Headlines

ਪ੍ਰਸਿੱਧ ਪੰਜਾਬੀ ਸ਼ਾਇਰ ਮੋਹਨ ਗਿੱਲ ਦਾ 70ਵਾਂ ਜਨਮ ਦਿਨ ਮਨਾਇਆ

ਸਰੀ, 4 ਮਈ (ਹਰਦਮ ਮਾਨ) – ਪ੍ਰਸਿੱਧ ਪੰਜਾਬੀ ਸ਼ਾਇਰ ਅਤੇ ਵੈਨਕੂਵਰ ਵਿਚਾਰ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਦਾ 70ਵਾਂ ਜਨਮ ਦਿਨ ਮੰਚ ਦੇ ਮੈਂਬਰਾਂ ਵੱਲੋਂ ਜਰਨੈਲ ਆਰਟਸ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਵਿਖੇ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਉਪਰੰਤ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਹਰਦਮ ਮਾਨ, ਸਤੀਸ਼ ਗੁਲਾਟੀ, ਗੁਰਦੀਪ ਭੁੱਲਰ ਅਤੇ ਸੁਖਦੇਵ ਸਿੰਘ ਬਰਾੜ (ਦਾਰਾਪੁਰ) ਨੇ ਮੋਹਨ ਗਿੱਲ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਲੰਮੀ ਅਤੇ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ। ਪ੍ਰਸਿੱਧ ਸ਼ਾਇਰ ਗੁਰਭਜਨ ਗਿੱਲ ਨੇ ਭਾਰਤ ਤੋਂ ਮੋਹਨ ਗਿੱਲ ਦੇ ਜਨਮ ਦਿਨ ਤੇ ਸ਼ੁੱਭ ਇੱਛਾਵਾਂ ਦਿੱਤੀਆਂ। ਜਰਨੈਲ ਸਿੰਘ ਸੇਖਾ ਨੇ ਗੁਰਭਜਨ ਗਿੱਲ ਨੂੰ ਵੀ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਬੋਲਦਿਆਂ ਮੋਹਨ ਗਿੱਲ ਨੇ ਆਪਣੇ ਜੀਵਨ, ਸਾਹਿਤ ਸਿਰਜਨਾ, ਕੈਨੇਡਾ ਵਿਚ ਅਖਬਾਰ, ਰੇਡੀਓ, ਤੇ ਟੀ.ਵੀ. ਚੈਨਲਾਂ ਨਾਲ ਕੀਤੇ ਕਾਰਜ, ਸਾਹਿਤਕ ਸੰਸਥਾਵਾਂ ਵਿਚਲੀ ਭੂਮਿਕਾ ਅਤੇ ਆਪਣੀਆਂ ਕੁਝ ਯਾਦਾਂ ਬਾਰੇ ਸੰਖੇਪ ਗੱਲਬਾਤ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਆਪਣੀ ਸਮੁੱਚੀ ਜ਼ਿੰਦਗੀ ਤੋਂ ਬੇਹੱਦ ਸੰਤੁਸ਼ਟ ਹਨ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੀ ਆਉਣ ਵਾਲੀ ਪੁਸਤਕ ‘ਦਗ ਦਗ ਦਗਦੇ ਦੋਹੇ’ ਜਲਦੀ ਹੀ ਪਾਠਕਾਂ ਦੇ ਹੱਥਾਂ ਵਿਚ ਹੋਵੇਗੀ।