Headlines

ਦੇਸ਼ ਦੀ ਤਰੱਕੀ ’ਚ ਸਿੱਖਾਂ ਦਾ ਅਹਿਮ ਯੋਗਦਾਨ: ਖੱਟਰ

ਨਵੀਂ ਦਿੱਲੀ, 1 ਅਪਰੈਲ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਥੇ ਇੱਕ ਸਮਾਗਮ ਦੌਰਾਨ ਡਾ. ਪ੍ਰਭਲੀਨ ਦੀ ਲਿਖੀ ‘ਸਿੱਖ ਬਿਜ਼ਨਸ ਲੀਡਰਜ਼ ਆਫ਼ ਇੰਡੀਆ’ ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਉੱਦਮੀਆਂ ਨੂੰ ਹਰਿਆਣਾ ਵਿੱਚ ਸਨਅਤ ਲਗਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਹਰਿਆਣਾ ਵਿੱਚ ਸਨਅਤਾਂ ਲਈ ਅਨੁਕੂਲ ਮਾਹੌਲ ਬਣਾਇਆ ਹੈ। ਸਰਕਾਰ ਵੱਲੋਂ ਸੂਬੇ ਵਿੱਚ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅਤੇ ਦੇਸ਼ ਦੀ ਤਰੱਕੀ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਯੋਗਦਾਨ ਹੈ।

ਉਨ੍ਹਾਂ ਸਿੱਖ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਉਹ ਹਰਿਆਣਾ ਵਿੱਚ ਆ ਕੇ ਕਾਰੋਬਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਸਰਕਾਰ ਨੇ ਸਿੰਗਲ ਰੂਫ ਸਿਸਟਮ ਤਿਆਰ ਕੀਤਾ ਹੈ। ਸਰਕਾਰ ਵੱਲੋਂ ਸੂਬੇ ਨੂੰ 4 ਸ਼੍ਰੇਣੀਆਂ ਏ, ਬੀ, ਸੀ ਅਤੇ ਡੀ ਵਿੱਚ ਵੰਡਿਆ ਗਿਆ ਹੈ। ਜੇ ਸੀ ਅਤੇ ਡੀ ਜ਼ੋਨਾਂ ’ਚ ਸਨਅਤ ਸਥਾਪਿਤ ਕੀਤੇ ਜਾਂਦੇ ਹਨ ਤਾਂ ਹਰਿਆਣਾ ਸਰਕਾਰ ਅਗਲੇ 4 ਸਾਲਾਂ ਲਈ ਪ੍ਰਤੀ ਕਰਮਚਾਰੀ 4,000 ਰੁਪਏ ਪ੍ਰਤੀ ਮਹੀਨਾ ਵਾਪਸ ਕਰੇਗੀ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਭਗਤੀ ਲਹਿਰ ਸ਼ੁਰੂ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਦਾ ਸਮਾਂ ਆਇਆ ਤਾਂ ਇਹ ਮਹਿਸੂਸ ਹੋਇਆ ਕਿ ਭਗਤੀ ਤੋਂ ਬਾਅਦ ਸ਼ਕਤੀ ਦਾ ਮਾਰਗ ਵੀ ਅਪਣਾਉਣਾ ਪਵੇਗਾ। ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਨਾਲ ਲੜਾਈ ਕੀਤੀ ਅਤੇ ਲੋਹਗੜ੍ਹ ਵਿੱਚ ਰਾਜਧਾਨੀ ਬਣਾਈ। ਬੰਦਾ ਸਿੰਘ ਬਹਾਦਰ ਨੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਖੰਡਾ ਸ਼ੇਰੀ ਤੋਂ ਫੌਜ ਬਣਾਉਣੀ ਸ਼ੁਰੂ ਕੀਤੀ ਅਤੇ ਲੋਹਗੜ੍ਹ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਪਹਿਲੀ ਵਾਰ ਖੇਤੀ ਸੁਧਾਰ ਦਾ ਕਾਨੂੰਨ ਵੀ ਉਨ੍ਹਾਂ ਵੱਲੋਂ ਲਾਗੂ ਕੀਤਾ ਗਿਆ।

ਸਾਬਕਾ ਸੰਸਦ ਮੈਂਬਰ ਪਦਮਭੂਸ਼ਣ ਸਰਦਾਰ ਤਰਲੋਚਨ ਸਿੰਘ ਨੇ ਕਿਹਾ ਕਿ ਹਰਿਆਣਾ ਬਣਨ ਤੋਂ ਬਾਅਦ ਮੁੱਖ ਮੰਤਰੀ ਦੀ ਅਗਵਾਈ ਹੇਠ ਸਿੱਖ ਇਤਿਹਾਸ ਅਤੇ ਸਿੱਖਾਂ ਲਈ ਵੱਧ ਤੋਂ ਵੱਧ ਕੰਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਨੂੰ ਸੁਰਜੀਤ ਕਰਨ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦਾ ਅਹਿਮ ਯੋਗਦਾਨ ਹੈ।