Headlines

ਕੈਲਗਰੀ ਪੁਸਤਕ ਮੇਲੇ ਵਿੱਚ ਪਾਠਕਾਂ ਨੇ ਦਿਖਾਇਆ ਭਾਰੀ ਉਤਸ਼ਾਹ

ਕੈਲਗਰੀ (ਹਰਚਰਨ ਸਿੰਘ ਪਰਹਾਰ): ਕੱਲ੍ਹ ਐਤਵਾਰ 09 ਅਪਰੈਲ, 2023 ਨੂੰ ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਪਹਿਲਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ।ਇਸ ਮੌਕੇ ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਆਪਣੇ ਘਰਾਂ ਵਿੱਚ ਮਿੰਨੀ ਲਾਇਬ੍ਰੇਰੀਆਂ ਵੀ ਬਣਾਉਣ ਦੀ ਲੋੜ ਹੈ।ਉਨ੍ਹਾਂ ਪਾਠਕਾਂ ਨੂੰ ਸੁਝਾਅ ਦਿੱਤਾ ਕਿ ਸਾਨੂੰ ਆਪਣੇ ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਦਾ ਉਤਸ਼ਾਹ ਪੈਦਾ ਕਰਨਾ ਚਾਹੀਦਾ ਹੈ।ਉਨ੍ਹਾਂ ਮੀਡੀਏ ਵਲੋਂ ਕੀਤੇ ਸਹਿਯੋਗ ਲਈ ਧੰਨਵਾਦ ਕੀਤਾ।ਇਸ ਪੁਸਤਕ ਮੇਲੇ ਦੀ ਸ਼ੁਰੂਆਤ ਕੈਲਗਰੀ ਦੇ ਨਾਮਵਰ ਬਿਜਨੈਸਮੈਨ ਪੌਲ ਸੇਖੋਂ ਵਲੋਂ ਕੀਤੀ ਗਈ।ਜਿਨ੍ਹਾਂ ਨੂੰ ਸਮਾਜ ਸੇਵਾ, ਆਪਣੇ ਪਿੰਡ ਲਾਇਬ੍ਰੇਰੀ ਖੋਲਣ ਅਤੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਲਈ ਮਾਇਕ ਸਹਾਇਤਾ ਕਰਨ ਵਜੋਂ ਪ੍ਰਬੰਧਕਾਂ ਵਲੋਂ ਕਿਤਾਬਾਂ ਦਾ ਸੈਟ ਭੇਟ ਕੀਤਾ ਗਿਆ।

ਇਸ ਮੌਕੇ ਤੇ ਬੁੱਕ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਵਲੋਂ ਹਮੇਸ਼ਾਂ ਭਰਵਾਂ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਉਨ੍ਹਾਂ ਪਾਠਕਾਂ ਨੂੰ ਅਪੀਲ ਕੀਤੀ ਕਿ ਅਗਲੇ ਐਤਵਾਰ ਅਪਰੈਲ 16 ਨੂੰ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਦੇ ਹਾਲ ਵਿਖੇ ਦੁਪਹਿਰ ਦੋ ਵਜੇ ਉਘੇ ਲੇਖਕ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਸੀਨੀਅਰ ਪ੍ਰੋਫੈਸਰ ਚਮਨ ਲਾਲ ਦਾ ਵਿਸ਼ੇਸ਼ ਲੈਕਚਰ ਸੁਣਨ ਲਈ ਜਰੂਰ ਪਹੁੰਚਣ।ਉਨ੍ਹਾਂ ਅੱਗੇ ਬੋਲਦੇ ਹੋਏ ਪਾਠਕਾਂ ਵਲੋਂ ਦਿਖਾਏ ਉਤਸ਼ਾਹ ਤੇ ਖੁਸ਼ੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਕੈਲਗਰੀ ਵਿੱਚ ਦਿਨੋਂ ਦਿਨ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ, ਅੰਗਰੇਜੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ਼-ਨਾਲ਼ ਹੋਰ ਭਾਸ਼ਾਵਾਂ ਵਿਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ।ਪਾਠਕਾਂ ਵਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।ਬੇਸ਼ਕ ਇਹ ਪੁਸਤਕ ਮੇਲਾ ਤਾਂ ਉਸੇ ਦਿਨ ਸਮਾਪਤ ਹੋ ਗਿਆ ਸੀ, ਪਰ ਮਾਸਟਰ ਜੀ ਕੋਲ਼ ਕਿਤਾਬਾਂ ਦਾ ਸਟਾਕ ਖਤਮ ਨਹੀਂ ਹੋਇਆ।ਤੁਸੀਂ ਮਾਸਟਰ ਭਜਨ ਸਿੰਘ ਜੀ ਨਾਲ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਤੋਂ ਆਪਣੇ ਮਨਪਸੰਦ ਦੀਆਂ ਕਿਤਾਬਾਂ ਜਦੋਂ ਮਰਜੀ ਉਨ੍ਹਾਂ ਦੇ ਘਰੋਂ ਜਾ ਕੇ ਖਰੀਦ ਸਕਦੇ ਹੋ ਅਤੇ ਜੇ ਕੋਈ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹੋ।