Headlines

ਇਨਾਮਾਂ ਦੇ ਅਖਾੜੇ ‘ਚ ਭਾਰਤ ਨੇ, ਪੰਜਾਬ ਨੇ, ਔਰਤਾਂ ਨੇ ਭਰਵੀਆਂ ਮੱਲਾਂ ਮਾਰੀਆਂ

 

ਐਤਕੀਂ ਯਾਨੀ 95ਵੇਂ ਆਸਕਰ ਇਨਾਮ ਵੰਡ ਸਮਾਗਮ ਵਿਚ ਭਾਰਤੀਆਂ ਨੇ ਮੱਲਾਂ ਹੀ ਨਹੀਂ ਮਾਰੀਆਂ, ਇਹ ਮੱਲਾਂ ਮਾਰਦਿਆਂ, ਕਈ ‘ਜੱਗੋਂ ਤੇਰ੍ਹਵੀਆਂ’ ਵੀ ਕੀਤੀਆਂ ਹਨ। ਇਹ ਗੱਲ ਤਾਂ ਹੁਣ ਜੱਗ ਜ਼ਾਹਰ ਹੋ ਗਈ ਹੈ ਕਿ ਭਾਰਤੀ ਫ਼ਿਲਮ ਸਨਅਤ ਦੇ ਮੂੰਹ (ਰੂਹ) ਨੂੰ ਹੁਣ ਆਸਕਰ ਇਨਾਮਾਂ ਦਾ ਸੁਆਦ ਲੱਗ ਗਿਆ ਹੈ, ਜਿਸ ਦੇ ਨਤੀਜੇ ਵਜੋਂ ਇਹ ਸੰਭਵ ਹੈ ਕਿ ਹੁਣ ਤਕ ਮਨੋਰੰਜਨ ਕਰਨ ਦੇ ਉਦੇਸ਼ ਨਾਲ਼ ਹੀ ਫ਼ਿਲਮਾਂ ਬਣਾਉਣ ਦੇ ਦਾਅਵੇ ਕਰਦੀ ਰਹੀ ਇਹ ਇੰਡਸਟਰੀ ਵਿਚੋਂ ਕੋਈ ਮਾਂ ਦਾ ਲਾਲ ਇਹ ਕਹਿ ਦੇਵੇ ਕਿ ਉਹ, ਅਗਲਾ ਆਸਕਰ ਇਨਾਮ ਜਿੱਤਣ ਦੇ ਉਦੇਸ਼ ਨਾਲ਼ ਫ਼ਿਲਮ ਬਣਾ ਰਿਹਾ ਹੈ। ਜੇ, ਬਹੁਤ ਹੀ ਸੀਮਤ ਸਾਧਨਾਂ ਨਾਲ਼ ਬਣਾਈ ਗਈ, ਬਹੁਤ ਹੀ ਸੰਖੇਪ ਜਿਹੀ ਦਸਤਾਵੇਜ਼ੀ ਫ਼ਿਲਮ ‘ਦ ਐਲੀਫੈਂਟ ਵਿਸਪਰਰਜ਼’ ਆਸਕਰ ਇਨਾਮ ਜਿੱਤ ਕੇ ਲਿਆ ਸਕਦੀ ਹੈ ਤਾਂ ਸੋਚ-ਸਮਝ ਕੇ ਆਸਕਰ ਇਨਾਮ ਜਿੱਤਣ ਦੇ ਉਦੇਸ਼ ਨਾਲ਼ ਫ਼ਿਲਮ ਬਣਾਉਣ ਲਈ ਇਸ ਸਨਅਤ ਵਿਚ ਹੁਨਰ ਦੀ ਘਾਟ ਹੋ ਸਕਦੀ ਹੈ ਨਾ ਸਾਧਨਾਂ ਦੀ। ਲੋੜ ਹੈ ਤਾਂ ਇਸ ਸਨਅਤ ਨੂੰ, ਇਸ ਸਬੰਧ ਵਿਚ ਲੱਕ ਬੰਨ੍ਹਣ ਦੀ ਹੀ ਹੈ। ਭਾਰਤੀ ਫ਼ਿਲਮ ਸਨਅਤ ਦੇ ਇਕ ਖੇਤਰ ਵੱਲੋਂ ਬਣਾਈ ਗਈ ਫ਼ਿਲਮ ‘ਆਰ ਆਰ ਆਰ’ ਨੇ ਤਕਨੀਕੀ ਪੱਖ ਤੋਂ ਸਾਰੇ ਜਹਾਨ ਦਾ ਧਿਆਨ ਤਾਂ ਖਿੱਚਿਆ ਹੀ ਸੀ, ਉਸ ਦਾ ਇਕ ਗੀਤ ‘ਨਾਟੋ-ਨਾਟੋ’ ਯਾਨੀ ‘ਨਾਚੋ-ਨਾਚੋ’ ਵੀ ਇਸ ਵਾਰ ਆਸਕਰ ਇਨਾਮ ਫੁੰਡ ਲਿਆਇਆ। ਇਸ ਗੀਤ ਨੂੰ ਇਹ ਇਨਾਮ ਦੁਆਉਣ ਵਿਚ ਗੀਤ ਦੇ ਬੋਲਾਂ ਦੀ ਮੌਲਿਕਤਾ ਦੇ ਨਾਲ਼-ਨਾਲ਼ ਨਾਚ ਨਿਰਦੇਸ਼ਨ, ਜਾਨਦਾਰ ਅਦਾਕਾਰੀ ਅਤੇ ਵਧੀਆ ਸੰਗੀਤ ਨਿਰਦੇਸ਼ਨ ਦਾ ਵੀ ਹੱਥ ਹੈ। ਇਸ ਇਕ ਇਨਾਮ ਨਾਲ਼ ਇਸ ਗੀਤ ਵਿਚ ਯੋਗਦਾਨ ਪਾਉਣ ਵਾਲ਼ੇ ਕਿੰਨੇ ਵਿਅਕਤੀ ਤੇ ਵਿਭਾਗ ਨਵਾਜ਼ੇ ਗਏ ਹਨ। ਇਨ੍ਹਾਂ ਵਿਚ ਗੀਤਕਾਰ, ਗਾਇਕ, ਸੰਗੀਤ ਨਿਰਦੇਸ਼ਕ, ਨਾਚ ਨਿਰਦੇਸ਼ਕ ਅਤੇ ਅਦਾਕਾਰ ਵੀ ਸ਼ਾਮਲ ਹਨ, ਜਿਨ੍ਹਾਂ ਦੇ ਸਾਂਝੇ ਹੀਲਿਆਂ ਨੇ ਸਾਰੇ ਜਹਾਨ ਵਿਚ ਭਾਰਤ ਦਾ ਨਾਮ ਚਮਕਾਇਆ ਹੈ। ਇਸ ਸਭ ਕੁੱਝ ਤੋਂ ਇਹੋ ਇਸ਼ਾਰੇ ਮਿਲਦੇ ਹਨ ਕਿ ਇਕ ਛੋਟੀ ਜਿਹੀ ਦਸਤਾਵੇਜ਼ੀ ਤੇ ਇਕ ਗੀਤ ਨਾਲ਼ ਹੀ ਦੋ ਆਸਕਰ ਜਿੱਤਣ ਵਾਲ਼ੀ ਭਾਰਤੀ ਫ਼ਿਲਮ ਸਨਅਤ ਅਗਲੇ ਸਮਿਆਂ ਵਿਚ ਕਿਸੇ ਮੁਕੰਮਲ ਫ਼ਿਲਮ ਨਾਲ਼ ਵੀ ਆਸਕਰ ਇਨਾਮ ਜਿੱਤ ਸਕਦੀ ਹੈ। 1929 ਵਿਚ ਦੇਣੇ ਸ਼ੁਰੂ ਕੀਤੇ ਹੋਏ ਆਸਕਰ ਇਨਾਮ, ਜਿਨ੍ਹਾਂ ਨੂੰ ਅਕੈਡਮੀ ਐਵਾਰਡਜ਼ ਵੀ ਕਿਹਾ ਜਾਂਦੈ, ਸਿਨੇਮਾ ਦੇ ਬਹੁਤ ਵਕਾਰੀ ਇਨਾਮ ਹਨ। ਇਹ ਇਨਾਮ ਵਧੀਆ ਫ਼ਿਲਮ, ਵਧੀਆ ਨਿਰਦੇਸ਼ਕ, ਵਧੀਆ ਅਦਾਕਾਰ ਜਾਂ ਅਦਾਕਾਰਾ, ਵਧੀਆ ਅਸਲ ਸਕਰੀਨ ਪਲੇ ਅਤੇ ਕਈ ਹੋਰ ਸ਼੍ਰੇਣੀਆਂ ਵਿਚ ਵੀ ਦਿੱਤੇ ਜਾਂਦੇ ਹਨ।ਭਾਵੇਂ ਆਸਕਰ ਇਨਾਮ ਜੇਤੂ ਦਸਤਾਵੇਜ਼ੀ ਫ਼ਿਲਮ ‘ਦ ਐਲੀਫੈਂਟ ਵਿਸਪਰਰਜ਼’ ਦੀ ਨਿਰਮਾਤਾ ਗੁਨੀਤ ਮੌਂਗਾ, ਦਿੱਲੀ ‘ਚ ਰਹਿੰਦੀ ਹੈ, ਪਰ ਉਸ ਦਾ ਪਿਛੋਕੜ ਪੰਜਾਬ ਨਾਲ਼ ਜੁੜਦਾ ਹੈ ਤੇ ਉਹ ਪੰਜਾਬਣ ਹੈ। ਉਸ ਨੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਤੋਂ ਇਲੈਕਟਰਾਨਿਕ ਪੱਤਰਕਾਰੀ ਵਿਚ ਗਰੈਜੂਏਸ਼ਨ ਕੀਤੀ ਹੋਈ ਹੈ। ਉਹ, ਏਕਤਾ ਕਪੂਰ ਤੇ ਅਨੁਰਾਗ ਕਸ਼ਯਪ ਦੇ ਪੋਡੱਕਸ਼ਨ ਹਾਊਸਿਜ਼ ਵਿਚ ਕੰਮ ਕਰ ਚੁੱਕੀ ਹੈ। ਉਹ, 2008 ਤੋਂ ‘ਸਿੱਖਿਆ ਐਂਟਰਟੇਨਮੈਂਟ’ ਨਾਂ ਦਾ ਅਦਾਰਾ ਚਲਾ ਰਹੀ ਹੈ। ਉਹ, 2006 ਵਿਚ ਮੁੰਬਈ ਚਲੀ ਗਈ ਸੀ। ਬਹੁਤ ਸਾਰੇ ਪ੍ਰਜੈਕਟਾਂ ਵਿਚ ਕੰਮ ਕਰਨ ਦੇ ਨਾਲ਼-ਨਾਲ਼, ਉਸ ਨੇ 2012 ਵਿਚ ਬਣੀ ਫ਼ਿਲਮ ‘ਲਵ-ਰਿੰਕਲ ਫ੍ਰੀ’ ਵਿਚ ਅਦਾਕਾਰੀ ਕਰਦਿਆਂ ‘ਫਲੋਰੈਂਸ ਮੋਗਾ’ ਦਾ ਕਿਰਦਾਰ ਵੀ ਨਿਭਾਇਆ ਸੀ। ਇਸ ਫ਼ਿਲਮ ਦੀ ਨਿਰਦੇਸ਼ਕਾ ਕਾਰਤਿਕੀ ਗੌਨਸਾਲਵੇਜ਼, ਦਸਤਾਵੇਜ਼ੀ ਫ਼ਿਲਮਸਾਜ਼ ਹੋਣ ਦੇ ਨਾਲ਼-ਨਾਲ਼ ਇਕ ਫੋਟੋਗ੍ਰਾਫ਼ਰ ਵੀ ਹੈ, ਜੋ ‘ਐਨੀਮਲ ਪਲ਼ੈਨੈੱਟ’ ਅਤੇ ‘ਡਿਸਕਵਰੀ ਚੈਨਲ’ ਵਿਚ ਕੰਮ ਕਰ ਚੁੱਕੀ ਹੈ। ਉਸ ਨੇ ਇਹ ਫ਼ਿਲਮ, ਉਸ ਥਾਂ ਫ਼ਿਲਮਾਈ ਹੈ, ਜਿੱਥੇ ਉਹ ਪਲ਼ੀ ਤੇ ਵੱਡੀ ਹੋਈ ਸੀ। ਇਹ ਗੱਲ ਇਕ ਵਾਰ ਫਿਰ ਭਾਰਤ ਦੀ ਇਸਤਰੀ-ਸ਼ਕਤੀ ਦੀ ਤਸਦੀਕ ਕਰਦੀ ਹੈ। ਇਹ ਫ਼ਿਲਮ, ਹਾਥੀ ਦੇ ਇਕ ਲਾਵਾਰਸ ਤੇ ਜ਼ਖ਼ਮੀ ਬੱਚੇ ‘ਰਘੂ’ ਦੇ, ਉਸ ਦੇ ਪਾਲਣਹਾਰ ਕਬਾਇਲੀ ਜੀਆਂ ‘ਬੋਮਨ’ ਤੇ ਉਸ ਦੀ ਪਤਨੀ ‘ਬੇਲੀ’ ਨਾਲ਼ ਮੋਹ ਦੀ ਦਾਸਤਾਨ ਬਿਆਨ ਕਰਦੀ ਏ।ਜਦੋਂ ਪਲ਼ੇ ਹੋਏ ‘ਰਘੂ’ ਨੂੰ ਜੰਗਲਾਤ ਮੁਲਾਜ਼ਮ ਲੈ ਜਾਂਦੇ ਹਨ ਤਾਂ ਬੋਮਨ ਤੇ ਬੇਲੀ ਨੂੰ ਇਸ ਤਰ੍ਹਾਂ ਲੱਗਦਾ ਏ, ਜਿਵੇਂ ਉਹ ਸੰਤਾਨਹੀਣ ਕਰ ਦਿੱਤੇ ਗਏ ਨੇ। ਇਸ ਫ਼ਿਲਮ ਬਾਰੇ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਇਸ ਨੇ ਇਹ ਆਸਕਰ ਇਨਾਮ, ਕਿਸੇ ਫ਼ਿਲਮ ਸਟਾਰ ਦੇ ਯੋਗਦਾਨ ਤੋਂ ਬਗ਼ੈਰ ਜਿੱਤਿਆ ਹੈ। ਇਸ ਦੌਰਾਨ ਹੀ, ਹੈਦਰਾਬਾਦ ਵਿਚ ਇਕ ਫ਼ਿਲਮ ਦੀ ਸ਼ੂਟਿੰਗ ਕਰਦਿਆਂ ਜ਼ਖ਼ਮੀ ਹੋ ਚੁੱਕੇ ਤੇ ਇਲਾਜ ਕਰਾ ਰਹੇ ਅਮਿਤਾਭ ਬੱਚਨ ਨੇ ਭਾਰਤੀ ਫ਼ਿਲਮ ਸਨਅਤ ਵੱਲੋਂ ਦੋ ਆਸਕਰ ਇਨਾਮ ਜਿੱਤਣ ‘ਤੇ ਖ਼ੁਸ਼ੀ ਜ਼ਾਹਰ ਕਰਦਿਆਂ, ਇਹ ਇਨਾਮ ਹਾਸਲ ਕਰਨ ਵਾਲ਼ਿਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਇਕ ਸੁਨੇਹੇ ਵਿਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਭਾਰਤ ਕਾ ਝੰਡਾ ਗਾਡ ਦੀਆ ਹੈ ਵਿਦੇਸ਼ ਮੇਂ!”
ਸੁਰੇਖਾ ਯਾਦਵ ਨੇ ਨਵਾਂ ਇਤਿਹਾਸ ਰਚਿਆ

ਮਹਾਰਾਸ਼ਟਰ ਵਿਚ ਸਿਤਾਰਾ ਦੀ ਰਹਿਣ ਵਾਲ਼ੀ ਸੁਰੇਖਾ ਯਾਦਵ ਨੇ ਏਸ਼ੀਆ ਦੀ ‘ਪਹਿਲੀ ਲੋਕੋ ਪਾਇਲਟ’ ਵਜੋਂ ‘ਵੰਦੇ ਭਾਰਤ ਐਕਸਪ੍ਰੈੱਸ’ ਰੇਲ ਗੱਡੀ ਚਲਾ ਕੇ ਇਕ ਵਾਰ ਫਿਰ ਨਵਾਂ ਇਤਿਹਾਸ ਰਚਿਆ ਹੈ। ਉਸ ਨੇ ਇਹ ਰੇਲ ਗੱਡੀ, ਸੋਲਾਪੁਰ ਤੋਂ ਸੀ. ਐੱਸ. ਐੱਮ. ਟੀ. ਤਕ ਚਲਾਈ। ਇਸ ਸਬੰਧ ਵਿਚ ਭਾਰਤ ਦੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, “ਵੰਦੇ ਭਾਰਤ, ਨਾਰੀ ਸ਼ਕਤੀ ਨੇ ਚਲਾਈ ਤੇ ਸ਼੍ਰੀਮਤੀ ਸੁਰੇਖਾ ਯਾਦਵ ਹੈ, ‘ਵੰਦੇ ਭਾਰਤ ਐਕਸਪ੍ਰੈੱਸ’ ਦੀ ਪਹਿਲੀ ਇਸਤਰੀ ਲੋਕੋ ਪਾਇਲਟ!” ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰੀ ਰੇਲਵੇ ਨੇ ਸੀ. ਐੱਸ. ਐੱਮ. ਟੀ. -ਸੋਲਾਪੁਰ ਅਤੇ ਸੀ. ਐੱਸ. ਐੱਮ. ਟੀ. -ਸਾਈਨਗਰ ਸ਼ਿਰਡੀ ਰੂਟਾਂ ‘ਤੇ ਦੋ ‘ਵੰਦੇ ਭਾਰਤ ਐਕਸਪ੍ਰੈੱਸ’ ਗੱਡੀਆਂ ਚਲਾਈਆਂ ਹਨ, ਜਿਨ੍ਹਾਂ ਨੂੰ 10 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਲਹਿਰਾਅ ਕੇ ਵਿਦਾ ਕੀਤਾ ਸੀ। ਇਸ ਮੌਕੇ ‘ਤੇ ਛਤਰਪਤੀ ਸ਼ਿਵਾ ਜੀ ਟਰਮੀਨਸ ਦੇ ਪਲੈਟਫਾਰਮ ਨੰਬਰ 8 ‘ਤੇ ਸੁਰੇਖਾ ਯਾਦਵ ਦਾ ਸਨਮਾਨ ਕੀਤਾ ਗਿਆ।
‘ਚਮਕੀਲਾ’ ਦੀ ਸ਼ੂਟਿੰਗ ਸਮਾਪਤ

ਜਾਣੇ-ਪਛਾਣੇ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ ਨੇ ਪੰਜਾਬੀ ਦਰਸ਼ਕਾਂ ਵੱਲੋਂ ਬਹੁਤ ਚਿਰ ਤੋਂ ਉਡੀਕੀ ਜਾ ਰਹੀ ਫ਼ਿਲਮ ‘ਚਮਕੀਲਾ’ ਦੀ ਸ਼ੂਟਿੰਗ ਸਿਰੇ ਲਾ ਦਿੱਤੀ ਹੈ। ਇਸ ਫ਼ਿਲਮ ਵਿਚ, ਪੰਜਾਬੀਆਂ ਦੇ ਚਹੇਤੇ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਵਾਲ਼ੇ ਦਿਲਜੀਤ ਦੁਸਾਂਝ ਅਤੇ ਚਮਕੀਲੇ ਦੀ ਸਾਥਣ ਗਾਇਕਾ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਣ ਵਾਲ਼ੀ ਪਰਿਨੀਤੀ ਚੋਪੜਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ ਤੇ ਉਹ ਦੋਵੇਂ ਇਸ ਲਈ ਇਮਤਿਆਜ਼ ਅਲੀ ਦੇ ਸ਼ੁਕਰਗੁਜ਼ਾਰ ਹਨ। ਇੱਥੇ ਦੱਸਣਾ ਹੀ ਪੈਣਾ ਹੈ ਕਿ ਪਰਿਨੀਤੀ ਚੋਪੜਾ ਬਹੁਤ ਵਧੀਆ ਅਦਾਕਾਰਾ ਹੋਣ ਦੇ ਨਾਲ਼-ਨਾਲ਼ ਵਧੀਆ ਗਾਇਕਾ ਵੀ ਹਨ। ਦਿਲਜੀਤ ਤਾਂ ਅਦਾਕਾਰ ਬਣਨ ਤੋਂ ਪਹਿਲਾਂ ਵੀ ਮਗਰੋਂ ਵੀ ਗਾਇਕ ਹੈ।
ਧੀ ਨੇ ਵੱਢੀ ਹੋਈ ਮਾਂ ਰੱਖ ਛੱਡੀ

ਮੁੰਬਈ ਦੇ ਇਕ ਘਰ ਦੀ ਅਲਮਾਰੀ ਵਿਚੋਂ, ਇਕ ਔਰਤ ਦੀ ਲਾਸ਼ ਦੇ ਗਲ਼ੇ-ਸੜੇ ਟੁਕੜੇ ਮਿਲੇ ਹਨ। ਟੁਕੜਿਆਂ ਦੀ ਸ਼ਕਲ ਵਿਚ, ਪਲਾਸਟਿਕ ਦੇ ਇਕ ਥੈਲੇ ਵਿਚ ਮਿਲੀ ਲਾਸ਼ ਦੀ ਪਛਾਣ, 53 ਸਾਲਾ ਵੀਨਾ ਪ੍ਰਕਾਸ਼ ਜੈਨ ਵਜੋਂ ਹੋਈ ਹੈ। ਉਸ ਨੂੰ ਕਤਲ ਕਰਨ ਦਾ ਦੋਸ਼, ਉਸੇ ਦੀ 22 ਸਾਲਾ ਧੀ ਰਿੰਪਲ ਪ੍ਰਕਾਸ਼ ਜੈਨ ਦੇ ਸਿਰ ਲੱਗਿਆ ਹੈ। ਪੁਲਸ ਦੇ ਦੱਸਣ ਮੁਤਾਬਕ, ਇਹ ਕਤਲ, ਪਿਛਲੇ ਸਾਲ ਦਸੰਬਰ ਵਿਚ ਹੋਇਆ ਸੀ। ਪੁਲਸ ਨੇ ਰਿੰਪਲ ਨੂੰ ਹਿਰਾਸਤ ਵਿਚ ਲੈ ਕੇ ਕੇਸ ਦਰਜ ਕਰ ਲਿਆ ਹੈ। ਇਹ ਮਾਮਲਾ, ਮੁੰਬਈ ਦੇ ਲਾਲ ਬਾਗ਼ ਪੇਰੂ ਕੰਪਾਊਂਡ ਇਲਾਕੇ ਦਾ ਹੈ। ਵੀਨਾ ਦੀ ਵੱਢੀ-ਟੁੱਕੀ ਤੇ ਗਲੀ-ਸੜੀ ਲਾਸ਼ 15 ਮਾਰਚ ਨੂੰ, ਪਲਾਸਟਿਕ ਦੇ ਇਕ ਥੈਲੇ ਵਿਚ ਪਾ ਕੇ ਅਲਮਾਰੀ ਵਿਚ ਰੱਖੀ ਹੋਈ ਬਰਾਮਦ ਹੋਈ ਸੀ। ਇਕ ਹੋਰ ਸੂਚਨਾ ਅਨੁਸਾਰ, ਰਿੰਪਲ 12ਵੀਂ ਜਮਾਤ ਤਕ ਪੜ੍ਹੀ ਹੋਈ ਹੈ। ਉਹ ਆਪਣੀ ਮਾਂ ਨਾਲ਼, ਇੱਥੇ ਆਪਣੇ ਮਾਮੇ ਦੇ ਘਰ ਰਹਿੰਦੀ ਸੀ। ਮਾਮਾ ਹੀ ਉਨ੍ਹਾਂ ਨੂੰ ਖ਼ਰਚਾ-ਪਾਣੀ ਦਿੰਦਾ ਹੁੰਦਾ ਸੀ। 14 ਮਾਰਚ ਨੂੰ ਰਿੰਪਲ ਦੇ ਉਸੇ ਮਾਮੇ ਦੀ ਧੀ, ਉਨ੍ਹਾਂ ਦੇ ਘਰ ਆਈ ਤਾਂ ਰਿੰਪਲ ਨੇ ਉਸ ਨੂੰ ਅੰਦਰ ਆਉਣ ਦੇ ਲਈ ਘਰ ਦਾ ਬੂਹਾ ਨਾ ਖੋਲ੍ਹਿਆ। ਉਸ ਕੁੜੀ ਨੂੰ ਆਂਢੀਆਂ-ਗੁਆਂਢੀਆਂ ਨੇ ਦੱਸਿਆ ਕਿ ਦੋ ਮਹੀਨਿਆਂ ਤੋਂ ਉਨ੍ਹਾਂ ਨੇ ਵੀਨਾ ਨਹੀਂ ਦੇਖੀ। ਜਦੋਂ ਰਿੰਪਲ ਦੇ ਮਾਮਾ ਨੇ ਜਬਰੀ ਬੂਹਾ ਖੋਲ੍ਹਿਆ ਤਾਂ ਅੰਦਰੋਂ ਬਦਬੋ ਆਉਣ ਲੱਗੀ। ਲੋਕਾਂ ਨੇ ਹੀ ਪੁਲਸ ਨੂੰ ਇਤਲਾਹ ਦੇ ਦਿੱਤੀ ਤਾਂ ਪੁਲਸ ਨੇ ਘਰ ਦੀ ਤਲਾਸ਼ੀ ਲਈ ਤਾਂ ਅਲਮਾਰੀ ਵਿਚੋਂ ਵੀਨਾ ਦੀ ਵੱਢੀ-ਟੁੱਕੀ ਲਾਸ਼ ਬਰਾਮਦ ਹੋ ਗਈ। ਪੁਲਸ ਨੇ ਕਤਲ ਵਿਚ ਵਰਤਿਆ ਦਾਤ, ਕਟਰ ਤੇ ਚਾਕੂ ਵੀ ਬਰਾਮਦ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪ੍ਰਦੂਸ਼ਣ ‘ਚ ਭਾਰਤ ਅੱਠਵੇਂ ਥਾਂ

ਭਾਰਤ ਪਿਛਲੇ ਸਾਲ ਵਿਚ ਹੀ ਜਹਾਨ ਦਾ ਅੱਠਵਾਂ ਸਭ ਤੋਂ ਗੰਦਾ ਦੇਸ਼ ਬਣ ਗਿਆ ਸੀ। ਚੰਗੀ ਗੱਲ ਇਹ ਹੈ ਕਿ 2021 ਵਿਚ ਭਾਰਤ ਇਸ ਪੱਖੋਂ ਪੰਜਵੇਂ ਥਾਂ ਸੀ, ਯਾਨੀ ਹੁਣ ਇਸ ਦੀ ਹਾਲਤ ਰਤਾ ਕੁ ਸੁਧਰੀ ਹੈ। ਹਵਾ ਵਿਚ ਗੰਦਗੀ ਦੀ ਮਿਕਦਾਰ ਮਿਣਨ ਵਾਲ਼ੀ ਸਵਿਸ ਏਜੰਸੀ ਆਈ. ਕਿਊ. ਏਅਰ ਨੇ ਜਹਾਨ ਭਰ ਵਿਚ ਹਵਾ ਦੀ ਸ਼ੁਧਤਾ ਸਬੰਧੀ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ 131 ਮੁਲਕਾਂ ਦਾ ਜਾਇਜ਼ਾ ਲੈ ਕੇ ਪੇਸ਼ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਜਹਾਨ ਦੇ ਸਭ ਨਾਲ਼ੋਂ ਵੱਧ ਗੰਦੀ ਹਵਾ ਵਾਲ਼ੇ 20 ਸ਼ਹਿਰਾਂ ਵਿਚੋਂ 19 ਸ਼ਹਿਰ, ਏਸ਼ੀਆ ਦੇ ਹਨ ਤੇ ਉਨ੍ਹਾਂ ਵਿਚੋਂ 14 ਸ਼ਹਿਰ ਆਪਣੇ ਭਾਰਤ ਦੇ ਹਨ। ਇਨ੍ਹਾਂ ਵਿਚੋਂ ਇਕ ਸ਼ਹਿਰ, ਅਫ਼ਰੀਕੀ ਹੈ। ਪਾਕਿਸਤਾਨੀ ਸ਼ਹਿਰ ਲਾਹੌਰ ਵਿਚ ਪ੍ਰਦੂਸ਼ਣ 97.4 ਹੈ, ਚੀਨੀ ਸ਼ਹਿਰ ਹੋਟਨ ਵਿਚ 94.3, ਭਾਰਤ ਵਿਚ ਰਾਜਸਥਾਨੀ ਸ਼ਹਿਰ ਭਿਵਾੜੀ ਵਿਚ 92.7, ਦਿੱਲੀ ਵਿਚ 92.6, ਪਾਕਿਸਤਾਨੀ ਸ਼ਹਿਰ ਪਿਸ਼ਾਵਰ ਵਿਚ 91.8, ਬਿਹਾਰੀ ਸ਼ਹਿਰ ਦਰਭੰਗਾ ਵਿਚ 90.3 ਤੇ ਆਸੋਪੁਰ ਵਿਚ ਪ੍ਰਦੂਸ਼ਣ 90.2 ਹੈ।
‘ਫ਼ਰਜ਼ੀ’ ਦਾ ਦ੍ਰਿਸ਼ ਸਾਕਾਰ ਕੀਤਾ

ਹਾਲ਼ ਹੀ ਵਿਚ ਦਿਖਾਈ ਗਈ ਵੈੱਬ-ਸੀਰੀਜ਼ ‘ਫ਼ਰਜ਼ੀ’ ਦਾ ਇਕ ਦ੍ਰਿਸ਼, ਪਿਛਲੇ ਦਿਨੀਂ ਹਰਿਆਣਾ ਵਿਚ ਗੁਰੂਗਰਾਮ ਦੀ ਗੌਲਫ ਕੋਰਸ ਰੋਡ ਉੱਤੇ ਉਸ ਵੇਲ਼ੇ ਸਾਕਾਰ ਹੋਇਆ ਦਿਸਿਆ, ਜਦੋਂ ਮੂੰਹ ਉੱਤੇ ਨਕਾਬ ਚੜ੍ਹਾ ਕੇ, ਆਪਣੀ ਚਿੱਟੀ ਕਾਰ ਦੀ ਡਿੱਕੀ ਵਿਚ ਬੈਠੇ ਇਕ ਆਦਮੀ ਨੇ ਚੱਲਦੀ ਕਾਰ ਵਿਚੋਂ ਕਰੰਸੀ ਨੋਟ, ਹਵਾ ਵਿਚ ਉਡਾਉਣੇ ਸ਼ੁਰੂ ਕਰ ਦਿੱਤੇ। ਵੈੱਬ-ਸੀਰੀਜ਼ ‘ਫ਼ਰਜ਼ੀ’ ਵਿਚ ਤਾਂ ਗ੍ਰਿਫ਼ਤਾਰੀ ਤੋਂ ਬਚਣ ਲਈ ਸ਼ਾਹਿਦ ਕਪੂਰ ਤੇ ਉਸ ਦੇ ਸਾਥੀਆਂ ਨੇ ਨਕਲੀ ਨੋਟ ਉਡਾਏ ਸਨ, ਪਰ ਇਸ ਅਸਲੀ ਦ੍ਰਿਸ਼ ਵਿਚ ਇਹ ਪਤਾ ਨਹੀਂ ਲੱਗ ਸਕਿਆ ਕਿ ਉਡਾਏ ਜਾਣ ਵਾਲ਼ੇ ਨੋਟ ਅਸਲੀ ਸਨ ਜਾਂ ਨਕਲੀ। ਖ਼ੈਰ, ਪੁਲਸ ਨੇ ਇਸ ਹਕੀਕੀ ਘਟਨਾ ਵਿਚ ਨੋਟ ਉਡਾਉਣ ਵਾਲ਼ਾ ਪਛਾਣ ਲਿਆ ਹੈ ਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਜਾਣਕਾਰੀ, ਡੀ. ਐੱਲ. ਐੱਫ. ਗੁਰੂਗਰਾਮ ਦੇ ਸਹਾਇਕ ਪੁਲਸ ਕਮਿਸ਼ਨਰ ਵਿਕਾਸ ਕੌਸ਼ਿਕ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ, ਸੋਸ਼ਲ ਮੀਡੀਆ ‘ਤੇ ਨਸ਼ਰ ਕੀਤੀ ਹੋਈ ਇਕ ਵਿਡੀਓ ਤੋਂ ਮਿਲੀ ਸੀ।