Headlines

ਭਾਅ ਜੀ ਗੁਰਸ਼ਰਨ ਸਿੰਘ ਦੇ ਜੱਦੀ ਘਰ ਦੀ ਸੰਭਾਲ ਕਰਨ ’ਤੇ ਜ਼ੋਰ

ਅੰਮ੍ਰਿਤਸਰ, 8 ਅਪਰੈਲ

ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਲੋਕ-ਪੱਖੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਅੰਮ੍ਰਿਤਸਰ ਵਿਚਲੇ ਜੱਦੀ ਘਰ ਨੂੰ ਵਿਰਾਸਤੀ ਦਰਜਾ ਦਿਵਾਉਣ ਸਬੰਧੀ ਅੱਜ ਵਿਰਸਾ ਵਿਹਾਰ ਵਿਚ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਵਿਚ ਸਰਬਸੰਮਤੀ ਨਾਲ ਮੰਗ ਕੀਤੀ ਗਈ ਕਿ ਉਨ੍ਹਾਂ ਦੇ ਵਿਰਾਸਤੀ ਘਰ ਨੂੰ ਢਾਹੇ ਜਾਣ ਤੋਂ ਰੋਕਿਆ ਜਾਵੇ ਤੇ ਸਰਕਾਰ ਇਸ ਥਾਂ ਨੂੰ ਐਕੁਆਇਰ ਕਰ ਕੇ ਇਸ ਦੀ ਸਾਂਭ-ਸੰਭਾਲ ਲਈ ਵਿਰਾਸਤ ਸੰਭਾਲ ਕਮੇਟੀ ਨੂੰ ਸੌਂਪੇ ਜਿਸ ਸਬੰਧੀ ਮਤਾ ਪਾਸ ਕੀਤਾ ਗਿਆ। ਇਨ੍ਹਾਂ ਮਤਿਆਂ ਨੂੰ ਲਾਗੂ ਕਰਵਾਉਣ ਲਈ ਕਮੇਟੀ ਦਾ ਵਫ਼ਦ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮਿਲੇਗਾ। ਇਸ ਮੌਕੇ ਵਿਰਾਸਤ ਸੰਭਾਲ ਕਮੇਟੀ ਦੇ ਕੋਆਰਡੀਨੇਟਰ ਡਾ. ਪਰਮਿੰਦਰ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਕਾਮਰੇਡ ਅਮੋਲਕ ਸਿੰਘ, ਜਤਿੰਦਰ ਸਿੰਘ ਛੀਨਾ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਦੀ ਕੇਵਲ ਪੰਜਾਬ ਦੇ ਲੋਕਾਂ ਜਾਂ ਰੰਗਮੰਚ ਨੂੰ ਹੀ ਦੇਣ ਨਹੀਂ ਸੀ ਬਲਕਿ ਉਹ ਦੁਨੀਆ ਭਰ ਦੇ ਲੇਖਕਾਂ, ਰੰਗਕਰਮੀਆਂ ਤੇ ਸੰਘਰਸ਼ਸ਼ੀਲ ਲੋਕਾਂ ਦੇ ਰੋਲ ਮਾਡਲ ਵੀ ਸਨ। ਇਸ ਲਈ ਸਰਕਾਰਾਂ ਨੂੰ ਅਜਿਹੇ ਮਹਾਨ ਨਾਟਕਕਾਰ ਤੇ ਲੇਖਕ ਦੇ ਜੱਦੀ ਘਰ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਪ੍ਰੇਰਨਾ ਲੈ ਸਕਣ। ਇਸ ਮੌਕੇ ਭਾਅ ਜੀ ਦੀ ਬੇਟੀ ਡਾ. ਅਰੀਤ ਤੇ ਡਾ. ਨਵਸ਼ਰਨ ਨੇ ਕਿਹਾ ਕਿ ਭਾਅ ਜੀ ਦੇ ਘਰ ਨੂੰ ਢਾਹੇ ਜਾਣ ਤੋਂ ਬਚਾ ਕੇ ਇਸ ਘਰ ਨੂੰ ਵਿਰਾਸਤ ਸੰਭਾਲ ਕਮੇਟੀ ਦੇ ਹਵਾਲੇ ਕੀਤਾ ਜਾਵੇ ਜੋ ਇਸ ਦੀ ਦੇਖਭਾਲ ਤੇ ਮੁਰੰਮਤ ਆਦਿ ਦੀਆਂ ਜ਼ਿੰਮੇਵਾਰੀਆਂ ਨਿਭਾਵੇ। ਇਸ ਮੀਟਿੰਗ ’ਚ 28 ਲੋਕ-ਪੱਖੀ ਤੇ ਜਮਹੂਰੀਆਂ ਜਥੇਬੰਦੀਆਂ ਨੇ ਸਹਿਯੋਗ ਦਿੱਤਾ।