Headlines

ਪਵਿੱਤਰ ਗੰਗਾਸਾਗਰ ਨੂੰ ਸਰੀ ਦੇ ਇਕ ਗੁਰੂ ਘਰ ਦੇ ਦਰਬਾਰ ਹਾਲ ਵਿਚ ਰੱਖਣ ਤੋਂ ਮਨਾਂ ਕੀਤਾ-ਰਾਏ ਅਜ਼ੀਜ਼ ਉਲ਼ਾ ਖਾਨ

ਸਰੀ ( ਦੇ ਪ੍ਰ ਬਿ )- ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਨੂੰ ਬਖਸ਼ਿਸ਼ ਕੀਤੇ ਗਏ ਪਵਿੱਤਰ ਗੰਗਾ ਸਾਗਰ ਸਾਹਿਬ ਦੇ ਦਰਸ਼ਨ ਕੈਨੇਡਾ ਦੀਆਂ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ। ਪਵਿੱਤਰ ਗੰਗਾ ਸਾਗਰ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨਵਾਬ ਰਾਏ ਕੱਲਾ  ਦੇ ਵਾਰਿਸ ਰਾਏ ਅਜ਼ੀਜ਼ ਉੱਲਾ ਖਾਨ ਵਲੋਂ 13,14 ਤੇ 15 ਅਪ੍ਰੈਲ ਨੂੰ ਟੋਰਾਂਟੋ ਦੀਆਂ ਸਿੱਖ ਸੰਗਤਾਂ ਲਈ ਗੁਰਦੁਆਾਰਾ ਮਾਲਟਨ ਵਿਖੇ  ਪ੍ਰਬੰਧ ਕੀਤੇ ਗਏ ਸਨ। ਇਸ ਉਪਰੰਤ ਉਹ ਬੀਤੇ ਦਿਨ ਸਰੀ ਵਿਖੇ ਪੁੱਜੇ ਜਿਥੇ ਇਕ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਗੰਗਾਸਾਗਰ ਸਾਹਿਬ ਸ਼ਸੋਭਿਤ ਕੀਤੇ ਜਾਣ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ। ਉਹਨਾਂ ਇਸ ਸਬੰਧੀ ਦੇਸ ਪ੍ਰਦੇਸ਼ ਟਾਈਮਜ਼ ਨੂੰ ਫੋਨ ਉਪਰ ਭਰੇ ਮਨ ਨਾਲ ਜਾਣਕਾਰੀ ਦਿੱਤੀ ਹੈ ਕਿ ਅੱਜ ਜਦੋਂ ਉਹ ਸਵੇਰੇ 11 ਵਜੇਂ ਪਵਿੱਤਰ ਗੰਗਾਸਾਗਰ ਸਾਹਿਬ ਲੈਕੇ ਪੁੱਜੇ ਤਾਂ ਉਹਨਾਂ ਨੂੰ ਦਰਬਾਰ ਸਾਹਿਬ ਦੀ ਹਜੂਰੀ ਵਿਚ ਪਵਿੱਤਰ ਗੰਗਾਸਾਗਰ ਨੂੰ ਰੱਖਣ ਤੋ ਰੋਕ ਦਿੱਤਾ ਗਿਆ। ਇਕ ਪ੍ਰਬੰਧਕੀ ਮੈਂਬਰ ਨੇ ਉਹਨਾਂ ਨੂੰ ਕਿਹਾ ਕਿ ਇਸਨੂੰ ਉਠਾਕੇ ਸਾਹਮਣੇ ਵਾਲੇ ਕਮਰੇ ਵਿਚ ਲੈ ਜਾਓ ਜਾਂ ਇਸਨੂੰ ਲੰਗਰ ਹਾਲ ਵਿਚ ਰੱਖ ਦਿਓ। ਉਹਨਾਂ ਬੜੀ ਨਿਮਰਤਾ ਸਹਿਤ ਉਕਤ ਪ੍ਰਬੰਧਕ ਨੂੰ ਦੱਸਿਆ ਕਿ ਇਹ ਦਸਮੇਸ਼ ਪਿਤਾ ਦੀ ਪਵਿੱਤਰ ਨਿਸ਼ਾਨੀ ਹੈ, ਇਸਨੂੰ ਲੰਗਰ ਹਾਲ ਵਿਚ ਨਹੀ ਰੱਖਿਆ ਜਾ ਸਕਦਾ ਪਰ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਨਹੀ ਕੀਤਾ ਗਿਆ ਜਿਸ ਕਾਰਣ ਉਹ ਭਰੇ ਮਨ ਨਾਲ ਗੰਗਾਸਾਗਰ ਸਾਹਿਬ ਵਾਪਿਸ ਲੈਕੇ ਚਲੇ ਆਏ ਹਨ। ਉਹਨਾਂ ਹੋਰ ਕਿਹਾ ਕਿ ਗੁਰੂ ਸਾਹਿਬ ਦੀ ਇਸ ਪਵਿੱਤਰ ਨਿਸ਼ਾਨੀ ਦੇ ਦਰਸ਼ਨਾਂ ਦੇ ਪ੍ਰੋਗਰਾਮ ਦਾ ਪਹਿਲਾਂ ਐਲਾਨ ਕੀਤਾ ਗਿਆ ਸੀ ਪਰ ਉਹ ਜਦੋਂ ਇਥੇ ਪੁੱਜੇ ਤਾਂ ਇਸ ਸਬੰਧੀ ਕੋਈ ਵੀ ਪ੍ਰਬੰਧ ਨਹੀ ਕੀਤਾ ਗਿਆ। ਉਲਟਾ ਗੰਗਾਸਾਗਰ ਸਾਹਿਬ ਨੂੰ ਦਰਬਾਰ ਵਿਚ ਰੱਖਣ ਤੋ ਵੀ ਮਨਾ ਕਰ ਦਿੱਤਾ ਗਿਆ। ਉਹਨਾਂ ਹੋਰ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਵਿਚ ਇਹ ਪਹਿਲੀ ਘਟਨਾ ਹੈ ਜਦੋਂ ਕਿਸੇ ਗੁਰੂ ਘਰ ਦੇ ਪ੍ਰਬੰਧਕ ਵਲੋਂ ਉਹਨਾਂ ਨਾਲ ਅਜਿਹਾ ਵਿਹਾਰ ਕੀਤਾ ਗਿਆ ਹੈ ਜਿਸ ਕਾਰਣ ਉਹ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਹਨ।

ਜਿਕਰਯੋਗ ਹੈ ਕਿ ਔਰੰਗਜ਼ੇਬ ਦੇ ਰਾਜ ਦੌਰਾਨ ਸਾਲ 1705 ਚ ਆਪਣੀ ਜਾਨ ਜੋਖਮ ਵਿਚ ਪਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕਰਨ ਵਾਲੇ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ, ਜਿਨ੍ਹਾਂ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਸਰਹੰਦ ਵਿਖੇ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਖਬਰ ਮੰਗਵਾ ਕੇ ਦਿੱਤੀ ਸੀ ,ਜਿਸ ਤੋਂ ਬਾਅਦ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਦੇ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ ਨੂੰ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਇਹ ਪਵਿੱਤਰ ਗੰਗਾ ਸਾਗਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਸੀ ,ਜਿਸ ਦੀ ਸੇਵਾ ਹੁਣ ਉਹਨਾਂ ਦੇ ਵੰਸ਼ਿਜ ਰਾਏ ਅਜੀਜ ਉੱਲਾ ਖਾਨ ਕਰ ਰਹੇ ਹਨ,ਜੋ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਵਿੱਚੋਂ ਹਨ ।