਭਗਤ ਸਿੰਘ ਨੂੰ ਸ਼ਹੀਦ-ਏ-ਆਜ਼ਮ ਅਤੇ ਇਨਕਲਾਬੀ ਚਿੰਤਕ ਕਿਹਾ ਜਾਂਦਾ ਹੈ।
ਇਸੇ ਕਾਰਨ ਉਸ ਦੀ ਸ਼ਹਾਦਤ ਦੇ 92 ਸਾਲਾਂ ਬਾਅਦ ਵੀ ਦੇਸ਼ ਦੀਆਂ ਸਮੂਹ ਲੋਕਪੱਖੀ ਸਿਆਸੀ, ਸਮਾਜਿਕ ਤੇ ਜਨਤਕ ਜਥੇਬੰਦੀਆਂ ਅਤੇ ਕਰੋੜਾਂ ਮਿਹਨਤਕਸ਼ ਲੋਕ ਹਰ ਸਾਲ ਸ਼ਹੀਦ ਭਗਤ ਸਿੰਘ ਦਾ ਜਨਮ ਅਤੇ ਸ਼ਹੀਦੀ ਦਿਹਾੜਾ ਮਨਾਉਣ ਦੇ ਨਾਲ ਨਾਲ ਉਸ ਦੀ ਇਨਕਲਾਬੀ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ ਆਪਣੇ ਜਮਹੂਰੀ ਹੱਕਾਂ ਦੀ ਰਾਖੀ ਲਈ ਲੋਕਪੱਖੀ ਜਨਤਕ ਸੰਘਰਸ਼ਾਂ ਦੀਆਂ ਪੈੜਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਦਿੱਲੀ ਦੀਆਂ ਹੱਦਾਂ ਉੱਤੇ ਸਫ਼ਲਤਾਪੂਰਵਕ ਚੱਲੇ ਕਿਸਾਨ ਅੰਦੋਲਨ ਦੀ ਮਿਸਾਲ ਸਾਡੇ ਸਾਹਮਣੇ ਹੈ।
ਕੁਝ ਮੌਕਾਪ੍ਰਸਤ ਅਤੇ ਫ਼ਿਰਕੂ ਤਾਕਤਾਂ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਅਤੇ ਇਨਕਲਾਬੀ ਸੋਚ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਤੋੜ ਮਰੋੜ ਕੇ ਗ਼ਲਤ ਢੰਗ ਨਾਲ ਪੇਸ਼ ਕਰ ਰਹੀਆਂ ਹਨ। ਕਦੇ ਉਸ ਨੂੰ ਟੋਪੀ, ਪਗੜੀ ਅਤੇ ਦਹਿਸ਼ਤਪਸੰਦ ਨੌਜਵਾਨ ਦੇ ਵਿਵਾਦ ਨਾਲ ਜੋੜ ਦਿੱਤਾ ਜਾਂਦਾ ਹੈ ਅਤੇ ਕਦੇ ਉਸ ਨੂੰ ਆਸਤਿਕ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ। ਹਕੀਕਤ ਇਹ ਹੈ ਕਿ ਸ਼ਹੀਦ ਭਗਤ ਸਿੰਘ ਦਾ ਕਿਸੇ ਵੀ ਧਰਮ, ਪਰਮਾਤਮਾ, ਆਤਮਾ, ਜਾਤ-ਪਾਤ, ਪਾਠ-ਪੂਜਾ ਅਤੇ ਕਿਸਮਤ ਵਿਚ ਕੋਈ ਵਿਸ਼ਵਾਸ ਨਹੀਂ ਸੀ। ਇਸ ਦਾ ਖੁਲਾਸਾ ਉਸ ਨੇ ਆਪਣੀ ਲਿਖਤ ‘ਮੈਂ ਨਾਸਤਿਕ ਕਿਉਂ ਹਾਂ?’ ਵਿਚ ਬਾਖ਼ੂਬੀ ਕੀਤਾ ਹੈ। ਸ਼ਹੀਦੇ ਆਜ਼ਮ ਦਾ ਕਹਿਣਾ ਸੀ ਕਿ ਪਿਸਤੌਲ ਅਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ ਸਗੋਂ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ। ਉਸ ਦਾ ਅਸਲ ਹਥਿਆਰ ਉਸ ਦੀ ਕਲਮ ਅਤੇ ਇਨਕਲਾਬੀ ਫਲਸਫ਼ਾ ਸੀ ਜਿਸ ਨੇ ਉਸ ਦੀ ਬੌਧਿਕ ਸਮਰੱਥਾ ਨੂੰ ਸਥਾਪਿਤ ਕੀਤਾ।
ਦੇਸ਼ ਦੀਆਂ ਜ਼ਿਆਦਾਤਰ ਸਰਕਾਰਾਂ ਨੇ ਮੁਲਕ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਮਦਨ ਲਾਲ ਢੀਂਗਰਾ, ਸੁਭਾਸ਼ ਚੰਦਰ ਬੋਸ, ਦੁਰਗਾ ਭਾਬੀ, ਗ਼ਦਰੀ ਬਾਬੇ ਅਤੇ ਹੋਰਨਾਂ ਇਨਕਲਾਬੀਆਂ ਨੂੰ ਕੌਮੀ ਪੱਧਰ ਉੱਤੇ ਮਾਨਤਾ ਦੇਣ ਦੀ ਕਦੇ ਰਾਜਸੀ ਨੇਕਨੀਅਤੀ ਨਹੀਂ ਵਿਖਾਈ। ਇਸ ਤੋਂ ਵੱਧ ਫ਼ਿਰਕੂ ਸਿਆਸਤ ਹੋਰ ਕੀ ਹੋ ਸਕਦੀ ਹੈ ਕਿ ਸਾਮਰਾਜ ਪੱਖੀ ਹੁਕਮਰਾਨਾਂ ਅਤੇ ਅਖੌਤੀ ਇਤਿਹਾਸਕਾਰਾਂ ਨੂੰ ਕੁਝ ਚੋਣਵੇਂ ਆਗੂਆਂ ਤੋਂ ਬਿਨਾਂ ਕੋਈ ਹੋਰ ਸੱਚਾ ਦੇਸ਼ਭਗਤ ਅਤੇ ਸ਼ਹੀਦ ਵਿਖਾਈ ਹੀ ਨਹੀਂ ਦਿੱਤਾ। ਇਸ ਦੇ ਨਾਲ ਹੀ ਆਜ਼ਾਦੀ ਦੇ ਇਤਿਹਾਸ ਨੂੰ ਹੀ ਤੋੜਿਆ-ਮਰੋੜਿਆ ਜਾ ਰਿਹਾ ਹੈ।
ਹੈਰਾਨਗੀ ਇਸ ਗੱਲ ਦੀ ਹੈ ਕਿ ਜਿਹੜੀਆਂ ਸਾਮਰਾਜ ਪੱਖੀ ਅਤੇ ਫ਼ਿਰਕੂ ਤਾਕਤਾਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਸਾਥੀਆਂ ਦੀ ਵਿਚਾਰਧਾਰਾ ਤੇ ਸਰਗਰਮੀਆਂ ਦਾ ਉਨ੍ਹਾਂ ਦੇ ਜਿਉਂਦੇ ਜੀਅ ਡਟ ਕੇ ਵਿਰੋਧ ਕਰਦੀਆਂ ਰਹੀਆਂ, ਉਹੀ ਤਾਕਤਾਂ ਹੁਣ ਮੌਕਾਪ੍ਰਸਤ ਸਿਆਸਤ ਤਹਿਤ ਹਰ ਸਾਲ 23 ਮਾਰਚ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਬੁੱਤਾਂ ਉੱਤੇ ਹਾਰ ਪਾ ਕੇ ਅਤੇ ਝੂਠੇ ਭਾਸ਼ਣ ਕਰਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੀਆਂ ਹਨ। ਇਸ ਵਿਚਾਰਧਾਰਾ ਦੇ ਬਿਲਕੁਲ ਉਲਟ ਚਲਦਿਆਂ ਅਜਿਹੀਆਂ ਹਾਕਮ ਜਮਾਤਾਂ ਸਾਮਰਾਜੀ ਤਾਕਤਾਂ ਦੀਆਂ ਪਿਛਲੱਗ ਬਣ ਕੇ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਲੋਕ-ਮਾਰੂ ਨੀਤੀਆਂ ਤਹਿਤ ਦੇਸ਼ ਦੇ ਚੰਗੇ ਭਲੇ ਜਨਤਕ ਅਦਾਰਿਆਂ ਨੂੰ ਬਹੁਕੌਮੀ ਕੰਪਨੀਆਂ ਕੋਲ ਕੌਡੀਆਂ ਦੇ ਭਾਅ ਵੇਚ ਰਹੀਆਂ ਹਨ। ਇਸ ਦੇ ਨਤੀਜੇ ਵਜੋਂ ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ, ਭੁੱਖਮਰੀ, ਨਾਬਰਾਬਰੀ, ਬਾਲ ਮਜ਼ਦੂਰੀ, ਭ੍ਰਿਸ਼ਟਾਚਾਰ ਆਦਿ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰ ਚੁੱਕੀਆਂ ਹਨ।
ਸ਼ਹੀਦ ਭਗਤ ਸਿੰਘ ਹੋਰਾਂ ਨੇ ਜ਼ਾਲਮ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਹਾਸਿਲ ਕਰਨ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਇਸ ਤੋਂ ਵੀ ਵੱਧ ਸਖ਼ਤ ਲੋਕ ਵਿਰੋਧੀ ਕਾਨੂੰਨ ਅਤੇ ਸਾਮਰਾਜ ਪੱਖੀ ਆਰਥਿਕ ਨੀਤੀਆਂ, ਕਾਰਪੋਰੇਟ ਲੁੱਟ, ਅੰਨ੍ਹੇਵਾਹ ਨਿੱਜੀਕਰਨ, ਭ੍ਰਿਸ਼ਟਾਚਾਰ, ਫ਼ਿਰਕਾਪ੍ਰਸਤੀ, ਸਮਾਜਿਕ ਅਨਿਆਂ ਅਤੇ ਆਰਥਿਕ ਨਾਬਰਾਬਰੀ ਦੀਆਂ ਨੀਤੀਆਂ ਮੌਜੂਦਾ ਸ਼ਰ੍ਹੇਆਮ ਲਾਗੂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਸੰਵਿਧਾਨ, ਜਮਹੂਰੀਅਤ, ਧਰਮ ਨਿਰਪੱਖ ਅਤੇ ਬਹੁ-ਸਭਿਆਚਾਰਕ ਢਾਂਚੇ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਘੱਟਗਿਣਤੀ ਫ਼ਿਰਕਿਆਂ ਉੱਤੇ ਹਿੰਸਕ ਹਮਲੇ ਵਧ ਰਹੇ ਹਨ। ਵਿਰੋਧੀਆਂ ਖਿਲਾਫ਼ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਆਮ ਗੱਲ ਬਣਦੀ ਜਾ ਰਹੀ ਹੈ। ਇਹ ਅਫ਼ਸੋਸ ਦੀ ਗੱਲ ਹੈ ਕਿ ਲੋਕਤੰਤਰ ਦਾ ਚੌਥਾ ਥੰਮ ਕਹਾਉਣ ਵਾਲੇ ਮੀਡੀਆ ਦਾ ਵੱਡਾ ਹਿੱਸਾ ਲੋਕ-ਮਾਰੂ ਆਰਥਿਕ ਅਤੇ ਫ਼ਰਿਕੂ ਨੀਤੀਆਂ ਦਾ ਵਿਰੋਧ ਕਰਨ ਦੀ ਥਾਂ ਆਪਣੇ ਕਾਰਪੋਰੇਟ ਆਕਾਵਾਂ ਅਤੇ ਸੱਤਾਧਾਰੀ ਜਮਾਤਾਂ ਦੇ ਸੋਹਲੇ ਗਾਉਂਦਾ ਹੈ।
ਚਾਹੇ ਹਾਕਮ ਜਮਾਤਾਂ ਦੇਸ਼ ਵਿਚ ਵਿਕਾਸ ਹੋਣ ਦੇ ਲੱਖ ਦਾਅਵੇ ਕਰੀ ਜਾਣ, ਪਰ ਹਕੀਕਤ ਇਹ ਹੈ ਕਿ ਅੱਜ ਵੀ ਦੇਸ਼ ਦੇ ਕਰੋੜਾਂ ਗ਼ਰੀਬ ਤੇ ਦੱਬੇ ਕੁਚਲੇ ਲੋਕ, ਕਿਸਾਨ, ਮਜ਼ਦੂਰ ਰੋਟੀ, ਕੱਪੜਾ, ਮਕਾਨ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਸਾਫ਼ ਪਾਣੀ, ਸੀਵਰੇਜ, ਸੜਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਇਸ ਦੇ ਬਿਲਕੁਲ ਉਲਟ ਵੱਡੇ ਪੂੰਜੀਪਤੀ ਘਰਾਣੇ, ਉੱਚ ਅਧਿਕਾਰੀ ਅਤੇ ਸਿਆਸੀ ਨੇਤਾ ਮਿਲੀਭੁਗਤ ਨਾਲ ਟੈਕਸ ਚੋਰੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਕਈ ਤਰ੍ਹਾਂ ਦੇ ਘੁਟਾਲਿਆਂ ਰਾਹੀਂ ਦੇਸ਼ ਦੇ ਅਰਬਾਂ ਰੁਪਏ ਦੇ ਸਰਮਾਏ ਦੀ ਅੰਨ੍ਹੀ ਲੁੱਟ ਕਰਕੇ ਵਿਦੇਸ਼ੀ ਬੈਂਕਾਂ ‘ਚ ਲਿਜਾ ਰਹੇ ਹਨ। ਹਰ ਸਾਲ ਲੱਖਾਂ ਭਾਰਤੀ ਵਿਦਿਆਰਥੀ ਅਤੇ ਨੌਜਵਾਨ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਵਿਦੇਸ਼ਾਂ ਨੂੰ ਪਰਵਾਸ ਕਰ ਰਹੇ ਹਨ। ਕੀ ਇਹੀ ਹੈ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸੁਪਨਿਆਂ ਦਾ ਭਾਰਤ? ਹਰਗਿਜ਼ ਨਹੀਂ।
ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ ਵਾਲੇ ਸੈਂਕੜੇ ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ, ਵਿਦਿਆਰਥੀਆਂ, ਵਕੀਲਾਂ, ਲੇਖਕਾਂ ਅਤੇ ਪੱਤਰਕਾਰਾਂ ਨੂੰ ਗ਼ੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਬਿਨਾਂ ਕਿਸੇ ਸੁਣਵਾਈ ਦੇ ਪਿਛਲੇ ਪੰਜ ਸਾਲਾਂ ਤੋਂ ਜੇਲ੍ਹਾਂ ਵਿਚ ਡੱਕਿਆ ਗਿਆ ਹੈ ਅਤੇ ਉਨ੍ਹਾਂ ਨੂੰ ਜ਼ਮਾਨਤਾਂ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ।
ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ”ਹਿੰਦੋਸਤਾਨ ਨੂੰ ਜ਼ਾਲਮ ਬਰਤਾਨਵੀ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਕਿਰਤੀ ਇਨਕਲਾਬ ਤੋਂ ਇਲਾਵਾ ਨਾ ਕਿਸੇ ਹੋਰ ਪ੍ਰੋਗਰਾਮ ਦੀ ਇੱਛਾ ਕਰਨੀ ਚਾਹੀਦੀ ਹੈ ਅਤੇ ਨਾ ਹੀ ਇਹ ਕਾਮਯਾਬ ਹੋ ਸਕਦਾ ਹੈ। ਇਸ ਲਈ ਨੌਜਵਾਨਾਂ ਨੂੰ ਇਨਕਲਾਬ ਦਾ ਸੁਨੇਹਾ ਕਾਰਖਾਨਿਆਂ ਅਤੇ ਖੇਤਾਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ, ਕਿਸਾਨਾਂ, ਝੁੱਗੀ-ਝੌਂਪੜੀਆਂ ਅਤੇ ਦੇਸ਼ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੀ ਲੋੜ ਹੈ। ਇਹੀ ਕਿਰਤੀ ਇਨਕਲਾਬ ਅਸਲ ਆਜ਼ਾਦੀ ਲਿਆਵੇਗਾ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਅਸੰਭਵ ਬਣਾ ਦੇਵੇਗਾ।” ਲੋਕਪੱਖੀ ਜਮਹੂਰੀ ਤਾਕਤਾਂ ਨੂੰ ਇਹ ਸੁਨੇਹਾ ਹਰ ਖੇਤਰ ਤਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਅਸਲ ਆਜ਼ਾਦੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮੂਹ ਲੋਕਪੱਖੀ, ਅਗਾਂਹਵਧੂ, ਜਮਹੂਰੀ ਸਿਆਸੀ ਅਤੇ ਜਨਤਕ ਸੰਗਠਨਾਂ ਦੀ ਸਿਧਾਂਤਕ ਤੇ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਸ਼ ਦੇ ਸਮੁੱਚੇ ਖੇਤਰਾਂ ਦੇ ਸਮੂਹ ਮਿਹਨਤਕਸ਼ ਵਰਗਾਂ ਨੂੰ ਇਕ ਸਾਂਝੇ ਮੰਚ ‘ਤੇ ਲਾਮਬੰਦ ਕਰ ਕੇ ਇਤਿਹਾਸਕ ਕਿਸਾਨ ਅੰਦੋਲਨ ਵਾਂਗ ਹੀ ਦੇਸ਼ ਵਿਆਪੀ ਅੰਦੋਲਨ ਵਿੱਢਣ ਤਾਂ ਜੋ ਦੇਸ਼ ਦੇ ਸੰਵਿਧਾਨ, ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਨੂੰ ਤੋੜਨ ਅਤੇ ਜਨਤਕ ਖੇਤਰ ਨੂੰ ਵੇਚਣ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਕੇ ਲੋਕਪੱਖੀ ਢਾਂਚਾ ਸਥਾਪਤ ਕੀਤਾ ਜਾ ਸਕੇ। 23 ਮਾਰਚ ਦੇ ਸ਼ਹੀਦਾਂ ਨੂੰ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ।    ਸੁਮੀਤ ਸਿੰਘ/ਸੰਪਰਕ: 76960-30173