Headlines

ਬਾਬਾ ਬੁੱਢਾ ਵੰਸਜ਼ ਨੇ ਜੀ ਐਨ ਡੀ ਯੂ ਦੇ ਮੁੱਖ ਦੁਵਾਰ ਨੂੰ ਚਿੱਟੇ ਪੱਥਰ ਨਾਲ ਬਣਾਉਣ ਦੀ ਕੀਤੀ ਮੰਗ 

ਛੇਹਰਟਾ-(ਰਾਜ-ਤਾਜ ਰੰਧਾਵਾ)–ਪੰਜ ਦਹਾਕਿਆਂ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਦੁਵਾਰ ਦੀ ਮੁੜ ਕਾਲੇ ਪੱਥਰ ਨਾਲ ਉਸਾਰੀ ਕੀਤੇ ਜਾਣ ਤੇ ਇਸ ਦੀ ਕਾਲੇ ਪੱਥਰ ਦੀ ਬਜਾਏ ਸਫੈਦ ਰੰਗ ਦੇ ਪੱਥਰ ਨਾਲ ਉਸਾਰੀ ਕੀਤੇ ਜਾਣ ਦੀ  ਬਾਬਾ ਬੁੱਢਾ ਵੰਸਜ਼ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਸਪੁੱਤਰ ਸੰਤ ਅਮਰੀਕ ਸਿੰਘ ਰੰਧਾਵਾ (ਮੁੱਖੀ ਸੰਪਰਦਾ ਬਾਬਾ ਬੁੱਢਾ ਵੰਸ਼ਜ ਗੁਰੂ ਕੇ ਹਾਲੀ ਰੰਧਾਵੇਂ ਗੁਰੂ ਕੀ ਵਡਾਲੀ ਛੇਹਰਟਾ) ਵੱਲੋਂ ਮੰਗ ਕੀਤੀ ਗਈ ਹੈ । ਇਸ ਉਸਾਰੂ ਕਾਰਜ ਹਿੱਤ ਪ੍ਰੋ: ਬਾਬਾ ਰੰਧਾਵਾ ਵੱਲੋਂ ਜੀਐਨਡੀਯੂ ਦੇ ਉਪ ਕੁੱਲਪਤੀ ਪ੍ਰੋ: ਡਾ: ਜਸਪਾਲ ਸਿੰਘ ਸੰਧੂ ਨੂੰ ਉਨ੍ਹਾਂ ਦੇ ਦਫਤਰ ਜਾਕੇ ਇੱਕ ਮੰਗ ਪੱਤਰ ਦਿੱਤਾ ਗਿਆ । ਪ੍ਰੋ: ਬਾਬਾ ਰੰਧਾਵਾ ਅਨੁਸਾਰ ਵੀਸੀ ਸੰਧੂ ਵੱਲੋਂ ਇਸ ਤੇ ਸੰਜੀਦਗੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਗਿਆ । ਪ੍ਰੋ: ਬਾਬਾ ਰੰਧਾਵਾ ਨੇ ਦੱਸਿਆ ਕਿ ਸੰਨ 1969 ਈ: ਵਿੱਚ ਸਿੱਖ ਧਰਮ ਦੇ ਬਾਨੀ ਤੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੋਂਦ ਵਿੱਚ ਲਿਆਉਣ ਸਮੇਂ ਇਸ ਕਾਲੇ ਰੰਗ ਦੇ ਮੁੱਖ ਦੁਆਰ ਦਾ ਨਿਰਮਾਣ ਕੀਤਾ ਗਿਆ ਸੀ । ਸਮੇਂ ਦੇ ਬਦਲਦੇ ਹਲਾਤਾਂ ਦੇ ਮੱਦੇਨਜ਼ਰ ਇਸ ਵਿੱਚ ਬਦਲਾਵ ਲਿਆਉਣਾ ਸਮੇਂ ਦੀ ਮੰਗ ਅਤੇ ਲੋੜ ਹੈ । ਪ੍ਰੋ: ਬਾਬਾ ਰੰਧਾਵਾ ਵਲੋਂ ਇਕ ਡੈਪੂਟੇਸ਼ਨ ਰਾਹੀਂ ਨਵਨਿਰਮਾਣ ਕੀਤੇ ਜਾ ਰਹੇ ਮੁੱਖ ਦੁਆਰ ‘ਤੇ ਕਾਲਾ ਪੱਥਰ ਲਾਉਣ ਦੀ ਬਜਾਏ ਚਿੱਟਾ ਪੱਥਰ ਲਗਾਏ ਜਾਣ ਦੀ ਲਿਖਤੀ ਰੂਪ ਵਿੱਚ ਮੰਗ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਵੀਸੀ ਵੱਲੋਂ ਇਸ ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ । ਅੰਤ ਵਿੱਚ ਉਨ੍ਹਾਂ ਕਿਹਾ ਕਿ ਇਸ ਕਾਲੇ ਪੱਥਰ ਦੇ ਕਮਰੇ ਦਾ ਨਮੂਨਾ ਮੁਸਲਮਾਨ ਭਾਈਚਾਰੇ ਦੇ ਕੇਂਦਰੀ ਧਰਮ ਸਥਾਨ ਮੱਕਾ ਵਿਖੇ ਸਥਾਪਿਤ ਕਾਲੇ ਰੰਗ ਦੇ ਬਣੇ ‘ਕਾਬੇ’ ਨਾਲ ਮਿਲਦਾ ਜੁਲਦਾ ਹੈ । ਦੂਸਰਾ ਵਿਚਾਰ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਸਾਤਕੀ ਭਾਵ ਸਤੋਗੁਣ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਚਿੱਟਾ ਰੰਗ ਸਾਤਕੀ (ਸਤੋਗੁਣ) ਦੀ ਪ੍ਰਤੀਨਿਧਤਾ ਕਰਦਾ ਹੈ। ਕਾਲਾ ਰੰਗ ਤਮੋਗੁਣ (ਤਾਮਸੀ) ਦਾ ਪ੍ਰਤੀਕ ਹੈ । ਇਸ ਮੌਕੇ ਐਡਵੋਕੇਟ ਧੰਨਜੀਤ ਸਿੰਘ ਸੰਧੂ ਰਾਜਾਜੰਗ, ਪਰਮਜੀਤ ਸਿੰਘ ਤੇਗ, ਭਾਈ ਮਨਜੀਤ ਸਿੰਘ ਸੇਵਾਦਾਰ ਡੇਰਾ ਭਾਈ ਮਹਾਰਾਜ ਸਿੰਘ, ਭਾਈ ਜਤਿੰਦਰ ਸਿੰਘ ਆਦਿ ਹਾਜ਼ਰ ਸਨ ।
ਫੋਟੋ ਕੈਪਸਨ: ਮੰਗ ਪੱਤਰ ਦੇਣ ਜਾਣ ਸਮੇਂ ਪ੍ਰੋ: ਬਾਬਾ ਰੰਧਾਵਾ, ਧੰਨਜੀਤ ਸਿੰਘ ਰਾਜਾ ਜੰਗ, ਪਰਮਜੀਤ ਸਿੰਘ ਤੇਗ