Headlines

ਇਟਲੀ ਦਾ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ ਬਣਿਆ ਏਅਰਲਾਈਨ ਵਿਜ਼ ਦਾ ਕੈਪਟਨ

ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ)- ਸਿਆਣੇ ਕਹਿੰਦੇ ਹਨ ਜੇਕਰ ਇਰਾਦੇ ਦ੍ਰਿੜ ਹੋਣ ਤਾ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਇਟਲੀ ਦੇ ਭਾਰਤੀ ਚਾਹੇ ਉਹ ਬੱਚੇ ਹਨ ਜਾਂ ਵੱਡੇ ਇਟਲੀ ਵਿੱਚ ਬੁਲੰਦ ਹੌਸਲਿਆਂ ਤੇ ਦ੍ਰਿੜ ਇਰਾਦਿਆਂ ਨਾਲ ਇਟਾਲੀਅਨ ਲੋਕਾਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਨਿਰੰਤਰ ਕਾਮਯਾਬੀ ਦੀ ਮਿਸਾਲ ਬਣਦੇ ਜਾ ਰਹੇ ਜਿਸ ਨੂੰ ਹੋਰ ਪ੍ਰਤੱਖ ਕਰ ਦਿੱਤਾ ਹੈ ਭਾਰਤੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਮੁਲਤਾਨੀ (35)ਨੇ ਜਿਹੜਾ ਕਿ ਹਾਲ ਹੀ ਵਿੱਚ ਵਿਜ਼ ਏਅਰ ਲਾਈਨ ਵਿੱਚ ਕੈਪਟਨ ਨਿਯੁਕਤ ਕੀਤਾ ਗਿਆ ਹੈ।ਸੰਨ 2003 ਵਿੱਚ ਪਰਿਵਾਰ ਨਾਲ ਇਟਲੀ ਆਇਆ ਦੁਆਬੇ ਦੇ ਜਲੰਧਰ ਦਾ ਰਹਿਣ ਵਾਲਾ ਇਹ ਬੱਚਾ ਉਸ ਸਮੇਂ ਦੇਖਣ ਨੂੰ ਬਿਲਕੁਲ ਸਧਾਰਨ ਬੱਚਾ ਹੀ ਸੀ ਤੇ ਸ਼ਾਇਦ ਕਿਸੇ ਨੇ ਵੀ ਇਹ ਨਹੀਂ ਸੋਚਿਆ ਸੀ ਕਿ ਇਹ ਬੱਚਾ ਕਦੇਂ ਅਸਮਾਨੀ ਉਡਾਰੀਆਂ ਕੈਪਟਨ ਹੋਵੇਗਾ।ਪ੍ਰਭਜੋਤ ਸਿੰਘ ਮੁਲਤਾਨੀ ਪਿਤਾ ਗੁਰਮੇਲ ਸਿੰਘ ਤੇ ਮਾਤਾ ਕੁਲਵੰਤ ਕੌਰ ਦੀਆਂ ਮਮਤਾ ਵਿੱਚ ਗਹਿਗੱਚ ਹੋਈਆਂ ਹੱਲਾਸ਼ੇਰੀਆਂ ਦੇ ਸੱਦਕੇ ਉਹਨਾਂ ਰਾਹਾਂ ਦਾ ਪਾਂਧੀ ਬਣ ਗਿਆ ਜਿਹੜੇ ਰਾਹ ਉਸ ਨੂੰ ਕਾਮਯਾਬੀ ਦੀ ਟੀਸੀ ਉਪੱਰ ਲੈ ਆਇਆ।ਪ੍ਰਭਜੋਤ ਸਿੰਘ ਨੇ ਦੱਸਿਆਂ ਕਿ ਇਸ ਮੁਕਾਮ ਤੱਕ ਪਹੁੰਚਾਉਣ ਲਈ ਉਸ ਦੇ ਮਾਪਿਆਂ ਦਾ ਹੀ ਵੱਡਾ ਯੋਗਦਾਨ ਹੈ ਉਹਨਾਂ ਦੀ ਪ੍ਰੇਰਨਾ ਨਾਲ ਹੀ ਸੰਨ 2011 ਤੋਂ ਉਸ ਨੇ ਹਵਾਈ ਜਹਾਜ਼ ਦਾ ਪਾਇਲਟ ਬਣਨ ਲਈ ਪੜ੍ਹਾਈ ਸ਼ੁਰੂ ਕੀਤੀ ਜਿਸ ਨੂੰ ਨੇਪੜੇ ਚਾੜਨ ਲਈ ਉਹ ਪਹਿਲਾਂ ਅਮਰੀਕਾ ਫਿਰ ਇੰਗਲੈਂਡ ਤੇ ਬਾਅਦ ਵਿੱਚ ਸਪੇਨ ਪੜ੍ਹਨ ਗਿਆ ਤਾਂ ਜਾਕੇ ਅੱਜ ਉਹ ਕਾਮਯਾਬੀ ਦੇ ਜਹਾਜ਼ ਦਾ ਮੁਸਾਫਿ਼ਰ ਬਣਿਆ।ਜਹਾਜ਼ ਦਾ ਕੈਪਟਨ ਬਣਨ ਉਪੰਰਤ ਉਸ  ਨੇ ਸਭ ਤੋਂ ਪਹਿਲਾਂ ਇਮੀਰੇਟ ਏਅਰਲਾਈਨ ਵਿੱਚ ਪਾਇਲਟ ਵਜੋਂ ਕਮਾਂਡ ਸੰਭਾਲੀ ਫਿਰ ਹੌਲੀ-ਹੌਲੀ ਉਹ ਅਸਮਾਨਾਂ ਵਿੱਚ ਉਡਣ ਦਾ ਅਜਿਹਾ ਮੁਰੀਦ ਹੋਇਆ ਕਿ ਅੱਜ ਨਾਮੀ ਏਅਰਲਾਈਨ ਵਿਜ਼ ਏਅਰ ਦਾ ਕੈਪਟਨ ਬਣ ਗਿਆ ।