Headlines

22 ਅਪ੍ਰੈਲ ਨੂੰ ਸਰੀ ਖਾਲਸਾ ਪਰੇਡ ਵਿਚ ਲੱਖਾਂ ਲੋਕਾਂ ਦੇ ਜੁੜਨ ਦੀ ਉਮੀਦ

ਪ੍ਰਬੰਧਕਾਂ ਵਲੋਂ ਤਿਆਰੀਆਂ ਜ਼ੋਰਾਂ ਤੇ-

ਸਰੀ ( ਦੇ ਪ੍ਰ ਬਿ)- ਇਸ ਸ਼ਨੀਵਾਰ, 22 ਅਪ੍ਰੈਲ ਨੂੰ, ਸਰੀ ਦੇ ਨਗਰ ਕੀਰਤਨ ਵਿਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਕੋਵਿਡ ਉਪਰੰਤ ਤਿੰਨ ਸਾਲ ਬਾਦ ਹੋਣ ਜਾ ਰਹੇ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ।

ਇੰਡੀਆ ਤੋ ਬਾਹਰ ਵਿਦੇਸ਼ਾਂ ਵਿਚ ਸਭ ਤੋ ਵੱਡੇ ਇਸ ਨਗਰ ਕੀਰਤਨ ਦੇ ਪ੍ਰਬੰਧਕਾਂ ਮੁਤਾਬਿਕ 12885 85 ਐਵੇਨਿਊ ‘ਤੇ ਸਥਿਤ ਗੁਰਦੁਆਰਾ  ਦਸਮੇਸ਼ ਦਰਬਾਰ  ਦੇ ਅੰਦਰ ਅਤੇ ਆਲੇ ਦੁਆਲੇ ਲੱਖਾਂ ਸੰਗਤਾਂ ਜੁੜਨਗੀਆਂ ਤੇ ਖਾਲਸਾ  ਪਰੇਡ 124 ਸਟਰੀਟ ਤੋਂ 75 ਐਵੇਨਿਊ, 76 ਐਵੇਨਿਊ ਅਤੇ ਫਿਰ 128 ਸਟਰੀਟ ‘ਤੇ ਜਾਵੇਗੀ।

ਪ੍ਰਬੰਧਕਾਂ ਦਾ  ਦਾਅਵਾ  ਹੈ ਕਿ  ਉਹ ਲਗਭਗ 7 ਲੱਖ ਲੋਕਾਂ  ਦੀ ਹਾਜ਼ਰੀ ਲਈ ਤਿਆਰੀ ਕਰ ਰਹੇ ਹਨ ਕਿਉਂਕਿ ਇੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਬਾਦੀ 2019 ਤੋਂ ਬਹੁਤ ਜਿ਼ਆਦਾ ਵਧੀ ਹੈ।

ਕੋਵਿਡ-19 ਮਹਾਂਮਾਰੀ ਕਾਰਣ 2020 ਵਿੱਚ ਅਤੇ ਫਿਰ 2021 ਅਤੇ 2022 ਵਿੱਚ  “ਨਗਰ ਕੀਰਤਨ” ਕੈਂਸਲ ਕਰ ਦਿੱਤਾ ਗਿਆ ਸੀ।

ਇਹ ਸਾਲਾਨਾ ਸਮਾਗਮ, ਜੋ ਸ਼ਨੀਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗਾ, ਵਿੱਚ 20 ਕਮਿਊਨਿਟੀ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ 2,500 ਤੋਂ ਵੱਧ ਪਰੇਡ ਭਾਗੀਦਾਰ ਸ਼ਾਮਲ ਹੋਣਗੇ।

ਗੁਰਦੁਆਰੇ ਦੇ ਪ੍ਰਧਾਨ ਗੁਰਦੀਪ ਸਿੰਘ ਸਮਰਾ ਦਾ ਕਹਿਣਾ ਹੈ ਕਿ ਲੋਕ ਅਮਰੀਕਾ, ਇੱਥੋਂ ਤੱਕ ਕਿ ਯੂਰਪ ਅਤੇ ਆਸਟ੍ਰੇਲੀਆ ਤੋਂ ਵੀ ਸਰੀ ਦੀ ਪਰੇਡ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਹਨ।

ਬੀਤੀ 15 ਅਪ੍ਰੈਲ ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਖਾਲਸਾ ਨਗਰ ਕੀਰਤਨ ਦਾ ਆਯੋਜਿਨ ਕੀਤਾ ਗਿਆ ਸੀ ਜਿਸ ਵਿਚ ਬਾਰਿਸ਼ ਦੇ ਬਾਵਜੂਦ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਭਰੀ ਸੀ। ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਵੀ ਇਥੇ ਮੱਥਾ ਟੇਕਣ ਆਏ ਸਨ ਤੇ ਵਿਸਾਖੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਸਨ।