Headlines

ਸਿੱਖੀ ਕਿਰਦਾਰ ਬਨਾਮ ਰਾਜਨੀਤੀ

ਇਕਬਾਲ ਸਿੰਘ ਲਾਲਪੁਰਾ–

ਕਰੀਬ 550 ਸਾਲ ਪਹਿਲਾਂ ਸਤਿਗੁਰ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਭਾਰਤ ਦਾ ਤੀਜਾ ਤੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਹੋਂਦ ਵਿਚ ਆਇਆ। ਇਸ ’ਨਿਰਮਲ ਪੰਥ’ ਵਿਚ ਨਾ ਤਾਂ ਕੋਈ ਕਰਮ ਕਾਂਡ ਹੈ ਨਾ ਤੀਰਥ ਯਾਤਰਾ। ਸਭ ਇਕ ਅਕਾਲ ਦੇ ਪੁਜਾਰੀ ਹਨ, ਗੁਰਬਾਣੀ ਗਿਆਨ ਦੇ ਪ੍ਰਕਾਸ਼ ਨਾਲ ਹਿਰਦੇ ਨੂੰ ਸ਼ੁੱਧ ਕਰਦਿਆਂ ਪ੍ਰਭੂ ਸਿਮਰਨ, ਸੱਚ, ਸੰਤੋਖ ਤੇ ਸੇਵਾ ਰਾਹੀਂ ਉਸ ਤੱਕ ਪਹੁੰਚਣ ਦੇ ਪਾਂਧੀ ਹਨ। ਇਹ ਇੱਜ਼ਤ, ਅਣਖ, ਭੈ-ਰਹਿਤ ਜੀਵਨ ਅਤੇ ਲੋਕਾਈ ਨਾਲ ਪ੍ਰੇਮ ਦਾ ਮਾਰਗ ਹੈ, ਜਿਸ ਵਿੱਚ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥’ ਦੇ ਆਦਰਸ਼ ਨਾਲ ਸਭ ਨੂੰ ਦੋਸਤ ਬਣਾਉਣਾ ਹੁੰਦਾ ਹੈ। ‘ਸੂਰਬੀਰ ਬਚਨ ਕੇ ਬਲੀ’ ਸੰਤ ਤੇ ਸਿਪਾਹੀ ਦੀ ਪਰਿਭਾਸ਼ਾ ਨੂੰ ਸਪਸ਼ਟ ਕਰਦਾ ਹੈ । ਗੁਰੂ ਨਾਨਕ ਸਾਹਿਬ ਨੇ ਹੀ ਬਾਬਰ ਨੂੰ ਜਾਬਰ ਤੇ ਉਸ ਦੀ ਫ਼ੌਜ ਨੂੰ ‘ਪਾਪ ਕੀ ਜੰਜ’ ਆਖ ਕੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ’ਕਰਾਮਾਤ ਵਿਖਾਓ ਜਾ ਮੁਸਲਮਾਨ ਬਣ ਜਾਓ’ ਦੇ ਮੁਗ਼ਲ ਹਕੂਮਤ ਦੇ ਹੁਕਮ ਨੂੰ ਨਕਾਰ ਦਿਆਂ ਕਸ਼ਟ ਝੱਲ ਕੇ ਸ਼ਹੀਦ ਹੋਣਾ ਪ੍ਰਵਾਨ ਕੀਤਾ। ਉਪਰੰਤ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਤੱਕ ਗੁਰੂ ਪਰਿਵਾਰ ਦੀਆਂ ਸ਼ਹੀਦੀਆਂ ਦੀ ਇਕ ਲੰਬੀ ਸੂਚੀ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗ਼ਰੀਬ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ ਹਿਤ 21 ਲੜਾਈਆਂ ਲੜਨੀਆਂ ਪਈਆਂ, ਪਰ ਜਿੱਤ ਉਪਰੰਤ ਵੀ ਇਕ ਇੰਚ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈ. ਵਿੱਚ ਸਰਹਿੰਦ ਜਿੱਤ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ, ਭਾਵੇਂ ਕਿ ਇਹ ਜ਼ਿਆਦਾ ਦੇਰ ਨਹੀਂ ਰਿਹਾ ਫਿਰ ਵੀ ਆਉਣ ਵਾਲੇ ਸਮੇਂ ਲਈ ਸਿੱਖ ਰਾਜ ਦਾ ਰਾਹ ਦਸੇਰਾ ਬਣ ਗਿਆ।  ਸਿੱਖ ਧਰਮ ਅੱਜ ਭਾਰਤ ਦਾ ਤੀਜਾ ਤੇ ਦੁਨੀਆ ਦਾ ਪੰਜਵਾਂ ਵੱਡਾ ਧਰਮ ਬਣ ਚੁੱਕਿਆ ਹੈ।
ਮੁਗ਼ਲ ਹਕੂਮਤ, ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਨਾਲ ਲੜਦਿਆਂ ਮਿਸਲਾਂ ਦੇ ਸਰਦਾਰਾਂ ਨੇ 18 ਵੀਂ ਸਦੀ ਵਿੱਚ ਉੱਤਰੀ ਹਿੰਦੁਸਤਾਨ ਦੇ ਇਕ ਵੱਡੇ ਹਿੱਸੇ ‘ਤੇ ਕਬਜ਼ਾ ਕਰ ਲਿਆ ਸੀ। ਜਿੱਥੇ ਮਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਪਰਿਵਾਰ ਨੇ ਕਰੀਬ 50 ਸਾਲ ਰਾਜ ਕੀਤਾ। ਇਹਨਾਂ ਜਿੱਤਾਂ ਪਿੱਛੇ ਖ਼ਾਲਸਾ ਦੀ ਬਹਾਦਰੀ ਅਤੇ ਉੱਚ ਚਰਿੱਤਰ ਸੀ, ਜਿਸ ਵਿੱਚ ਔਰਤ ਦੀ ਇੱਜ਼ਤ ਕਰਨੀ, ਹਥਿਆਰ ਰਹਿਤ ਵਿਅਕਤੀ ਤੇ ਹਮਲਾ ਨਾ ਕਰਨ ਦੇ ਨਾਲ ਨਾਲ ਚੋਰੀ ਨਾ ਕਰਨ ਅਤੇ ਚੋਰ ਦਾ ਸਾਥ ਵੀ ਨਾ ਦੇਣ ਦੇ ਅਸੂਲ ਵੀ ਸ਼ਾਮਿਲ ਸਨ।
ਅੰਗਰੇਜ਼ ਨੇ ਮੱਕਾਰੀ ਤੇ ਧੋਖੇ ਨਾਲ ਬਾਲ ਮਹਾਰਾਜਾ ਦਲੀਪ ਸਿੰਘ ਤੋਂ ਪੰਜਾਬ ਦਾ ਰਾਜ ਖੋਹ ਲਿਆ। ਦਰਿਆ ਸਤਲੁਜ ਪਾਰ ਹਿੱਸੇ ਦੇ ਸਰਦਾਰ ਰਾਜ ਕੁਮਾਰ ਬਣ ਅੰਗਰੇਜ਼ਾਂ ਦੇ ਪਹਿਲਾਂ ਹੀ ਪਿੱਠੂ ਬਣ ਚੁੱਕੇ ਸਨ। ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤ ਆਈ ਵਾਲੇ ਰਾਜ ਅੰਦਰ ਫ਼ਿਰਕੂ ਫੁੱਟ ਪਾਉਣ ਲਈ ਅੰਗਰੇਜ਼ ਨੇ ਵੱਡੀ ਵਿਉਂਤਬੰਦੀ ਨਾਲ ਪਹਿਲਾਂ ਮੁਸਲਮਾਨ ਤੇ ਫੇਰ ਹਿੰਦੂ-ਸਿੱਖਾਂ ਨੂੰ ਇੱਕ ਦੂਜੇ ਤੋਂ ਦੂਰ ਕਰਨ ਦੀ ਚਾਲ ਚਲੀ। ਜਿਸ ਕਾਰਨ ਮਹਾਰਾਣੀ ਜਿੰਦ ਕੌਰ ਦੇ ਹੱਕ ਵਿਚ ਤੇ ਮਹਾਰਾਜਾ ਦਲੀਪ ਸਿੰਘ ਦੇ ਇਸਾਈ ਕਰਨ ਵਿਰੁੱਧ ਕਿਸੇ ਨੇ ਲੋੜੀਂਦੀ ਆਵਾਜ਼ ਵੀ ਨਹੀਂ ਉਠਾਈ, ਸਾਥ ਤਾਂ ਕੀ ਦੇਣਾ ਸੀ ।
ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਬੁੰਗਾ ਸਰਦਾਰਾਂ ਢਾਹ ਦਿੱਤਾ ਗਿਆ। ਸ੍ਰੀ ਹਰਿਮੰਦਰ ਸਾਹਿਬ ਦਾ ਦਰਵਾਜ਼ਾ, ਗੇਟ ਘੰਟਾ ਘਰ ਬਣਾ ਦਿੱਤਾ ਗਿਆ। ਰਾਜ ਕੁਮਾਰੀ ਬੰਬਾਂ 1957 ਈ. ਤੱਕ ਲਾਹੌਰ ਵਿੱਚ ਰਹੀ, ਉਸ ਨੂੰ ਸਤਿਕਾਰ ਤਾਂ ਕਿਸ ਦੇਣਾ ਸੀ, ਧੋਖੇ ਨਾਲ ਖੋਹੇ ਸਿੱਖ ਰਾਜ ਦੇ ਮੁੜ ਬਹਾਲੀ ਦੀ ਮੰਗ ਵੀ ਕਿਸੇ ਨਹੀਂ ਕੀਤੀ।
ਨਿਰਸੰਦੇਹ ਅੰਗਰੇਜ਼ ਨੇ ਪੂਰਨ ਰੂਪ ਵਿੱਚ ਸਿੱਖ ਚਰਿੱਤਰ ਤੇ ਸਿਧਾਂਤ ਨੂੰ ਹੀ ਖ਼ਤਮ ਕਰਨ ਦਾ ਯਤਨ ਕੀਤਾ। ਵੱਡੀ ਗਿਣਤੀ ਸਿੱਖ ਫ਼ੌਜੀ ਅੰਗਰੇਜ਼ ਤੋਪ ਦਾ ਬਰੂਦ ਬਣ ਕੇ ਦੁਨੀਆ ਭਰ ਵਿੱਚ ਲੜੇ ਤੇ ਮਰੇ।  ਮੁਗ਼ਲ, ਨਾਦਰ ਸ਼ਾਹ, ਅਬਦਾਲੀ ਤੇ ਮੰਨੂ ਵਰਗੇ ਜਰਵਾਣੇ ਲਗਾਤਾਰ ਸਿੱਖਾਂ ਦਾ ਕਤਲ ਕਰਕੇ ਤੇ ਧਰਮ ਸਥਾਨ ਢਾਹ ਕੇ ਕੌਮ ਨੂੰ ਖ਼ਤਮ ਕਰਨ ਲਈ ਯਤਨਸ਼ੀਲ ਹੋਣ ਦੇ ਬਾਵਜੂਦ ਸਫਲ ਨਹੀਂ ਹੋਏ, ਪਰ ਅੰਗਰੇਜ਼ ਨੇ ਤਖ਼ਤ ਢਾਹੁਣ ਦੀ ਥਾਂ ਸਿਧਾਂਤ ਢਾਹੁਣ ਦੀ ਨੀਤੀ ਨਾਲ ਇਸ ਦੇ ਮਹਾਨ ਫ਼ਲਸਫ਼ਾ ਤੇ ਸ਼ਕਤੀ ਨੂੰ ਖੇਰੂੰ-ਖੇਰੂੰ ਕਰ ਦਿੱਤੀ ।
ਸਿੱਖ ਕੌਮ ਦੀ ਤ੍ਰਾਸਦੀ ਇਹ ਰਹੀ ਕਿ ਸਾਰੇ ਲੋਕ ਇਕੱਠੇ ਹੋ ਕੇ ਨਹੀਂ ਬੈਠੇ, ਪਹਿਲਾਂ ਅੰਗਰੇਜ਼ਾਂ ਨੇ ਵੰਡ ਦਿੱਤੇ, ਜੇਕਰ ਮਹਾਰਾਜਾ ਦਲੀਪ ਸਿੰਘ ਅਤੇ ਬਾਬਾ ਮਹਾਰਾਜ ਸਿੰਘ ਵਾਂਗ ਕੋਈ ਉੱਠਿਆ ਵੀ ਤਾਂ ਉਹ ਇਕੱਲਾ ਰਹਿ ਹੀ ਗਿਆ। ਆਜ਼ਾਦੀ ਸਮੇਂ ਕਾਂਗਰਸ ਨੇ ਖ਼ਾਲਸਾ ਰਾਜ ਦੀ ਰਾਜਧਾਨੀ ਸਮੇਤ ਬਹੁਤੇ ਇਤਿਹਾਸਕ ਗੁਰਧਾਮ ਵੀ ਪਾਕਿਸਤਾਨ ਦੇ ਹਵਾਲੇ ਕਰ ਦਿੱਤੇ। ਪਾਕਿਸਤਾਨ ਵਿੱਚ ਬਚੇ ਸਿੱਖ ਜਾਂ ਤਾਂ ਕਤਲ ਕਰ ਦਿੱਤੇ ਗਏ ਜਾਂ ਧਰਮ ਪਰਵਰਤਨ ਲਈ ਮਜਬੂਰ ਕਰ ਦਿੱਤੇ ਗਏ। ਪਾਕਿਸਤਾਨ ਦਾ ਪੰਜਾਬ, ਸਿੱਖ ਮੁਕਤ ਹੋ ਗਿਆ, ਜੋ ਕੁਝ ਸਿੱਖ ਬਚ ਗਏ ਹਨ, ਉਹ ਅੱਜ ਕਬਾਇਲੀ ਇਲਾਕੇ ਵਿੱਚ ਰਹਿੰਦੇ ਹਨ।
ਭਾਰਤ ਨਾਲ ਰਹਿਣ ਦੇ ਸਿੱਖ ਆਗੂਆਂ ਦੇ ਫ਼ੈਸਲੇ ਨੇ ਕੌਮ ਦੇ ਭਵਿੱਖ ’ਤੇ ਗਹਿਰਾ ਪ੍ਰਭਾਵ ਪਾਇਆ। ਸ਼ੁਰੂਆਤੀ ਦਹਾਕਿਆਂ ’ਚ ਸਿੱਖ ਕੌਮ ਨੂੰ ਕੇਂਦਰੀ ਹਕੂਮਤ ਤੋਂ ਮਾੜੇ ਤਜਰਬੇ ਵੀ ਹੋਏ। ਪਰ ਗੈਰ ਕਾਂਗਰਸੀ ਸਰਕਾਰਾਂ ਦੇ ਹੋਂਦ ਵਿਚ ਆਉਣ ਨਾਲ ਸਥਿਤੀ ’ਚ ਵੱਡੀ ਤਬਦੀਲ ਵੀ ਆਈ। ਅੱਜ ਹਰ ਖੇਤਰ ਵਿੱਚ ਸਿੱਖਾਂ ਨੂੰ ਅੱਗੇ ਵਧਣ ਅਤੇ ਸਰਕਾਰੀ ਕੁਰਸੀਆਂ ਦਾ ਅਨੰਦ ਮਾਣਨ ਦਾ ਮੌਕਾ ਮਿਲ ਰਿਹਾ ਹੈ। ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਫ਼ੌਜਾਂ ਦੇ ਮੁਖੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ, ਖੇਡ ਟੀਮਾਂ ਦੇ ਕਪਤਾਨ ਸਿੱਖ ਬਣੇ ਤੇ ਹੈ ਵੀ ਨੇ। ਪੰਜਾਬ ਜਿੱਥੇ ਸਿੱਖ ਵੱਡੀ ਗਿਣਤੀ ਵਿੱਚ ਵੱਸਦੇ ਹਨ, 1956 ਈ ਤੋਂ ਕੁਝ ਸਮਾਂ ਛੱਡ ਸਿੱਖ ਹੀ ਮੁੱਖ ਮੰਤਰੀ ਤੇ ਵਜ਼ੀਰ ਬਣਦੇ ਆ ਰਹੇ ਹਨ।
ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿੱਚ ਸਿੱਖ ਕੌਮ ਨੇ ਪੁਰ ਅਮਨ ਅੰਦੋਲਨਾਂ ਰਾਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਸਮੇਤ ਕਈ ਮੋਰਚੇ ਜਿੱਤੇ ਹਨ। ਪਰ 1980 ਦੇ ਦਹਾਕੇ ਤੋਂ ਸਿੱਖ ਭੇਸ ਵਾਲੇ ਕਈ ਪੁਰਾਣੇ ਨਕਸਲਬਾੜੀਆਂ ਨੇ ਕੁਝ ਨਿਹੱਥੇ ਮਾਸੂਮ ਬੱਚੇ, ਔਰਤਾਂ ਤੇ ਬੇਗੁਨਾਹ ਲੋਕਾਂ ਨੂੰ ਮਾਰਨ ਦੇ ਰਾਹ ਵੀ ਪਾ ਦਿੱਤਾ। ਗੁਰੂ ਕਾ ਸਿੱਖ ਨਾ ਤਾਂ ਭੱਜੇ ਤੇ ਵਾਰ ਕਰਦਾ ਹੈ ਤੇ ਨਾਂ ਹੀ ਨਿਹੱਥੇ ਤੇ, ਜੇਕਰ ਕਤਲ ਕਰਨ ਨਾਲ ਵਿਚਾਰ ਨੂੰ ਮਾਰਿਆ ਜਾ ਸਕਦਾ ਤਾਂ ਗੁਰੂ ਸਾਹਿਬਾਨ ਦੀਆਂ ਬੇਮਿਸਾਲ ਕੁਰਬਾਨੀਆਂ ਤੋਂ ਬਾਅਦ ਤਾਂ ਇਕ ਵੀ ਸਿੱਖ ਨਾ ਬਚਦਾ ਨਾ ਬਣਦਾ। ਮਾਸਟਰ ਤਾਰਾ ਸਿੰਘ ਜੀ ਤੋਂ ਬਾਅਦ ਸਿੱਖ ਰਾਜਨੀਤਿਕ ਆਗੂਆਂ ਦੀ ਸਥਿਤੀ ”ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥” ਵਾਲੀ ਰਹੀ ਹੈ, ਜਿੱਥੇ ਨਾ ਤਾਂ ਰਾਜਨੀਤਿਕ ਤੌਰ ‘ਤੇ ਅੱਗੇ ਵਧ ਸਕੇ ਹਾਂ ਨਾ ਹੀ ਧਾਰਮਿਕ ਤੌਰ ‘ਤੇ। ਆਬਾਦੀ ਦੇ ਹਿਸਾਬ ਨਾਲ ਭਾਰਤ ਵਿੱਚ ਸਿੱਖ ਤੀਜੇ ਤੋਂ ਚੌਥੇ ਨੰਬਰ ‘ਤੇ ਚਲੇ ਗਏ ਹਨ। ਅੱਜ ਸਿੱਖ ਭਾਈਚਾਰਾ ਦੁਨੀਆ ਵਿੱਚ ਫੈਲ ਚੁੱਕਿਆ ਹੈ । ਸਿੱਖ ਫ਼ਲਸਫ਼ੇ ਤੇ ਇਤਿਹਾਸ ਦੀ ਅਮੀਰੀ ਨਾਲ ਬਹੁਤ ਅੱਗੇ ਵਧਣ ਦੀ ਸਮਰੱਥਾ ਰੱਖਦੇ ਹਨ।
ਜੇਕਰ ਆਪਣਾ ਬੱਚਾ ਦੂਜੇ ਦੇ ਘਰ ਚਲਾ ਜਾਏ ਤੇ ਗੁਆਂਢੀ ਨਾਲ ਲੜਨ ਦੀ ਥਾਂ ਆਪਣੇ ਬੱਚੇ ਨੂੰ ਸਮਝਾਉਣਾ ਸਹੀ ਨੀਤੀ ਹੈ। ਪਰ ‘ਮੋਹਿ ਐਸੇ ਬਨਜ ਸਿਉ ਨਹੀਨ ਕਾਜੁ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ॥ ਦੇ ਹੁਕਮ ਅਨੁਸਾਰ ਸਿੱਖਾਂ ਨੇ ਹੀ ਸਿੱਖਾਂ ਨੂੰ ਮਾਰ ਕੇ ਪੰਜਾਬ ਤੇ ਦੂਜੇ ਸੂਬਿਆਂ ਵਿੱਚ ਹਜ਼ਾਰਾਂ ਘਰਾਂ ਦੇ ਚਿਰਾਗ਼ ਬੁਝਾ ਲਏ।
ਸਿੱਖਾਂ ਨੂੰ ਈਦ ਦੇ ਦੁੰਬੇ ਵਾਂਗ ਕਤਲ ਕਰ 1985 ਈ. ਦੀ ਚੋਣ ਜਿੱਤਣ ਦੀ ਸਰਕਾਰੀ ਸਾਜ਼ਿਸ਼ ਦਾ ਕਈ ਸਾਬਕਾ ਅਧਿਕਾਰੀ ਪਰਦਾਫਾਸ਼ ਕਰਦੇ ਹਨ। ਪਰ ਕੀ ਕਿਸੇ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਸੱਚ ਦਾ ਇਤਿਹਾਸ ਕੌਮ ਨੂੰ ਕਲਮਬੰਦ ਕਰਕੇ ਦਿੱਤਾ?।  ਅਖੌਤੀ ਧਰਮ ਯੁੱਧ ਵਿੱਚ ਜੋ ਸਿੱਖ ਕੌਮ ਦਾ ਨੁਕਸਾਨ ਹੋਇਆ ਉਸ ਲਈ ਜ਼ਿੰਮੇਵਾਰ ਕੌਣ ਹਨ? ਉਸ ਦੀ ਭਰਪਾਈ ਅਜੇ ਤੱਕ ਕਿਉਂ ਨਹੀਂ ਹੋਈ? ਜਿੰਨਾ ਧਰਮੀ ਫ਼ੌਜੀਆਂ ਨੇ 1984 ਈ. ਵਿੱਚ ‘ਸਾਕਾ ਨੀਲਾ ਤਾਰਾ’ ਵਿਰੁੱਧ ਰੋਸ ਕਾਰਨ ਬੈਰਕਾਂ ਛੱਡੀਆਂ ਸਨ, ਨੂੰ 1985 ਈ ਤੋਂ ਬਾਅਦ ਪੰਥਕ ਸਰਕਾਰਾਂ ਨੇ ਕੀ ਸਹਾਇਤਾ ਕੀਤੀ? ਜਾਂ ਨੌਕਰੀਆਂ ਦਿੱਤੀਆਂ? ਟਾਸਕ ਫੋਰਸ ਦੇ ਮੈਂਬਰ ਬਣ ਚੌਕੀਦਾਰਾ ਕਰਨ ਨਾਲ਼ੋਂ ਤਾਂ ਉਹ ਪਹਿਲਾਂ ਹੀ ਚੰਗੇ ਨਹੀਂ ਸਨ?
ਪਿਛਲੇ 45 ਸਾਲ ਵਿੱਚ ਪੰਜਾਬ ਦੇ ਅੰਦਰ ਤੇ ਪੰਜਾਬ ਤੋਂ ਬਾਹਰ ਜੋ ਕਤਲੋਂ ਗਾਰਤ ਹੋਈ ਹੈ, ਉਸ ਬਾਰੇ ਕੀ ਕੋਈ ਕਮੇਟੀ ਨਹੀਂ ਬਣਨੀ ਚਾਹੀਦੀ ਸੀ? ਜੋ ਇਸ ਦੇ ਕਾਰਨ ਤੇ ਨਤੀਜਿਆਂ ਦੀ ਪੜਤਾਲ ਕਰਕੇ ਅੱਗੇ ਨੀਤੀ ਤੈਅ ਕਰਦੀ ।
ਧਰਮਯੁੱਧ ਮੋਰਚੇ ਤੇ ਮਰਜੀਵੜੇ ਬਣਾਉਣ ਦਾ ਫ਼ੈਸਲਾ ਰਾਜਨੀਤਿਕ ਸੀ, ਇਸ ਲਈ ਰਾਜੀਵ-ਲੌਂਗੋਵਾਲ ਸਮਝੌਤਾ ਰੱਦ ਹੋਣ ‘ਤੇ ਵੀ ਮੁੱਦਾ ਕੁਰਸੀ ਪ੍ਰਾਪਤ ਕਰਨ ਤੱਕ ਹੀ ਰਿਹਾ, ਜੋ ਪੰਜਾਬ ਤੇ ਸਿੱਖਾਂ ਦੇ ਲਈ ਆਪ ਕੀਤੇ ਜਾ ਸਕਦੇ ਸਨ ਉਹ ਵੀ ਨਹੀਂ ਕੀਤੇ ਗਏ, ਘੱਟੋ-ਘੱਟ ਸਰਕਾਰੀ ਤੰਤਰ ਤੇ ਆਮ ਵਿਅਕਤੀਆਂ ਵਿੱਚ ਲੰਬੇ ਸਮੇਂ ਹੋਏ ਕਤਲੋਗਾਰਤ ਨੂੰ ਮਾਫ਼ ਕਰੋ, ਪਿਆਰ ਕਰੋ, ਤੇ ਅੱਗੇ ਵਧੋ ਤੱਕ ਦੀ ਗੱਲ ਨਹੀਂ ਹੋਈ। ਨੀਤੀ ਕੇਵਲ ਮੁੱਦੇ ਤੇ ਸਮੱਸਿਆਵਾਂ ਜਿੰਦਾ ਰੱਖਣ ਤੱਕ ਹੀ ਰਹੀ ਲਗਦੀ ਹੈ।
1984 ਈ ਦੀ ਸਿੱਖ ਕਤਲੇਆਮ ਭਾਰਤ ਦੇ ਕਰੀਬ 9 ਰਾਜਾਂ ਵਿੱਚ ਹੋਈ, ਉਸ ਬਾਰੇ ਇਨਸਾਫ਼ ਲੈ ਕੇ ਦੇਣ ਦਾ ਕਿਸ ਕੌਮੀ ਆਗੂ ਨੇ ਯਤਨ ਕੀਤਾ? ਪੰਜਾਬ ਤੋਂ ਬਾਹਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਉਤਰਾਖੰਡ, ਮੱਧ ਪ੍ਰਦੇਸ਼ ਸਮੇਤ ਸਾਰੇ ਸੂਬਿਆਂ ਵਿੱਚ 50 ਲੱਖ ਤੋਂ ਵੱਧ ਸਿੱਖ ਵੱਸਦੇ ਹਨ, ਜੋ ਵੱਡੇ ਜ਼ਿਮੀਂਦਾਰ ਤੇ ਕਾਰੋਬਾਰੀ ਹਨ। ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰ ਬਾਹਰ ਵੱਸਦੇ ਸਿੱਖਾਂ ਦਾ ਜੀਵਨ ਅਸੁਰੱਖਿਅਤ ਕਰਨ ਦੇ ਜ਼ੁੰਮੇਵਾਰ ਸਿੱਖ ਸਰੂਪ ਵਿੱਚ ਲੋਕਾਂ ਨੂੰ ਨਜ਼ਰ ਆਉਣ, ਕੀ ਇਹ ਕੌਮੀ ਹਿਤ ਹੈ?
ਵਾਰਿਸ ਪੰਜਾਬ ਦਾ ਕੀ ਪਿਛੋਕੜ ਹੈ? ਇਸ ਦੀ ਕੌਮ ਨੂੰ ਦੇਣ ਤੇ ਅੰਤਿਮ ਨਿਸ਼ਾਨਾ ਕੀ ਹੈ? ਕੌਮ ਦੇ ਗਲ ਵਿੱਚ ਇਹ ਸਮੱਸਿਆ ਜਾ ਮੁਹਿੰਮ ਪਾਉਣ ਤੋਂ ਪਹਿਲਾਂ ਕਿਸ ਕਿਸ ਆਗੂ ਨੇ ਰਾਏ ਦਿੱਤੀ ? ਕੀ ਇਹ ਭਾਰਤ ਨੂੰ ਜ਼ਖ਼ਮੀ ਕਰ ਖ਼ੂਨ ਬਹਾਉਣ ਲਈ 2ਕੇ ਕੇ (ਕਸ਼ਮੀਰ, ਖ਼ਾਲਿਸਤਾਨ) ਪਲਾਨ ਦੀ ਆਈਐਸਆਈ ( ਪਾਕਿਸਤਾਨ) ਦੀ ਨੀਤੀ ਤਾਂ ਨਹੀਂ? ਕਿਸੇ ਵੀ ਦੇਸ਼ ਵਿਰੁੱਧ ਹਥਿਆਰ ਬੰਦ ਲੜਾਈ ਦੂਜਾ ਦੇਸ਼ ਹੀ ਲੜ ਸਕਦਾ ਹੈ, ਕੀ ਹਥਿਆਰਾਂ ਦੀ ਗੱਲ ਕਰਨ ਵਾਲੇ ਉਸ ਦੇਸ਼ ਦਾ ਨਾਂ ਦੱਸਣਗੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ’ਚ ਥਾਣੇ ‘ਤੇ ਕਬਜ਼ਾ ਕਰਨ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ? ਖ਼ਾਲਿਸਤਾਨ ਦਾ ਸ਼ਬਦ ਵਿਦੇਸ਼ਾਂ ਵਿੱਚ ਭੇਜਣ ਦੇ ਨਾਂ ’ਤੇ ਪੈਸੇ ਕਮਾਉਣ ਦਾ ਵੀ ਸਾਧਨ ਬਣਦਾ ਜਾ ਰਿਹਾ ਹੈ। ਮੁੱਠੀਭਰ ਲੋਕ ਦੇਸ਼-ਵਿਦੇਸ਼ ਵਿੱਚ ਸਿੱਖ ਕੌਮ ਦੀ ਛਵੀ ਖ਼ਰਾਬ ਕਰਦੇ ਨਜ਼ਰ ਆਉਂਦੇ ਹਨ।
ਨਸ਼ਾ, ਗੁਰਮਤਿ ਅਨੁਸਾਰ ਵਰਜਿਤ ਹੈ, ਪਰ ਇਸ ਵਿਰੁੱਧ ਲਾਮਬੰਦੀ ਇੱਕ ਵਿਅਕਤੀ ਨੂੰ ਨਹੀਂ ਸਿੱਖ ਪੰਥ ਨੂੰ ਕਰਨੀ ਪਵੇਗੀ ਅਤੇ ਗੁਰਮੀਤ ਦੇ ਕਾਰੋਬਾਰੀ ਜੋ ਪੰਜਾਬ ਵਿੱਚੋਂ ਹੀ ਹਨ ਨੂੰ ਰਾਜਸੀ ਤੇ ਧਾਰਮਿਕ ਪੁਸ਼ਤਪਨਾਹੀ ਕਰਨ ਦੀ ਥਾਂ ਸਮਾਜਿਕ ਬਹਿਸ਼ਕਾਰ ਕਰਨਾ ਪਵੇਗਾ, ਜੋ ਸਾਡੇ ਕਰਦੇ ਹੁੰਦੇ ਸਨ।
ਧਾਰਮਿਕ ਰੂਪ ਵਿੱਚ ਨਿਰਮਲ ਪੰਥ ਤਾਂ ਪੂਰਨ ਕਰਮਕਾਂਡੀ ਬਣਾ ਦਿੱਤਾ ਗਿਆ ਹੈ, ਉਜਰਤ ਬਿਨਾ ਪਾਠ ਕਰਾਉਣ ਦੀ ਰਵਾਇਤ ਤਾਂ ਕਦੋਂ ਦੀ ਖ਼ਤਮ ਹੋ ਚੁੱਕੀ ਹੈ। ਕਥਾ ਕੀਰਤਨ ਤੇ ਅਰਦਾਸ ਰੋਜ਼ਗਾਰ ਤੇ ਕਮਾਈ ਦੇ ਸਾਧਨ ਬਣ ਚੁੱਕੇ ਹਨ। ਸਿੱਖ ਆਗੂਆਂ ਦਾ ਸਾਰਾ ਜ਼ੋਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨ ਅਤੇ ਕੌਮ ਦਾ ਪੈਸਾ ਵਿੱਦਿਆ, ਸਿਹਤ ਤੇ ਰੋਜ਼ਗਾਰ ਵੱਲ ਲਾਉਣ ਦੀ ਥਾਂ ਸੌੜੀ ਰਾਜਨੀਤਿਕ ਮੁਫ਼ਾਦ ਲਈ ਵਰਤਣ ਤੱਕ ਹੀ ਸੀਮਿਤ ਹੋ ਰਿਹਾ ਹੈ। ਇਹ ਪ੍ਰੇਮ, ਸੇਵਾ ਤੇ ਬਹਾਦਰੀ ਦੇ ਮੁਜੱਸਮੇ, ਦੂਜੇ ਦੀ ਧੀ ਭੈਣ ਦੀ ਇੱਜ਼ਤ ਦੇ ਰਖਵਾਲੇ, ਵਾਰ ਵਾਰ ਧੋਖਾ ਤੇ ਵਾਅਦਾ ਸ਼ਿਕਨੀ ਕਾਰਨ ਦੋਸਤ ਤੇ ਦੁਸ਼ਮਣ ਦੀ ਪਹਿਚਾਣ ਕਰਨ ਦੇ ਅਸਮਰਥ ਹੋ ਗਏ ਲੱਗਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1136 ਉੱਤੇ ਪੰਚਮ ਪਾਤਸ਼ਾਹ ਨੇ ‘ਨਾ ਹਮ ਹਿੰਦੂ ਨ ਮੁਸਲਮਾਨ॥’ ਅੰਕਿਤ ਆਪਣੀ ਵੱਖਰੀ ਹੋਂਦ ਬਾਰੇ 400 ਸਾਲ ਤੋਂ ਪਹਿਲਾਂ ਹੀ ਦਰਜ ਕੀਤੀ ਹੈ, ਫੇਰ ਕਿਸ ਤੋਂ ਸਰਟੀਫਿਕੇਟ ਲੈਣ ਦੀ ਕੀ ਲੋੜ ਹੈ? ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਾਹਰ ਪੀਰ ਜਗਤ ਗੁਰੂ ਬਾਬਾ ਸਭ ਦਾ ਸਾਂਝਾ ਹੈ। ਕਿਸੇ ਦੁਨਿਆਵੀ ਸੀਮਾ ਵਿੱਚ ਬੱਝ ਨਹੀਂ ਸਕਦਾ। ਨਫ਼ਰਤ ਦੀ ਖੇਤੀ ਬੰਦ ਹੋਣੀ ਚਾਹੀਦੀ ਹੈ।  2019ਈ. ਵਿੱਚ ਕੌਮ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਜਿਸ ਨੂੰ ’ਮਸੀਹਾ’ ਵਜੋਂ ਸਨਮਾਨ ਕਰਦੀ ਹੈ ਬਾਰੇ ਕਿਸ ਕਾਰਨ ਤੋਂ ਲੋਕਾਂ ਵਿੱਚ ਨਫ਼ਰਤ ਬੀਜੀ ਜਾ ਰਹੀ ਹੈ? ਸੰਪਰਕ ਤੇ ਸੰਵਾਦ ਰਾਹੀਂ ਹਰ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ। ਸਿੱਟਾ ਇਹ ਹੈ ਕਿ 18ਵੀਂ ਤੇ 19ਵੀਂ ਸਦੀ ਦੇ ਸਿੱਖ, ਕੌਮ ਲਈ ਆਪਾ ਵਾਰ ਕੇ ਨਾਮ ਰੌਸ਼ਨ ਕਰਦੇ ਰਹੇ ਹਨ, ਪਰ 20ਵੀਂ ਸਦੀ ਦੇ 70ਵੇਂ ਦਹਾਕੇ ਤੋਂ ਬਾਅਦ ਦੇ ਆਗੂ, ਰਾਜਨੀਤੀ ਲਈ ਧਰਮ ਸਥਾਨਾਂ ਦੀ ਵਰਤੋਂ ਕਰਦੇ ਹੋਏ ਸਿੱਖ ਕੌਮ ਨੂੰ ਜਜ਼ਬਾਤੀ ਤੌਰ ‘ਤੇ ਭੜਕਾ ਕੇ ਸੱਤਾ ਦੀ ਕੁਰਸੀ ਲੱਭਣ ਦਾ ਯਤਨ ਕਰਦੇ ਹਨ। ਅੱਜ ਵੀ ਲੰਬੀ ਤੇ ਦੂਰ-ਦ੍ਰਿਸ਼ਟੀ ਤੋਂ ਵਿਰਵੇ ਉਹ ਲੋਕ ਆਗੂਆਂ ਦੇ ਤੌਰ ’ਤੇ ਲੋਕਾਂ ਸਾਹਮਣੇ ਹੁੰਦੇ ਹਨ ਜਿਨ੍ਹਾਂ ਦੇ ਦਿਲ ਵਿੱਚ ਆਪਣੇ ਹੀ ਦੇਸ਼, ਕੌਮ ਅਤੇ ਆਪਣੇ ਹੀ ਸੂਬੇ ਤੇ ਆਪਣੀਆਂ ਹੀ ਸਰਕਾਰਾਂ ਲਈ ਨਫ਼ਰਤ ਭਰਦੇ ਨਜ਼ਰ ਆਉਂਦੇ ਹਨ। ਸਿੱਖ ਕੌਮ ਇੱਕ ਬਹਾਦਰ ਕੌਮ ਹੈ, ਜਿਸ ਨੇ ਮੁਗ਼ਲਾਂ ਤੋਂ ਹੀ ਨਹੀਂ ਅਬਦਾਲੀ ਤੇ ਅੰਗਰੇਜ਼ਾਂ ਤੋਂ ਵੀ ਆਜ਼ਾਦੀ ਲੈਣ ਲਈ ਮੋਹਰੀ ਭੂਮਿਕਾ ਅਦਾ ਕੀਤੀ ਤੇ ਸੇਵਾ ਤੇ ਕੁਰਬਾਨੀ ਨਾਲ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਾਣ-ਸਤਿਕਾਰ ਪ੍ਰਾਪਤ ਕਰ ਰਹੀ ਹੈ। ਇਹ ਬਹਾਦਰ ਤੇ ਪ੍ਰੇਮ ਕਰਨ ਵਾਲੇ ਬਹਾਦਰ ਕੇਵਲ ਇੱਜ਼ਤ ਤੇ ਪਿਆਰ ਮੰਗਦੇ ਹਨ, ਪਰ ਕਈ ਧੋਖੇ ਹੋਣ ਕਾਰਨ ਜਲਦੀ ਨਿਰਾਸ਼ ਤੇ ਨਾਰਾਜ਼ ਹੋ ਕੇ ਗ਼ੁੱਸੇ ਕਾਰਨ ਸੱਚ ਤੇ ਝੂਠ ਦੀ ਪਰਖ ਕਰਨ ਵਿੱਚ ਪਿੱਛੇ ਰਹਿ ਜਾਂਦੇ ਹਨ। ਜਿਸ ਬਾਰੇ ਵਿਦਵਾਨਾਂ ਦੀ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ ਅਤੇ ਆਪਣੇ ਮੂਲ ਚਰਿੱਤਰ ਨਾਲ ਜੁੜ ਇਸ ਧਰਤੀ ਨੂੰ ਅਮਨ, ਸੁਰੱਖਿਆ ਤੇ ਤਰੱਕੀ ਵਾਲਾ ਹਲੇਮੀ ਰਾਜ ਬਣਾਉਣ ਵੱਲ ਵਧਣਾ ਚਾਹੀਦਾ ਹੈ।
ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ। ਈਮੇਲ- iqbalsingh_73@yahoo.co.in