Headlines

ਸੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਨੂੰ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਸਰਧਾਂਜਲੀ ਭੇਟ

ਅੰਮ੍ਰਿਤਸਰ :- 17 ਅਪ੍ਰੈਲ -ਗੁ: ਸੱਚਖੰਡ ਈਸ਼ਰ ਦਰਬਾਰ ਜੁਰਾਸੀ ਪਿਹੋਵਾ ਹਰਿਆਣਾ ਵਿਖੇ ਸੱੰਤ ਬਾਬਾ ਮਾਨ ਸਿੰਘ ਪਿਹੋਵੇ ਵਾਲਿਆਂ ਦੀ ਅੰਤਿਮ ਅਰਦਾਸ ਦੇ ਗੁਰਮਤਿ ਸਮਾਗਮ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਮਾਨ ਸਿੰਘ ਜੀ ਦਾ ਘਾਟਾ ਪੂਰਿਆ ਜਾਣਾ ਅਸੰਭਵ ਹੈ ਪਰ ਗੁਰੂ ਭਾਣਾ ਅਟੱਲ ਤੇ ਅਕਾਲ ਹੈ। ਉਨ੍ਹਾਂ ਈਸ਼ਰ ਦਰਬਾਰ ਦੇ ਸਮੁੱਚੇ ਬਿਹੰਗਮ ਸੰਤ ਮਹਾਂਪੁਰਸ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਏਕਤਾ ਵਿਚ ਬਲ ਹੈ। ਜਿਵੇਂ ਸੰਤ ਬਾਬਾ ਮਾਨ ਸਿੰਘ ਜੀ ਗੁਰੂ ਖਾਲਸਾ ਪੰਥ, ਗੁਰੂ ਗ੍ਰੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ ਹਨ ਉਵੇ ਹੀ ਈਸ਼ਰ ਦਰਬਾਰ ਦੇ ਸਾਰੇ ਸਾਰੇ ਸੰਤ ਪੁਰਸ਼ ਸਮਰਪਿਤ ਭਾਵਨਾ ਨਾਲ ਸੇਵਾ ਵਿਚ ਰਹਿਣ। ਉਨ੍ਹਾਂ ਸਮੁਚੇ ਨਿਹੰਗ ਸਿੰਘ ਦਲਪੰਥਾਂ ਵੱਲੋਂ ਸਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਨਾਲ ਪੁਰਾਤਨ ਜੁੜੀਆਂ ਯਾਦਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ।

ਉਨ੍ਹਾਂ ਕਿਹਾ ਓਡੀਸ਼ਾ `ਚ 2000 ਈਸਵੀ ਵਿਚ ਇਕ ਭਿਆਨਕ ਤੂਫ਼ਾਨ ਆਇਆ ਸੀ, ਜਿਸ ਕਾਰਨ ਲੱਖਾਂ ਲੋਕ ਉਜੜ ਗਏ ਸਨ। ਬਾਬਾ ਮਾਨ ਸਿੰਘ ਨੇ ਤਿੰਨ ਮਹੀਨੇ ਉੱਥੇ ਪੀੜਤਾਂ ਲਈ ਲੰਗਰ ਚਲਾਇਆ ਸੀ। ਇਹ ਪਹਿਲੀ ਵਾਰ ਸੀ ਕਿ ਸਾਰੇ ਭਾਰਤ `ਚ ਲੰਗਰ ਦੀ ਚਰਚਾ ਹੋਈ ਸੀ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਉਚੇਚੇ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਨ ਲਈ ਹਰਿਆਣਾ ਆਏ ਸਨ। ਉਨ੍ਹਾਂ ਕਿਹਾ ਏਸੇ ਤਰ੍ਹਾਂ ਸੰਨ 2002 ਵਿਚ ਜਦੋਂ ਗੁਜਰਾਤ `ਚ ਭੁਚਾਲ ਆਇਆ ਤਾਂ ਬਾਬਾ ਮਾਨ ਸਿੰਘ ਨੇ ਉੱਥੇ ਵੀ ਲੰਗਰ ਲਗਾ ਕੇ ਸਾਰੇ ਗੁਜਰਾਤੀਆਂ ਨੂੰ ਹੈਰਾਨ ਕਰ ਦਿੱਤਾ ਸੀ। ਬਾਬਾ ਜੀ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚੀ ਸਿੱਖ ਕੌਮ ਨੂੰ ਬਹੁਤ ਘਾਟਾ ਪਿਆ ਹੈ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਹਰਿਆਣੇ ਤੇ ਬਾਕੀ ਸੂਬਿਆਂ ਦੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਆਸ਼ਰਮ ਦਾ ਵੱਧ-ਚੜ੍ਹ ਕੇ ਸਾਥ ਦੇਣ ਅਤੇ ਦਰਬਾਰ ਵਲੋਂ ਕੀਤੇ ਜਾਂਦੇ ਸੇਵਾ ਕਾਰਜਾਂ ਵਿਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ।