Headlines

ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਦਾ ਨੋਟਿਸ

ਨਵੀਂ ਦਿੱਲੀ-

ਲੋਕ ਸਭਾ ਮੈਂਬਰੀ ਤੋਂ ਅਯੋਗ ਠਹਿਰਾਏ ਗਏ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਰਾਹੁਲ ਨੂੰ 12, ਤੁਗਲਕ ਲੇਨ ਬੰਗਲਾ ਖਾਲੀ ਕਰਨ ਦਾ ਨੋਟਿਸ ਲੋਕ ਸਭਾ ਦੀ ਹਾਊਸਿੰਗ ਕਮੇਟੀ ਵੱਲੋਂ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਹੁਲ ਨੂੰ ਲੋਕ ਸਭਾ ਮੈਂਬਰੀ ਜਾਣ ਦੇ ਇਕ ਮਹੀਨੇ ਦੇ ਅੰਦਰ-ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਪਵੇਗਾ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਰਾਹੁਲ ਗਾਂਧੀ ਹਾਊਸਿੰਗ ਕਮੇਟੀ ਨੂੰ ਪੱਤਰ ਲਿਖ ਕੇ ਬੰਗਲੇ ’ਚ ਰਹਿਣ ਲਈ ਹੋਰ ਸਮਾਂ ਮੰਗ ਸਕਦੇ ਹਨ ਅਤੇ ਉਨ੍ਹਾਂ ਦੀ ਬੇਨਤੀ ਨੂੰ ਕਮੇਟੀ ਵੱਲੋਂ ਵਿਚਾਰਿਆ ਜਾਵੇਗਾ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਡਾਇਰੈਕਟੋਰੇਟ ਆਫ਼ ਅਸਟੇਟਸ, ਨਵੀਂ ਦਿੱਲੀ ਮਿਉਂਸਿਪਲ ਕੌਂਸਲ ਸਮੇਤ ਹੋਰ ਵਿਭਾਗਾਂ ਨੂੰ ਭੇਜੀਆਂ ਗਈਆਂ ਹਨ। ਸੰਸਦ ਮੈਂਬਰ ਵਜੋਂ ਰਾਹੁਲ ਗਾਂਧੀ ਨੂੰ ਮਿਲੀਆਂ ਹੋਰ ਸਹੂਲਤਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਨੇ ਮਾਣਹਾਨੀ ਕੇਸ ’ਚ ਸਜ਼ਾ ਸੁਣਾਈ ਹੈ।

‘ਨਾ ਕੋਈ ਜਾਂਚ, ਨਾ ਕੋਈ ਜਵਾਬ; ਇੰਨਾ ਡਰ ਕਿਉਂ’

ਨਵੀਂ ਦਿੱਲੀ:ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਅਡਾਨੀ ਫਰਮ ਖਿਲਾਫ਼ ਲੱਗੇ ਦੋਸ਼ਾਂ ਦੇ ਬਾਵਜੂਦ (ਅਡਾਨੀ) ਸਮੂਹ ਵਿਚ ਨਿਵੇਸ਼ ਕੀਤੇ ਲੋਕਾਂ ਦੇ ਰਿਟਾਇਰਮੈਂਟ ਫੰਡ ਬਾਰੇ ਅਜੇ ਤੱਕ ਜਾਂਚ ਕਿਉਂ ਨਹੀਂ ਕੀਤੀ ਗਈ। ਗਾਂਧੀ ਨੇ ਟਵੀਟ ਕੀਤਾ, ‘‘ਐੱਲਆਈਸੀ ਦੀ ਪੂੰਜੀ ਅਡਾਨੀ ਨੂੰ! ਐੱਸਬੀਆਈ ਦੀ ਪੂੰਜੀ ਅਡਾਨੀ ਨੂੰ! ਈਪੀਐੱਫਓ ਦੀ ਪੂੰਜੀ ਵੀ ਅਡਾਨੀ ਨੂੰ! ‘ਮੋਡਾਨੀ’ ਤੋਂ ਪਰਦਾ ਚੁੱਕੇ ਜਾਣ ਮਗਰੋਂ ਵੀ ਲੋਕਾਂ ਦੀ ਰਿਟਾਇਰਮੈਂਟ ਦਾ ਪੈਸਾ ਅਡਾਨੀ ਦੀਆਂ ਕੰਪਨੀਆਂ ’ਚ ਕਿਉਂ ਨਿਵੇਸ਼ ਕੀਤਾ ਗਿਆ।’’ ਰਾਹੁਲ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਸ੍ਰੀ ਪ੍ਰਧਾਨ ਮੰਤਰੀ, ਨਾ ਕੋਈ ਜਾਂਚ ਤੇ ਨਾ ਕੋਈ ਜਵਾਬ! ਇੰਨਾ ਡਰ ਕਿਉਂ।’’