Headlines

ਖ਼ਾਲਸਾਈ ਰੰਗ ਵਿੱਚ ਰੰਗਿਆ ਲਾਤੀਨਾ ਜ਼ਿਲ੍ਹੇ ਦਾ ਅਪ੍ਰੀਲੀਆ ਸ਼ਹਿਰ

– ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ ਵਲੋਂ ਸਜਾਇਆ ਗਿਆ ਦੂਸਰਾ ਵਿਸ਼ਾਲ ਨਗਰ ਕੀਰਤਨ –
   ਰੋਮ, ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸੂਬਾ ਲਾਸੀਓ ਦੇ ਅਤੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਅਪ੍ਰੀਲੀਆ (ਲਾਤੀਨਾ) ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਪ੍ਰੀਲੀਆ ਸ਼ਹਿਰ ਚ’ ਦੂਜਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਫੁੱਲਾਂ ਨਾਲ ਸਜਾਈ ਗੱਡੀ ਅੰਦਰ ਪਾਲਕੀ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਕਰਕੇ ਅਤੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਰਹਿਨੁਮਾਈ ਹੇਠ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ। ਠਾਠਾਂ ਮਾਰਦਾ ਸੰਗਤਾਂ ਦਾ ਇਕੱਠ ਅਤੇ ਖਾਲਸਾਈ ਰੰਗ ਵਿੱਚ ਰੰਗਿਆ ਪੂਰਾ ਸ਼ਹਿਰ ਇੰਝ ਲਗ ਰਿਹਾ ਸੀ ਜਿਵੇਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਹੋਈਆਂ ਹਨ। ਤੇ ਖ਼ਾਲਸਾ ਦਿਵਸ ਮਨਾ ਰਹੀਆਂ ਹੋਣ। ਇਸ ਨਗਰ ਕੀਰਤਨ ਵਿੱਚ ਭਾਰਤੀ ਘੋੜ ਸਵਾਰ ਅਤੇ ਇਟਾਲੀਅਨ ਘੋੜ ਸਵਾਰਾਂ ਵਲੋਂ ਪੁਰਾਤਨ ਖ਼ਾਲਸਾ ਰਾਜ ਦੇ ਨਿਸ਼ਾਨ ਸਾਹਿਬ ਫੜ੍ਹ ਕੇ ਘੋੜ ਸਵਾਰੀ ਕੀਤੀ ਗਈ ਜੋ ਕਿ ਪੂਰੇ ਨਗਰ ਕੀਰਤਨ ਵਿੱਚ ਖਿੱਚ ਦਾ ਕੇਂਦਰ ਰਹੇ। ਕਿਉਂਕਿ ਲਾਸੀਓ ਸੂਬੇ ਚ’ ਕਿਸੇ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਮੌਕੇ ਪਹਿਲੀ ਵਾਰ ਇਹ ਦ੍ਰਿਸ ਦੇਖਣ ਨੂੰ ਮਿਲਿਆ। ਗੱਤਕੇ ਵਾਲੇ ਸਿੰਘਾਂ ਵਲੋਂ ਰਸਤੇ ਵਿੱਚ ਸ਼ਾਸਤਰ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਸ਼ਹਿਰ ਦੀਆਂ ਵੱਖ ਵੱਖ ਗਲੀਆਂ ਚੋ ਪ੍ਰਕਰਮਾ ਕਰਦਿਆਂ ਹੋਇਆ ਅਪ੍ਰੀਲੀਆ ਸ਼ਹਿਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਵੱਡੀ ਪਾਰਕ (ਪਾਰਕੋ ਮੀਲੈਂ) ਵਿੱਚ ਪੜਾਅ ਸਜਾਇਆ ਗਿਆ। ਜਿਥੇ ਪੰਥ ਦੇ ਇਟਲੀ ਨਿਵਾਸੀ ਮਹਾਨ ਢਾਡੀ ਭਾਈ ਮੇਜਰ ਸਿੰਘ ਮਾਨ ਅਤੇ ਭਾਈ ਬਲਕਾਰ ਦੇ ਕੀਰਤਨੀਏ ਜਥੇ ਵਲੋਂ ਸੰਗਤਾਂ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਵੀ ਸ਼ਬਦ ਸੁਣਾਏ ਗਏ। ਇਸ ਮੌਕੇ ਛੋਟੇ ਜਹਾਜ਼ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਦੂਜੇ ਪਾਸੇ ਵੱਖ ਵੱਖ ਗੁਰਦੁਆਰਿਆਂ ਵਲੋਂ ਅਤੇ ਲਵੀਨੀਓ ਮੰਦਿਰ ਕਮੇਟੀ ਸਮੇਤ ਕਈ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਲੰਗਰਾਂ ਦੇ ਸਟਾਲ ਲਗਾਏ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਸ਼ਾਸਨ ਸਮੇਤ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਉਪਰੰਤ ਮੁੜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਦੱਸਣਯੋਗ ਹੈ ਕਿ ਇਸ ਨਗਰ ਕੀਰਤਨ ਵਿੱਚ ਦੂਰੋ ਦਰਾੜੇ ਦੀਆ ਸੰਗਤਾਂ ਵਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਅਤੇ ਨਗਰ ਕੀਰਤਨ ਵਿੱਚ ਇਟਲੀ ਦੇ ਰਾਜਨੀਤਕ ਆਗੂਆਂ ਵਲੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸਤਿ ਸ੍ਰੀ ਆਕਾਲ ਬਲਾ ਕੇ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ (ਕਮੂਨੇ) ਦੀਆਂ ਚੋਣਾਂ ਲਈ ਭਾਰਤੀ ਭਾਈਚਾਰੇ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।