Headlines

ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿਚ ਸੁਰਜਨ ਸਿੰਘ ਚੱਠਾ ਗ੍ਰਿਫਤਾਰ

ਕਬੱਡੀ ਫੈਡਰੇਸ਼ਨ ਵਲੋਂ ਗ੍ਰਿਫਤਾਰੀ ਦਾ ਵਿਰੋਧ-

ਜਲੰਧਰ, 4 ਮਈ-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਕਤਲ ਦੇ ਮੁੱਖ ਦੋਸ਼ੀ ਸੁਰਜਨ ਸਿੰਘ ਚੱਠਾ ਨੂੰ ਬੁੱਧਵਾਰ ਰਾਤ ਨੂੰ ਇੱਥੋਂ ਦੀ ਇਕ ਅਪਾਰਟਮੈਂਟ ਬਿਲਡਿੰਗ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਕਈ ਗ੍ਰਿਫ਼ਤਾਰੀਆਂ ਦੇ ਬਾਵਜੂਦ ਚੱਠਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਅੰਬੀਆ ਦੀ ਪਤਨੀ ਰੁਪਿੰਦਰ ਕੌਰ ਵਾਰ-ਵਾਰ ਉਸ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀ ਸੀ।

ਗ੍ਰਿਫਤਾਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਸਾਦੇ ਕੱਪੜਿਆਂ ਵਿੱਚ ਪੁਲਿਸ ਮੁਲਾਜਮ ਉਸ ਨੂੰ ਉਸਦੇ ਘਰੋਂ ਚੁੱਕ ਕੇ ਲਿਜਾਂਦੇ ਦੇਖੇ ਜਾਂਦੇ ਹਨ। ਪੁਲੀਸ ਸੂਤਰਾਂ ਨੇ ਚੱਠਾ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ।

ਉੱਤਰੀ ਭਾਰਤ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ ਨੂੰ ਦੋ ਹੋਰ ਕਬੱਡੀ ਐਸੋਸੀਏਸ਼ਨਾਂ ਦੇ ਮੁਖੀਆਂ ਸਮੇਤ ਅਸਲ ਐਫਆਈਆਰ ਦਰਜ ਕੀਤੇ ਜਾਣ ਤੋਂ ਮਹੀਨਿਆਂ ਬਾਅਦ ਸੰਦੀਪ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ।

ਸੰਦੀਪ ਦੀ 14 ਮਾਰਚ, 2022 ਨੂੰ ਨਕੋਦਰ ਦੇ ਪਿੰਡ ਮੱਲੀਆਂ ਖੁਰਦ ਵਿਖੇ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਦਾ ਕਾਰਨ ਕਬੱਡੀ ਐਸੋਸੀਏਸ਼ਨਾਂ ਦਰਮਿਆਨ ਰੰਜਿਸ਼ ਨੂੰ ਦੱਸਿਆ ਜਾਂਦਾ ਹੈ।

  • ਕਬੱਡੀ ਫੈਡਰੇਸ਼ਨ ਵਲੋਂ ਗ੍ਰਿਫਤਾਰੀ ਦਾ ਵਿਰੋਧ-
  • ਇਸੇ ਦੌਰਾਨ  ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ, ਨਿਊਜੀਲੈਂਡ ਕਬੱਡੀ ਫੈਡਰੇਸ਼ਨ ਤੇ ਹੋਰ ਫੈਡਰੇਸ਼ਨ ਆਗੂਆਂ ਵਲੋਂ ਜਾਰੀ ਇਕ ਬਿਆਨ ਵਿਚ ਉਘੇ ਕਬੱਡੀ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਦੀ ਗ੍ਰਿਫਤਾਰੀ ਉਪਰ ਹੈਰਾਨੀ ਪ੍ਰਗਟ ਕਰਦਿਆਂ ਇਸਨੂੰ ਭਗਵੰਤ ਮਾਨ ਸਰਕਾਰ ਵਲੋਂ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਦੌਰਾਨ ਖੇਡੀ ਜਾ ਰਹੀ ਖੇਡ ਕਰਾਰ ਦਿੱਤਾ ਹੈ। ਇਥੇ ਲੱਕੀ ਕੁਰਾਲੀ ਵਲੋਂ ਭੇਜੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ  ਸੁਰਜਨ ਸਿੰਘ ਚੱਠਾ ਨੇ ਹਜ਼ਾਰਾਂ ਖਿਡਾਰੀਆਂ ਅਤੇ ਕਬੱਡੀ ਦੀ ਪ੍ਰੋਮੋਸ਼ਨ ਲਈ ਭਾਰੀ ਯੋਗਦਾਨ ਪਾਇਆ ਹੈ ਪਰ ਬਿਨਾਂ ਕਿਸੇ ਸਬੂਤ ਦੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਕਈ ਤਰਾਂ ਦੇ ਸ਼ੰਕੇ ਖੜੇ ਕਰਦਾ ਹੈ। ਉਹਨਾਂ ਕਿਹਾ ਕਿ ਅਗਰ ਸ ਚੱਠਾ ਖਿਲਾਫ ਕੋਈ ਸਬੂਤ ਹਨ ਤਾਂ ਸਰਕਾਰ ਉਹ ਸਬੂਤ ਨਸ਼ਰ ਕਰੇ।