Headlines

ਕੈਨੇਡਾ ਤੇ ਨਿਊਜੀਲੈਂਡ ਦੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਚੱਠਾ ਦੀ ਗ੍ਰਿਫਤਾਰੀ ਦਾ ਤਿੱਖਾ ਵਿਰੋਧ

ਸਰਕਾਰ ਦੀ ਕਾਰਵਾਈ ਸਿਆਸੀ ਸਟੰਟ ਕਰਾਰ-ਅਗਰ ਸਰਕਾਰ ਪਾਸ ਠੋਸ ਸਬੂਤ ਹਨ ਤਾਂ ਤੁਰੰਤ ਨਸ਼ਰ ਕਰੇ-

ਸਰੀ ( ਦੇ ਪ੍ਰ ਬਿ)- -ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ (ਕੈਨੇਡਾ), ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵਲੋਂ ਭੇਜੇ ਗਏ  ਪ੍ਰੈਸ ਨੋਟ ਵਿਚ ਉਘੇ ਕਬੱਡੀ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੇ ਸਬੰਧ ਵਿਚ ਗ੍ਰਿਫਤਾਰ ਕਰਨ ਦੀ ਸਖਤ ਨਿੰਦਾ ਕਰਦਿਆਂ ਇਸਨੂੰ ਭਗਵੰਤ ਮਾਨ ਸਰਕਾਰ ਵਲੋਂ ਸਿਆਸੀ ਸਟੰਟ ਕਰਾਰ ਦਿੱਤਾ ਗਿਆ ਹੈ।

ਇਥੇ ਜਾਰੀ ਬਿਆਨ ਵਿਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਬੀ ਸੀ (ਕੈਨੇਡਾ) ਦੇ ਪ੍ਰਧਾਨ ਸ ਇਕਬਾਲ ਸਿੰਘ ਸਵੈਚ , ਸੈਕਟਰੀ ਰਾਜ ਪੁਰੇਵਾਲ , ਸੁਰਿੰਦਰ ਸਿੰਘ  ਅਚਰਵਾਲ, ਗੁਰਜੀਤ ਸਿੰਘ ਬਾਪਲਾ, ਰਾਜ ਨੱਤ, ਨੀਟੂ ਕੰਗ, ਹਰਵਿੰਦਰ ਲੱਡੂ, ਕੁਲਵੀਰ ਦੂਲੇ, ਰਾਜ ਬੱਧਨੀ, ਸੁਖਜੀਵਨ, ਹੈਪੀ ਚੀਮਾ, ਬੌਬੀ, ਬੂਟਾ ਖੱਖ, ਗੋਲਡੀ ਖੱਟੜਾ, ਇੰਦਰਜੀਤ ਰੂਮੀ ਤੇ ਹਰਮਨ ਗਿੱਲ ਨੇ ਕਿਹਾ ਹੈ ਕਿ ਸ ਸੁਰਜਨ ਸਿੰਘ ਚੱਠਾ ਨੇ ਸਾਰੀ ਉਮਰ ਕਬੱਡੀ ਅਤੇ ਨੌਜਵਾਨ ਕਬੱਡੀ ਖਿਡਾਰੀਆਂ ਦੀ ਪ੍ਰੋਮੋਸ਼ਨ ਲਈ ਬੇਜੋੜ ਕੰਮ ਕੀਤਾ ਹੈ। ਉਹ ਅੱਜ ਤੱਕ ਕਿਸੇ ਵੀ ਧੜੇਬੰਦੀ ਵਿਚ ਨਹੀ ਪਏ ਤੇ ਹਮੇਸ਼ਾ ਕਬੱਡੀ ਫੈਡਰੇਸ਼ਨਾਂ ਵਿਚ ਏਕਤਾ ਦੇ ਹਾਮੀ ਰਹੇ ਹਨ ਪਰ ਮਾਨ ਸਰਕਾਰ ਨੇ ਜਲੰਧਰ ਜਿਮਨੀ ਚੋਣ ਵਿਚ ਸਿਆਸੀ ਰੋਟੀਆਂ ਸੇਕਣ ਲਈ ਸ ਚੱਠਾ ਨੂੰ ਗ੍ਰਿਫਤਾਰ ਕਰਕੇ ਘਟੀਆ ਸਿਆਸਤ ਖੇਡੀ ਹੈ। ਲੱਕੀ ਕੁਰਾਲੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ ਚੱਠਾ ਪਿਛਲੇ ਇਕ ਸਾਲ ਤੋ ਪੰਜਾਬ ਵਿਚ ਰਹਿ ਰਹੇ ਹਨ ਤੇ ਉਹ ਸੁਰੱਖਿਆ ਏਜੰਸੀਆਂ ਵਲੋਂ ਹਰ ਜਾਂਚ ਵਿਚ ਸਹਿਯੋਗ ਦਿੰਦੇ ਆ ਰਹੇ ਹਨ ਪਰ ਹੁਣ ਚੋਣਾਂ ਨੂੰ ਵੇਖਦਿਆਂ ਸਰਕਾਰ ਨੇ ਇਹ ਕੋਝੀ ਹਰਕਤ ਕੀਤੀ ਹੈ। ਉਹਨਾਂ ਹੋਰ ਕਿਹਾ ਕਿ ਅਗਰ ਸਰਕਾਰ ਪਾਸ ਸ ਚੱਠਾ ਖਿਲਾਫ ਕੋਈ ਸਬੂਤ ਹਨ ਤਾਂ ਉਹ ਤੁਰੰਤ ਜੱਗ ਜ਼ਾਹਰ ਕੀਤੇ ਜਾਣ।

  -ਕਬੱਡੀ ਫ਼ੈਡਰੇਸ਼ਨ ਆਫ ਨਿਊਜ਼ੀਲੈਂਡ ਵਲੋੰ ਗ੍ਰਿਫਤਾਰੀ ਦਾ ਵਿਰੋਧ-

ਕੌਮਾਂਤਰੀ ਕਬੱਡੀ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਦੀ ਇੱਕ ਸਾਲ ਪੁਰਾਣੇ ਕੇਸ `ਚ ਸ਼ੱਕ ਦੇ ਅਧਾਰ ਤੇ ਅਚਾਨਕ ਗ੍ਰਿਫ਼ਤਾਰੀ ਨੂੰ ਲੈ ਕੇ ਕਬੱਡੀ ਫ਼ੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਸਖ਼ਤ ਰੋਸ ਪ੍ਰਗਟ ਕਰਦਿਆਂ ਪੁਲੀਸ ਕਾਰਵਾਈ ਨੂੰ ਸਿਆਸੀ ਸਟੰਟ ਦੱਸਿਆ ਹੈ। ਕਬੱਡੀ ਫੈਡਰੇਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਲੰਧਰ ਚੋਣ ਲਈ ਸਿਆਸੀ ਲਾਹਾ ਲੈਣ ਵਾਸਤੇ ਭਗਵੰਤ ਮਾਨ ਸਰਕਾਰ ਨੇ ਬਿਨਾ ਕੋਈ ਨਵਾਂ ਸਬੂਤ ਸਾਹਮਣੇ ਰੱਖ ਕੇ ਧੱਕਾ ਕੀਤਾ ਹੈ, ਹਾਲਾਂਕਿ ਐਫ ਆਈ ਆਰ `ਚ ਇੱਕ ਸਾਲ ਪਹਿਲਾਂ ਨਾਂ ਆਉਣ ਦੇ ਬਾਵਜੂਦ ਚੱਠਾ ਨੇ ਪੁਲੀਸ ਨੂੰ ਹਮੇਸ਼ਾਂ ਜਾਂਚ ਵਾਸਤੇ ਸਹਿਯੋਗ ਦਿੱਤਾ ਹੈ।
ਕਬੱਡੀ ਫੈਡਰੇਸ਼ਨ ਆਗੂਆਂ ਨੇ ਪ੍ਰੈੱਸ ਨੋਟ ਜਾਰੀ ਕਰਕੇ ਦੋਸ਼ ਲਾਇਆ ਹੈ ਕਿ ਸੁਰਜਨ ਚੱਠਾ ਦੀ ਫ਼ੌਰੀ ਗ੍ਰਿਫ਼ਤਾਰੀ ਦਾ ਕੋਈ ਅਧਾਰ ਨਹੀਂ ਹੈ ਅਤੇ ਸਿਰਫ਼ ਵੋਟ ਰਾਜਨੀਤੀ ਵਾਸਤੇ ਹੀ ਅਜਿਹੇ ਹੱਥ ਕੰਢੇ ਵਰਤ ਕੇ ਕਬੱਡੀ ਪ੍ਰੇਮੀਆਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ। ਜਦੋਂ ਕਿ ਸਾਰਾ ਜਹਾਨ ਗੱਲ ਇਹ ਜਾਣਦਾ ਹੈ ਕਿ ਸ੍ਰ ਚੱਠਾ ਨੇ ਹਮੇਸ਼ਾ ਕਬੱਡੀ ਖਿਡਾਰੀਆਂ ਨਾਲ ਹੋਣ ਵਾਲੇ ਧੱਕੇ ਦਾ ਡਟ ਕੇ ਵਿਰੋਧ ਕੀਤਾ ਹੈ ਅਤੇ ਹਰ ਵੇਲੇ ਧੜੇਬੰਦੀ ਤੋਂ ਦੂਰ ਰਹਿ ਸੱਚ ਲਈ ਖੜ੍ਹਦੇ ਰਹੇ ਹਨ। ਪਰ ਪੁਲੀਸ ਨੇ ਜਿਸ ਢੰਗ ਨਾਲ ਹਊਆ ਖੜ੍ਹਾ ਕਰਕੇ ਚੱਠਾ ਦੀ ਗ੍ਰਿਫ਼ਤਾਰੀ ਕੀਤੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਦੀ ਨੀਅਤ `ਚ ਖੋਟ ਹੈ, ਜੋ ਜਲੰਧਰ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਭਰਮਾਉਣ `ਚ ਲੱਗੀ ਹੋਈ ਤਾਂ ਜੋ ਜਿੱਤ ਹਾਸਲ ਕਰ ਸਕੇ।
ਕਬੱਡੀ ਫ਼ੈਡਰੇਸ਼ਨ ਨਿਊਜ਼ੀਲੈਂਡ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਦੇਸ਼-ਵਿਦੇਸ਼ `ਚ ਕਬੱਡੀ ਨੂੰ ਉਤਸ਼ਾਹਿਤ ਕਰਨ ਵਾਲੇ ਸੁਰਜਨ ਸਿੰਘ ਚੱਠਾ ਦੀ ਗ੍ਰਿਫ਼ਤਾਰੀ ਬਾਰੇ ਸਾਰੇ ਨਵੇਂ ਵੇਰਵੇ ਨਸ਼ਰ
ਕੀਤੇ ਜਾਣ ਤਾਂ ਜੋ ਕਬੱਡੀ ਪ੍ਰੇਮੀਆਂ ਨੂੰ ਵੀ ਪਤਾ ਲੱਗ ਸਕੇ ਕਿ ਅਸਲ ਸੱਚ ਕੀਤਾ ਹੈ।
ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਦੇਸ਼-ਵਿਦੇਸ਼ `ਚ ਬੈਠੇ ਕਬੱਡੀ ਪ੍ਰੋਮੋਟਰਾਂ ਅਤੇ ਖਿਡਾਰੀਆਂ ਦਾ ਮਨੋਬਲ ਕਿਸੇ ਵੀ ਕੀਮਤ ‘ਤੇ ਡਿੱਗਣ ਨਹੀਂ ਦਿੱਤਾ ਜਾਵੇਗਾ। ਇਸਦੇ ਨਾਲ ਹੀ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਕਿ ਜੇਕਰ ਪੁਲਿਸ ਕੋਲ ਸ ਚੱਠਾ ਖਿਲਾਫ ਕੋਈ ਠੋਸ ਸਬੂਤ ਹਨ ਤਾਂ ਉਹ ਜਨਤਕ ਕੀਤੇ ਜਾਣ ਜਿਸਦਾ ਉਹ ਸਵਾਗਤ ਕਰਨਗੇ ।
ਪਰ ਬਿਨਾਂ ਕਿਸੇ ਅਧਾਰ ਤੋਂ ਕੀਤੀ ਕਾਰਵਾਈ ਸੁਰਜਨ ਚੱਠਾ ਦੀ ਕਬੱਡੀ ਪ੍ਰਤੀ 50 ਸਾਲ ਤੋਂ ਕੀਤੀ ਸੇਵਾ ਦਾ ਅਪਮਾਨ ਹੀ ਨਹੀਂ ਸਗੋਂ ਜਿਹਨਾਂ ਲੋਕਾਂ ਦੇ ਘਰਾਂ ਦੇ ਚੁੱਲੇ ਕਬੱਡੀ ਕਰਕੇ ਤੱਪਦੇ ਹਨ , ਉਹ ਵੀ ਕਬੱਡੀ ਦੀ ਇਸ ਦੁਰਗਤੀ ਵਿੱਚ ਨਿਰਾਸ਼ਾ ਵੱਲ ਜਾਣਗੇ । ਇਸ ਮੌਕੇ ਫੈਡਰੇਸ਼ਨ ਵੱਲੋਂ ਬਬਲੂ ਕੁਰਕੁਸ਼ੇਤਰ , ਗੋਪਾ ਬੈਂਸ , ਪਰਮਜੀਤ ਬੋਲੀਨਾ ,ਇਕਬਾਲ ਸਿੰਘ ਬੋਦਲ,, ਦਰਸ਼ਨ ਨਿੱਜਰ,ਚਰਨਜੀਤ ਥਿਆੜਾ, ਮਨਜਿੰਦਰ ਸਿੰਘ ਬਾਸੀ , ਕਾਂਤਾ ਧਾਲੀਵਾਲ , ਗੋਪੀ ਹਕੀਮਪੁਰ , ਦਿਲਾਵਰ ਹਰੀਪੁਰ , ਤਰੁਨ ਕਾਲੀਆ,ਰਕੇਸ਼ ਪੰਡਤ ,ਬਲਜਿੰਦਰ  ਸਿੰਘ ਐਸ ਪੀ,ਗੋਲਡੀ ਸਹੋਤਾ , ਸਿੰਦਰ ਸਮਰਾ , ਹਰਜੀਤ ਰਾਏ , ਮਨਜਿੰਦਰ ਸਹੋਤਾ , ਭੁਪਿੰਦਰ ਪਾਸਲਾ , ਜੈਜ ਧਾਰੀਵਾਲ  ਆਦਿ ਮੈਂਬਰ ਹਾਜਿਰ ਸਨ ।

ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਵਲੋਂ ਵੀ ਨਿੰਦਾ-

ਇਸੇ ਦੌਰਾਨ ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੇ ਪ੍ਰਧਾਨ ਜਤਿੰਦਰ ਸਿੰਘ ਤੋਚੀ ਸੰਘਾ, ਸੱਤਾ ਚਾਹਲ , ਅਵਤਾਰ ਪੂਨੀਆ, ਦੇਵ ਮੁੰਡੀ, ਹਰਮਨ ਚਾਹਲ, ਹਰਵਿੰਦਰ ਗਿੱਲ, ਗੋਰਾ ਧਨੋਆ, ਰਾਣਾ, ਜੱਸਾ ਭੋਗਲ, ਗੁਰਪ੍ਰੀਤ ਬਰਾੜ, ਜਤਿੰਦਰ ਸਿੰਘ ਭਿੰਡਰ ਤੇ ਸੌਦਾਗਰ ਸਿੰਘ ਨਿੱਝਰ ਨੇ ਵੀ ਖੇਡ ਪ੍ਰੋਮੋਟਰ ਸੁਰਜਨ ਸਿੰਘ ਚੱਠਾ ਦੀ ਅਚਾਨਕ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ।ਓਨਟਾਰੀਓ ਫੈਡਰੇਸ਼ਨ ਵਲੋਂ ਭੇਜੇ ਬਿਆਨ ਵਿਚ ਕਿਹਾ ਗਿਆ ਹੈ ਕਿ ਮਾਨ ਸਰਕਾਰ ਦੀ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਤੇ ਕਬੱਡੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।