Headlines

ਐਨ ਡੀ ਪੀ ਸਰਕਾਰ ਲੋਕ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀ- ਕੇਵਿਨ ਫਾਲਕਨ

ਪੰਜਾਬ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ-

( ਦੇ ਪ੍ਰ ਬਿ)- ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿਰੋਧੀ ਧਿਰ ਦੇ ਆਗੂ ਕੇਵਿਨ ਫਾਲਕਨ ਨੇ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਪ੍ਰੈਸ ਕਾਨਫਰੰਸ ਬੀ ਸੀ ਲਿਬਰਲ ਪਾਰਟੀ ਦਾ ਨਾਮ ਬਦਲਕੇ ਬੀ ਸੀ ਯੁਨਾਈਡ ਕੀਤੇ ਜਾਣ ਅਤੇ ਪਾਰਟੀ ਵਲੋਂ ਲੋਕ ਮੁੱਦਿਆਂ ਨੂੰ ਉਭਾਰਨ ਦੇ ਨਾਲ ਪ੍ਰਾਂਤ ਅਤੇ ਵਿਸ਼ੇਸ਼ ਕਰਕੇ ਸਰੀ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਖੁਲਾਸਾ ਕਰਦਿਆਂ ਉਹਨਾਂ ਦੀ ਅਗਵਾਈ ਹੇਠ ਪਾਰਟੀ ਨੂੰ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਨਾਮ ਬਦਲੇ ਜਾਣ ਅਤੇ ਲਿਬਰਲ ਕਦਰਾਂ ਕੀਮਤਾਂ ਨਾਲ ਜੁੜੇ ਲੋਕਾਂ ਦੇ ਸਵਾਲ ਤੇ ਕਿਹਾ ਕਿ ਇਹ ਮਹੱਤਵਪੂਰਣ ਨਹੀ ਕਿ ਪਾਰਟੀ ਦਾ ਨਾਮ ਕੀ ਹੈ, ਬਲਕਿ ਇਹ ਜਿ਼ਆਦਾ ਮਹੱਤਵਪੂਰਣ ਹੈ ਕਿ ਪਾਰਟੀ ਇਕ ਯੋਗ ਲੀਡਰਸ਼ਿਪ ਦੀ ਅਗਵਾਈ ਹੇਠ ਪ੍ਰਾਂਤ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਅਤੇ ਲੋਕ ਸਮੱਸਿਆਵਾਂ ਦੇ ਹੱਲ ਲਈ ਕੀ ਏਜੰਡਾ ਪੇਸ਼ ਕਰਦੀ ਹੈ। ਉਹਨਾਂ ਬੀ ਸੀ ਯੂਨਾਈਟਡ ਵਿਚ ਫੈਡਰਲ ਲਿਬਰਲ, ਐਨ ਡੀ ਪੀ ਤੇ ਕੰਸਰਵੇਟਿਵ ਨਾਲ ਜੁੜੇ ਲੋਕਾਂ ਨੂੰ ਸੂਬੇ ਦੀ ਭਲਾਈ ਅਤੇ ਲੋਕਾਂ ਦੀ ਬੇਹਤਰੀ ਲਈ ਜੁੜਨ ਦਾ ਸੱਦਾ ਦਿੱਤਾ।

ਇਸ ਮੌਕੇ ਉਹਨਾਂ ਨੇ ਸੂਬੇ ਵਿਚ ਸਿਹਤ, ਸਿੱਖਿਆ, ਮੈਡੀਕਲ ਸਿੱਖਿਆ, ਟਰਾਂਜਿਟ ਅਤੇ ਬੁਨਿਆਦੀ ਢਾਂਚੇ ਬਾਰੇ ਸਮੱਸਿਆਵਾਂ ਉਪਰ ਚਰਚਾ ਕੀਤੀ ਤੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਸੂਬੇ ਵਿਚ ਸਿਹਤ ਸੇਵਾਵਾਂ ਦਾ ਬਹੁਤ ਬੁਰਾ ਹਾਲ ਹੈ। ਡਾਕਟਰਾਂ ਤੇ ਮੈਡੀਕਲ ਸਟਾਫ ਦੀ ਵੱਡੀ ਘਾਟ ਹੈ। ਉਹਨਾਂ ਕਿਹਾ ਕਿ ਅੱਜ ਸੂਬੇ ਦੇ ਬੱਚਿਆਂ ਨੂੰ ਮੈਡੀਕਲ ਦੀ ਪੜਾਈ ਲਈ ਮੁਲਕ ਤੋ ਬਾਹਰ ਹੋਰ ਮੁਲਕਾਂ ਵਿਚ ਜਾਣਾ ਪੈਂਦਾ ਹੈ। ਉਹ ਆਪਣੀ ਡਿਗਰੀ ਮੁਕੰਮਲ ਕਰ ਲੈਂਦੇ ਹਨ ਤੇ ਇਥੇ ਉਹਨਾਂ ਨੂੰ ਰੈਜੀਡੈਂਸੀ ਨਹੀ ਮਿਲਦੀ। ਉਹਨਾਂ ਦੀ ਪਾਰਟੀ ਮੈਡੀਕਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬੇ ਵਿਚ ਰੋਜ਼ਗਾਰ ਅਤੇ ਹੋਰ ਸਹੂਲਤਾਂ ਦੇ ਪ੍ਰਬੰਧ ਨੂੰ ਤਰਜੀਹ ਦੇਵੇਗੀ। ਸਰੀ ਵਿਚ ਹਸਪਤਾਲ ਦੀ ਉਸਾਰੀ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਦੂਸਰੇ ਹਸਪਤਾਲ ਦੀ ਉਸਾਰੀ ਉਸ ਜਗਾਹ ਹੋਣੀ ਚਾਹੀਦੀ ਹੈ ਜਿਥੇ ਸਟਾਫ ਅਤੇ ਲੋਕਾਂ ਨੂੰ ਪਹੁੰਚਣਾ ਬਹੁਤਾ ਆਸਾਨ ਹੋਵੇ। ਪਰ ਐਨ ਡੀ ਪੀ ਸਰਕਾਰ ਨੇ ਇਸ ਲਈ ਜਗਾਹ ਦੀ ਸਹੀ ਚੋਣ ਨਹੀ ਕੀਤੀ। ਉਹਨਾਂ ਟਰਾਂਜਿਟ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵੀ ਆਪਣੇ ਵਿਚਾਰ ਰੱਖੇ। ਉਹਨਾਂ ਮੈਸੀ ਟਨਲ ਦੀ ਸਮੱਸਿਆ ਦੇ ਹੱਲ ਲਈ ਐਨ ਡੀ ਪੀ ਸਰਕਾਰ ਵਲੋਂ ਕੋਈ ਵੀ ਹੱਲ ਨਾ ਕੀਤੇ ਜਾਣ ਦੀ ਨਿੰਦਾ ਕੀਤੀ। ਉਹਨਾਂ ਚੋਣ ਸੁਧਾਰਾਂ ਦੀ ਵੀ ਚਰਚਾ ਕੀਤੀ। ਉਹਨਾਂ ਕਿਹਾ ਕਿ ਅਗਰ ਉਹਨਾਂ ਦੀ ਅਗਵਾਈ ਹੇਠ ਸਰਕਾਰ ਬਣਦੀ ਹੈ ਤਾਂ ਉਹ ਸੂਬੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਵਿਚ ਕੋਈ ਕਸਰ ਨਹੀ ਛੱਡਣਗੇ।

ਇਸ ਮੌਕੇ ਉਹਨਾਂ ਨੇ ਸਿੱਖ ਹੈਰੀਟੇਜ ਮੰਥ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ। ਉਹਨਾਂ ਨੇ ਸਿੱਖ ਹੈਰੀਟੇਜ ਮੰਥ ਦੀ ਮਹਾਨਤਾ ਨੂੰ ਦਰਸਾਉਣ ਲਈ ਆਪਣੀ ਕਾਲਰ ਉਪਰ ਖਾਲਸਾਈ ਬੈਜ ਲਗਾਇਆ  ਹੋਇਆ ਸੀ।

ਪ੍ਰੈਸ ਕਲੱਬ ਦੀ ਪ੍ਰਧਾਨ ਬਲਜਿੰਦਰ ਕੌਰ ਨੇ ਉਹਨਾਂ ਦਾ ਸਵਾਗਤ ਕੀਤਾ। ਮੰਚ ਸੰਚਾਲਨ ਕਲੱਬ ਦੇ ਸੈਕਟਰੀ ਖੁਸ਼ਪਾਲ ਸਿੰਘ ਗਿੱਲ ਨੇ ਕੀਤਾ।