Headlines

ਪ੍ਰੈਸ ਆਜਾਦੀ ਦਿਵਸ ਮੌਕੇ ਸਰੀ ਵਿਚ ਭਾਰਤੀ ਵੀਜਾ ਦਫਤਰ ਦੇ ਬਾਹਰ ਰੋਸ ਵਿਖਾਵਾ

ਸਰੀ, 3 ਅਪ੍ਰੈਲ ( ਸੰਦੀਪ ਸਿੰਘ ਧੰਜੂ)-
      ਅੱਜ ਪੱਤਰਕਾਰ ਆਜ਼ਾਦੀ ਦਿਹਾੜੇ ‘ਤੇ ਸਰੀ ਵਿਚ ਭਾਰਤੀ  ਵੀਜ਼ਾ ਤੇ ਪਾਸਪੋਰਟ ਸੇਵਾ ਕੇਂਦਰ ਦੇ ਬਾਹਰ ‘ਰੈਡੀਕਲ ਦੇਸੀ’ ਗਰੁੱਪ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਦੌਰਾਨ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਦੇ ਹੋ ਰਹੇ ਘਾਣ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਰੈਲੀ ਦੇ ਮੁੱਖ ਪ੍ਰਬੰਧਕ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਅਜੋਕੇ ਸਮੇਂ ਬੋਲਣ ਦੀ ਆਜ਼ਾਦੀ ‘ਤੇ ਪੈ ਰਹੇ ਡਾਕੇ ਬਾਰੇ ਬੋਲਦਿਆਂ, ਪੰਜਾਬ ਅੰਦਰ ਨੌਜਵਾਨਾਂ ‘ਤੇ ਕਾਲੇ ਕਨੂੰਨ ਦਰਜ ਕਰਨ, ਭਾਰਤ ਅੰਦਰ ਬੁੱਧੀਜੀਵੀਆਂ ਤੇ ਹੋ ਰਹੇ ਹਮਲਿਆਂ ਸਮੇਤ, ਪੱਤਰਕਾਰਾਂ ਦੇ ਹੱਕਾਂ ਦੇ ਉਪਰ ਹੋ ਰਹੇ ਹਮਲਿਆਂ ਬਾਰੇ ਵਿਚਾਰ ਪ੍ਰਗਟ ਕੀਤੇ। ਉਘੇ ਕਵੀ ਅੰਮ੍ਰਿਤ ਦੀਵਾਨਾ ਨੇ ਗੌਰੀ ਲੰਕੇਸ਼ ਪੱਤਰਕਾਰ ਦੇ ਕਤਲ ਬਾਰੇ ਕਵਿਤਾ ਸਾਂਝੀ ਕੀਤੀ ਅਤੇ ਮੌਜੂਦਾ ਭਾਰਤੀ ਸਰਕਾਰ ਵੱਲੋਂ ਪੱਤਰਕਾਰਾਂ ਦੀ ਖੋਹੀ ਜਾ ਰਹੀ ਆਜ਼ਾਦੀ ਬਾਰੇ ਕਾਵਿ ਸਤਰਾਂ ਦੀ ਸਾਂਝ ਪਾਈ।
          ਸਿੱਖ ਚਿੰਤਕ ਪ੍ਰੋ ਬਲਜਿੰਦਰ ਸਿੰਘ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਭਾਰਤ ਵਿੱਚ ਪੱਤਰਕਾਰਾਂ ਦੀ ਆਜ਼ਾਦੀ ਨਾਂ ਦੀ ਕੋਈ ਚੀਜ਼ ਨਹੀਂ, ਜਿਸ ਬਾਰੇ ਕਿਸੇ ਨੂੰ ਵੀ ਭੁਲੇਖਾ ਨਹੀਂ ਰਹਿ ਗਿਆ । ਇਸ ਕਰਕੇ ਸਾਨੂੰ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
          ਬੀ ਸੀ ਫੈਡਰੇਸ਼ਨ ਕਿਰਤੀਆਂ ਦੀ ਸੰਸਥਾਂ ਵੱਲੋਂ ਹਰਮਿੰਦਰ ਕੈਲੀ ਨੇ ਕਿਹਾ ਕਿ ਜਿੱਥੇ ਭਾਰਤ ਅੰਦਰ ਅਤੇ ਪੰਜਾਬ ਅੰਦਰ ਵਿਸ਼ੇਸ਼ ਕਰਕੇ ਬੋਲਣ ਦੀ ਆਜ਼ਾਦੀ ‘ਤੇ ਗੰਭੀਰ ਹਮਲੇ ਹੋ ਰਹੇ ਹਨ ਉਥੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਵੀ ਪੱਤਰਕਾਰਾਂ ਦੀ ਆਜ਼ਾਦੀ ਦੇ ਮਾਮਲੇ ਵਿੱਚ ਮੁਕੰਮਲ ਸੁਹਿਰਦਤਾ ਨਹੀਂ ਅਤੇ ਬਹੁਤ ਕੁਝ  ਕਰਨ ਦੀ ਲੋੜ ਹੈ। ਸਿੱਖ ਵਿਚਾਰ ਮੰਚ ਦੇ ਬੁਲਾਰੇ  ਕੇਸਰ ਸਿੰਘ ਕੂਨਰ ਨੇ ਵੀ ਭਾਰਤ ਅੰਦਰ ਪੱਤਰਕਾਰੀ ਦੇ ਡਿਗ ਰਹੇ ਗਰਾਫ਼ ਲਈ ਭਾਰਤੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ।
         ਅੰਬੇਡਕਰਵਾਦੀ ਸੰਸਥਾ ‘ਇਸਰੋ’ ਦੇ ਬੁਲਾਰੇ ਰਾਜਪਾਲ ਭਾਰਦਵਾਜ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਕੈਨੇਡਾ ਵਿੱਚ ਵੀ ਭਾਰਤੀ ਮੀਡੀਆ ਸਰਕਾਰੀ ਬੋਲੀ ਬੋਲਦਾ ਹੈ ਅਤੇ ਅਸਲ ਤੱਥ ਛੁਪਾ ਲਏ ਜਾਂਦੇ ਹਨ ਜੋ ਬੜੀ  ਮੰਦਭਾਗੀ ਗੱਲ ਹੈ।
ਇਸ ਰੋਸ ਪ੍ਰਦਰਸ਼ਨ ਵਿਚ ਸਥਾਨਕ ਪੱਤਰਕਾਰ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਅਤੇ ਸਿੱਖ ਸੰਸਥਾਵਾ ਦੇ ਸੇਵਾਦਾਰ ਵੀ ਸ਼ਾਮਲ ਹੋਏ।
        ਪ੍ਰੋਗਰਾਮ ਦੇ ਅਖੀਰ ਵਿੱਚ ਗੁਰਪ੍ਰੀਤ ਸਿੰਘ ਵੱਲੋਂ ਪੱਤਰਕਾਰਾਂ ਦੀ ਆਜ਼ਾਦੀ ਦੇ ਹੱਕ ਵਿਚ, ਫਾਸ਼ੀਵਾਦ ਭਾਰਤੀ ਸਰਕਾਰ ਦੇ ਵਿਰੁੱਧ, ਨੌਜਵਾਨਾਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਦੇ ਖਿਲਾਫ ਅਤੇ ਗੌਰੀ ਲੰਕੇਸ਼ ਦੇ ਕਾਤਲਾਂ ਲਈ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਨਾਅਰੇ ਬੁਲੰਦ ਕੀਤੇ ਗਏ ।