Headlines

ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਨਵੀਂ ਕਮੇਟੀ ਨੇ ਸ਼ੁਕਰਾਨਾ ਦਿਵਸ ਮਨਾਇਆ

ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ-ਨਵੀਂ ਕਮੇਟੀ ਵਲੋਂ ਜਨਰਲ ਇਜਲਾਸ ਕਰਵਾਉਣ ਦਾ ਐਲਾਨ-

ਐਬਟਸਫੋਰਡ ( ਦੇ ਪ੍ਰ ਬਿ)- ਅੱਜ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਦੀ ਨਵੀਂ ਚੁਣੀ ਗਈ ਪ੍ਰਬੰਧਕੀ ਕਮੇਟੀ ਵਲੋਂ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਦੇ ਕੀਰਤਨੀ ਜਥੇ ਨੇ  ਗੁਰੂ ਜੱਸ ਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਖ-ਵੱਖ  ਬੁਲਾਰਿਆਂ ਨੇ ਨਵੇਂ ਚੁਣੇ ਗਏ ਪ੍ਰਧਾਨ ਮਨਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਟੀਮ ਨੂੰ ਵਧਾਈਆਂ ਦਿੱਤੀਆਂ ਤੇ ਨਵੀਂ ਕਮੇਟੀ ਨੂੰ ਸਿੱਖੀ ਅਤੇ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਬੁਲਾਰਿਆਂ ਨੇ ਖਾਲਸਾ ਦੀਵਾਨ ਸੁਸਾਇਟੀ ਨੂੰ ਕੈਨੇਡਾ ਦੀਆਂ ਸਭ ਤੋ ਪੁਰਾਣੀਆਂ ਸਿੱਖ ਸੁਸਾਇਟੀਆਂ ਚੋ ਇਕ ਹੋਣ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਅਗਵਾਈ ਦੇਣ ਵਾਲੀ ਹੈਰੀਟੇਜ ਸੰਸਥਾ ਵਜੋ ਯਾਦ ਕਰਵਾਉਂਦਿਆਂ ਆਸ ਪ੍ਰਗਟਾਈ ਕਿ ਨਵੀ ਕਮੇਟੀ ਸੁਸਾਇਟੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਧਿਆਨ ਵਿਚ ਰੱਖਦੇ ਹੋਏ ਨਵੀਆਂ ਪੈੜਾਂ ਸਿਰਜੇਗੀ। ਇਸ ਮੌਕੇ ਬੁਲਾਰਿਆਂ ਵਿਚ ਪ੍ਰਧਾਨ ਮਨਿੰਦਰ ਸਿੰਘ ਗਿੱਲ,  ਮਨਜੀਤ ਸਿੰਘ ਗਰੇਵਾਲ, ਡਾ ਗੁਰਵਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਸੋਹੀ, ਕੁਲਵਿੰਦਰ ਸਿੰਘ ਬਾਠ, ਗੁਰਦੇਵ ਸਿੰਘ ਬਰਾੜ, ਕੈਲੀ ਚਾਹਲ ਕੌਂਸਲਰ ਤੇ ਹੋਰ ਸ਼ਾਮਿਲ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਲਈ ਜ਼ਮੀਨ ਦਾਨ ਕਰਨ ਵਾਲੇ ਬੱਬਰ ਭਾਈ ਕਰਮ ਸਿੰਘ ਦੌਲਤਪੁਰ ਦੀ ਸੋਚ, ਕੁਰਬਾਨੀ ਅਤੇ ਸਮਰਪਿਤ ਭਾਵਨਾ ਨੂੰ ਵੀ ਯਾਦ ਕੀਤਾ ਗਿਆ।

ਮੰਚ ਸੰਚਾਲਨ ਦੀ ਜਿੰਮੇਵਾਰੀ ਜਨਰਲ ਸਕੱਤਰ ਰਾਜਿੰਦਰ ਸਿੰਘ ਗਰੇਵਾਲ ਨੇ ਨਿਭਾਈ। ਆਈਆਂ ਸੰਗਤਾਂ ਦਾ ਸ ਸਤਨਾਮ ਸਿੰਘ ਗਿੱਲ ਨੇ ਧੰਨਵਾਦ ਕੀਤਾ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਦਾ ਜਨਰਲ ਇਜਲਾਸ ਅਪ੍ਰੈਲ ਵਿਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਜਨਰਲ ਸਕੱਤਰ ਗਰੇਵਾਲ ਨੇ ਮੈਂਬਰਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੌਜਵਾਨਾਂ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧ ਨਾਲ ਜੁੜਨ ਲਈ ਉਤਸ਼ਾਹਿਤ ਕਰਨ ਤਾਂਕਿ ਨਵੀਂ ਪੀੜੀ ਦੇ ਸਹਿਯੋਗ ਨਾਲ ਗੁਰੂ ਘਰ ਦੇ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।

ਇਸ ਮੌਕੇ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਇਸ ਸ਼ੁਕਰਾਨਾ ਸਮਾਗਮ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਤੇ ਨਵੀਂ ਕਮੇਟੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।