Headlines

ਵੈਨਕੂਵਰ ਵਿਚ ਡਾ ਅੰਬੇਦਕਰ ਇੰਟਰਨੈਸ਼ਨਲ ਸਿੰਪੋਜੀਅਮ 21 ਤੋਂ 26 ਅਪ੍ਰੈਲ ਤੱਕ

ਜਾਤੀਵਾਦੀ ਅਲਾਮਤਾਂ ਤੋ ਛੁਟਕਾਰਾ ਤੇ ਸਮਾਜਿਕ ਬਰਾਬਰੀ ਲਈ ਹੋਣਗੀਆਂ ਵਿਚਾਰਾਂ-

ਅੰਬੇਦਕਰ ਇੰਟਰਨੈਸ਼ਨਲ ਸੁਸਾਇਟੀ ਤੇ ਚੇਤਨਾ ਐਸੋਸੀਏਸ਼ਨ ਦਾ ਸਾਂਝਾ ਉਦਮ-

ਸਰੀ ( ਦੇ ਪ੍ਰ ਬਿ)- ਅਂਬੇਦਕਰ ਇੰਟਰਨੈਸ਼ਨਲ ਕੋਆਰਡੀਨੇਸ਼ਨ ਸੁਸਾਇਟੀ ਆਫ ਕੈਨੇਡਾ ਅਤੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵਲੋਂ ਸਾਂਝੇ ਉਦਮ ਨਾਲ ਜਾਤੀਵਾਦੀ ਗੁਲਾਮੀ ਤੋ ਛੁਟਕਾਰਾ ਅਤੇ ਬਰਾਬਰਤਾ ਦਿਵਸ ਨੂੰ ਸਮਰਪਿਤ ਡਾ ਅੰਬੇਦਕਰ ਇਂਟਰਨੈਸ਼ਨਲ ਸਿੰਪੋਜੀਅਮ 21 ਤੋਂ 26 ਅਪ੍ਰੈਲ ਤੱਕ ਵੈਨਕੂਵਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ  ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੰਪੋਜੀਅਮ ਦੇ ਪ੍ਰਬੰਧਕਾਂ ਪਰਮ ਕੈਂਥ, ਆਨੰਦ ਬਾਲੀ, ਹਰਜਿੰਦਰ ਮੱਲ, ਸੁਰਜੀਤ ਬੈਂਸ, ਜੈ ਬਿਰਦੀ ਤੇ ਹਰਮੇਸ਼ ਚੰਦਰ ਵਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਹਫਤਾ ਭਰ ਚੱਲਣ ਵਾਲੇ ਇਸ ਸਿੰਪੋਜੀਅਮ ਵਿਚ ਲਗਪਗ 100 ਤੋ ਉਪਰ ਡੈਲੀਗੇਟਸ ਭਾਰਤ, ਯੂਕੇ, ਫਰਾਂਸ, ਮਿਡਲ ਈਸਟ ਅਤੇ ਅਮਰੀਕਾ, ਕੈਨੇਡਾ ਤੋ  ਸ਼ਾਮਿਲ ਹੋਣ ਦੀ ਉਮੀਦ ਹੈ ਜੋ ਜਾਤੀਵਾਦੀ ਸਿਸਟਮ ਤੋ ਛੁਟਕਾਰਾ ਤੇ ਮਾਨਵੀ ਬਰਾਬਰੀ ਲਈ ਸਮਾਜਿਕ, ਸਿਆਸੀ ਤੇ ਆਰਥਿਕ ਮੁੱਦਿਆਂ ਤਹਿਤ ਗਹਿਨ ਵਿਚਾਰਾਂ ਕਰਨਗੇ। ਸਿੰਪੋਜੀਅਮ ਦੀ ਸਟੀਰਿੰਗ ਕਮੇਟੀ ਦੇ ਮੈਂਬਰ ਜੈ ਬਿਰਦੀ ਤੇ ਪਰਮ ਕੈਂਥ ਨੇ ਦੱਸਿਆ ਕਿ ਇਹ ਪ੍ਰੋਗਰਾਮ ਬੀ ਸੀ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਤੇ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸਿੰਪੋਜੀਅਮ ਦੀ ਸ਼ੁਰੂਆਤ 21 ਅਪ੍ਰੈਲ ਨੂੰ ਯੂ ਬੀ ਸੀ ਦੇ ਏਸ਼ੀਅਨ ਸੈਂਟਰ ਵਿਖੇ ਦੁਪਹਿਰ 2 ਵਜੇ ਹੋਵੇਗੀ। ਦੂਸਰਾ ਸੈਸ਼ਨ 22 ਅਪ੍ਰੈਲ ਨੂੰ ਯੂ ਬੀ ਸੀ ਦੇ ਸੌਦਰ ਬਿਜਨੈਸ ਸਕੂਲ ਦੇ ਕਮਰਾ ਨੰਬਰ 492 ਵਿਚ ਹੋਵੇਗਾ। ਸਵੇਰੇ 8 ਵਜੇ ਸੁਰੂ ਹੋਣ ਵਾਲਾ ਇਹ ਸੈਸ਼ਨ ਜਾਤੀਵਾਦ ਦਾ ਸ਼ਿਕਾਰ ਹੋਣ ਵਾਲੀ ਡਾ ਪਾਂਪੋਸ਼ ਤੇ ਹੋਰਾਂ ਨੂੰ ਸਮਰਿਪਤ ਹੋਵੇਗਾ ਤੇ ਕੈਨੇਡੀਅਨ  ਸੰਸਥਾਵਾਂ ਵਿਚ ਜਾਤੀਵਾਦ ਦੀ ਹੋਂਦ ਬਾਰੇ ਚਰਚਾ ਦੇ ਨਾਲ ਇਸਤੋ ਛੁਟਕਾਰੇ ਤੇ ਉਪਾਵਾਂ ਬਾਰੇ ਗੱਲਬਾਤ ਹੋਵੇਗੀ। 23 ਅਪ੍ਰੈਲ ਨੂੰ ਡੈਲੀਗੇਟਸ ਨੂੰ ਗੁਰੂ ਰਵਿਦਾਸ ਸਭਾ ਬਰਨਬੀ ਦੀ ਯਾਤਰਾ ਕਰਵਾਈ ਜਾਵੇਗੀ ਤੇ ਸ਼ਾਮ ਨੂੰ ਫਰੇਜਰਵਿਊ ਬੈਂਕੁਇਟ ਹਾਲ ਵੈਨਕੂਵਰ ਵਿਖੇ ਡਾ ਅਂਬੇਦਕਰ ਦੀ ਜਨਮ ਵਰੇਗੰਢ ਨੂੰ ਸਮਰਪਿਤ ਰਿਸ਼ੈਪਸ਼ਨ ਪਾਰਟੀ ਆਯੋਜਿਤ ਕੀਤੀ ਜਾਵੇਗੀ। 24 ਅਪ੍ਰੈਲ ਨੁੂੰ ਐਸ ਐਫ ਯੂ ਬਰਨਬੀ ਵਿਖੇ ਪ੍ਰੋਗਰਾਮ ਦੌਰਾਨ ਸਿਮਰਨ ਕ੍ਰਾਂਤੀ ਵਲੋਂ ਥੀਏਟਰ ਪਰਫਾਰਮੈਂਸ ਵਿਸ਼ੇਸ਼ ਹੋਵੇਗੀ। 25 ਅਪ੍ਰੈਲ ਨੂੰ ਯੂਨੀਵਰਸਿਟੀ ਆਫ ਵਿਕਟੋਰੀਆ ਵਿਖੇ ਬਰਾਬਰਤਾ ਦਿਵਸ ਮਨਾਇਆ ਜਾਵੇਗਾ ਤੇ ਡੈਲੀਗੇਟਸ ਨੂੰ ਲੈਜਿਸਲੇਚਰ ਬਿਲਡਿੰਗ ਦਾ ਦੌਰਾ ਕਰਵਾਇਆ ਜਾਵੇਗਾ ਜਿਥੇ ਸਪੀਕਰ ਰਾਜ ਚੌਹਾਨ ਨਾਲ ਵਿਸ਼ੇਸ਼ ਮਿਲਣੀ ਹੋਵੇਗੀ। 26 ਅਪ੍ਰੈਲ ਨੂੰ ਯੂ ਐਫ ਵੀ ਐਬਟਸਫੋਰਡ ਵਿਖੇ ਵਿਚਾਰ ਚਰਚਾ ਹੋਵੇਗੀ।

ਇਸ ਮੌਕੇ ਬੋਲਦਿਆਂ ਜੈ ਬਿਰਦੀ ਨੇ ਕਿਹਾ ਕਿ ਕੋਈ ਇਹ ਹੈਰਾਨੀ ਪ੍ਰਗਟ ਕਰ ਸਕਦਾ ਹੈ ਕਿ ਡਾ ਅੰਬੇਦਰ ਇਂਟਰਨੈਸ਼ਨਲ ਸਿੰਪੋਜੀਅਮ ਵੈਨਕੂਵਰ ਵਿਚ ਕਿਉਂ ਕਰਵਾਇਆ ਜਾ ਰਿਹਾ ਹੈ। ਇਸਦਾ ਜਵਾਬ ਇਹ ਹੈ ਕਿ ਇਥੇ ਸਾਊਥ ਏਸ਼ੀਅਨ ਦੀ ਭਰਵੀ ਆਬਾਦੀ ਹੈ ਤੇ ਇਥੇ ਜਾਤੀਵਾਦੀ ਅਲਾਮਤਾਂ ਨਾਲ ਸਬੰਧਿਤ ਭੇਦਭਾਵ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਾਤੀਵਾਦੀ ਵਿਤਕਰੇ, ਅਲਾਮਤਾਂ ਨੂੰ ਸਮਝਣਾ ਤੇ ਉਸਦੇ ਖਿਲਾਫ ਆਵਾਜ ਬੁਲੰਦ ਕਰਨੀ ਤੇ ਸਮਾਜਿਕ ਬਰਾਬਰੀ ਦੀ ਕਾਇਮੀ ਲਈ ਵਿਚਾਰ ਚਰਚਾ ਜਰੂਰੀ ਵੀ ਹੈ ਤੇ ਸਮਾਜ ਤੱਕ ਇਹ ਗੱਲ ਪਹੁੰਚਾਉਣਾ ਵੀ ਜ਼ਰੂਰੀ ਹੈ। ਉਹਨਾਂ ਹੋਰ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਚ ਅਜਿਹਾ ਪ੍ਰਾਂਤ ਹੈ ਜਿਥੇ ਸਮਾਜਿਕ ਬਰਾਬਰੀ ਲਈ ਬਹੁਤ ਕੰਮ ਕੀਤਾ ਜਾ ਚੁੱਕਾ ਹੈ ਤੇ ਇਸ ਮਕਸਦ ਦੀ ਪੂਰਤੀ ਲਈ ਮੀਡੀਆ, ਅਕਾਦਮਿਕ ਤੇ ਸਮਾਜਿਕ ਸੰਸਥਾਵਾਂ ਚੰਗਾ ਸਹਿਯੋਗ ਕਰਦੀਆਂ ਆ ਰਹੀਆਂ ਹਨ। ਸਿਟੀ ਆਫ ਬਰਨਬੀ ਪਹਿਲਾ ਅਜਿਹਾ ਸ਼ਹਿਰ ਹੈ ਜਿਥੇ 14 ਅਪ੍ਰੈਲ ਨੂੰ ਡਾ ਅੰਬੇਦਕਰ ਬਰਾਬਰਤਾ ਦਿਵਸ ਵਜੋਂ ਐਲਾਨਿਆ ਗਿਆ ਹੈ। ਇਸ ਤਰਾਂ ਬੀ ਸੀ ਸਰਕਾਰ ਵਲੋਂ ਵੀ ਅਪ੍ਰੈਲ ਮਹੀਨੇ ਨੂੰ ਦਲਿਤ ਹਿਸਟਰੀ ਮੰਥ ਵਜੋਂ  ਐਲਾਨਿਆ ਗਿਆ ਹੈ। ਬੀ ਸੀ ਹਿਊਮੈਨ ਰਾਈਟਸ ਟ੍ਰਿਬਿਊਨਲ ਨੇ ਵੀ ਜਾਤੀਵਾਦੀ ਵਿਤਕਰੇ ਦੀਆਂ ਸ਼ਿਕਾਇਤਾਂ ਖਿਲਾਫ ਉਚਿਤ ਕਾਰਵਾਈ ਕੀਤੀ ਹੈ ਤੇ  ਕਈ ਕੇਸਾਂ ਵਿਚ ਦੋਸ਼ੀਆਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਗਏ ਹਨ।

ਉਹਨਾਂ ਇਸ ਸਿੰਪੋਜੀਅਮ ਵਿਚ ਸਹਿਯੋਗ ਲਈ ਹੋਰ ਵਿਦਿਅਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ ਗੁਰੂ ਰਵਿਦਾਸ ਸਭਾ ਵੈਨਕੂਵਰ, ਗੁਰੂ ਰਵਿਦਸਾ ਸੁਸਾਇਟੀ ਆਫ ਕੈਲਗਰੀ, ਡਾ ਅੰਬੇਦਕਰ ਇੰਟਰਨੈਸ਼ਨਲ ਮਿਸ਼ਨ ਆਫ ਕੈਲਗਰੀ ਤੇ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਵੈਸਟਰਨ ਕੈਨੇਡਾ ਦਾ ਖਾਸ ਧੰਨਵਾਦ ਕੀਤਾ।

ਸਿੰਪੋਜੀਅਮ ਵਧੇਰੇ ਜਾਣਕਾਰੀ ਲਈ ਮੀਡੀਆ ਕੋਆਰਡੀਨੇਟਰ ਰਤਨ ਪਾਲ ਨਾਲ ਫੋਨ ਨੰਬਰ 778-772-2101 ਤੇ ਸੰਪਰਕ ਕੀਤਾ ਜਾ ਸਕਦਾ ਹੈ।