Headlines

ਬੁੱਢਾ ਦਲ ਪਬਲਿਕ ਸਕੂਲ ਵਿੱਚ 39ਵੇਂ ਸਥਾਪਨਾ ਦਿਵਸ ਮਨਾਇਆ

ਪਟਿਆਲਾ:- 6 ਮਈ -ਬੁੱਢਾ ਦਲ ਪਬਲਿਕ ਸਕੂਲ ਵਿਖੇ 39ਵਾਂ ਸਥਾਪਨਾ ਦਿਵਸ ਬਹੁਤ ਵਿਦਿਆਰਥੀਆਂ ਅਧਿਆਪਕਾਂ ਤੇ ਪ੍ਰਬੰਧਕਾਂ ਨੇ ਰੱਲ ਕੇ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ `ਤੇ ਸਕੂਲ ਦੇ ਮੁੱਖ ਸਰਪ੍ਰਸਤ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਸਕੂਲ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਐਡਮਿਨ ਅਫਸਰ ਸ੍ਰੀਮਤੀ ਪਰਮਿੰਦਰਜੀਤ ਕੌਰ ਬਰਾੜ, ਸਿੱਖਿਆ ਨਿਰਦੇਸ਼ਕ ਅਤੇ ਸਲਾਹਕਾਰ ਐਡਵੋਕੇਟ ਸ. ਕਰਨ ਰਾਜਬੀਰ ਸਿੰਘ ਅਤੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਇਸ ਮੌਕੇ ਤੇ ਸਭ ਨੂੰ ਵਧਾਈ ਦਿੱਤੀ। ਐਜੂਕੇਸ਼ਨ ਸਿੱਖ ਸਕੂਲ ਸੁਸਾਇਟੀ ਦੀ ਪ੍ਰਧਾਨ ਸ੍ਰੀ ਮਤੀ ਸੁਖਵਿੰਦਰਜੀਤ ਕੌਰ ਨੇ ਕਿਹਾ ਕਿ ਬੁੱਢਾ ਦਲ ਦੇ ਮਹਾਂਪੁਰਸ਼ਾਂ ਵੱਲੋਂ ਸਥਾਪਤ ਇਹ ਬੁੱਢਾ ਦਲ ਪਬਲਿਕ ਸਕੂਲ ਸਮਾਜ ਵਿੱਚ ਅਨਪੜਤਾ ਦਾ ਹਨੇਰਾ ਦੂਰ ਕਰਨ ਅਤੇ ਮਿਆਰੀ ਸਿੱਖਿਆ ਦੇਣ ਲਈ ਸਥਾਪਤ ਕੀਤਾ ਗਿਆ ਸੀ। ਸਕੂਲ ਨੇ ਆਪਣੇ ਟੀਚੇ ਵਿੱਚ ਹਰ ਸਾਲ ਵਾਧਾ ਕੀਤਾ। ਇਥੋਂ ਸਿੱਖਿਆ ਲੈਣ ਵਾਲੇ ਬੱਚੇ ਦੇਸ਼ ਅੰਦਰ ਉਚ ਅਹੁਦਿਆਂ ਤੇ ਮਨੋਰਥ ਸੇਵਾਵਾਂ ਨਿਭਾ ਰਹੇ ਹਨ।

ਸਕੂਲ ਨੂੰ ਰੰਗਦਾਰ ਗੁਬਾਰਿਆਂ ਨਾਲ ਸਜਾਇਆ ਗਿਆ ਅਤੇ ਇਹ ਨਜ਼ਾਰਾ ਅਦਭੁਤ ਸੀ। ਪ੍ਰੋਗਰਾਮ ਦੀ ਸ਼ੁਰੂਆਤ ਰਸ ਭਿੰਨੇ ਕੀਰਤਨ ਨਾਲ ਹੋਈ। ਬਾਰ੍ਹਵੀਂ ਜਾਮਤ ਦੇ ਵਿਦਿਆਰਥੀਆਂ ਨੇ ਸਕੂਲ ਦੇ ਗੌਰਵਮਈ ਇਤਿਹਾਸ `ਤੇ ਚਾਨਣਾ ਪਾਇਆ। ਸਕੂਲ ਦੇ ਕੁਆਇਰ ਗਰੁੱਪ ਵੱਲੋਂ ਸੰਗੀਤਕ ਧੁਨਾਂ ਨੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਇਸ ਤੋਂ ਇਲਾਵਾ ਭੰਗੜਾ ਤੇ ਗੱਤਕਾ ਵੀ ਸਾਰਿਆਂ ਲਈ ਖਿੱਚ ਦਾ ਕੇਂਦਰ ਰਹੇ।

ਇਸ ਮੌਕੇ ਤੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ ਨੇ ਬੁੱਢਾ ਦਲ ਪਬਲਿਕ ਸਕੂਲ ਦੇ ਸਮੂਹ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਅਸ਼ੀਰਵਾਦ ਦਿੱਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਨਾਲ ਹੋਈ।