Headlines

ਵਿਰਾਸਤੀ ਮਾਰਗ ਤੇ ਧਮਾਕਿਆਂ ਪਿੱਛੇ ਕੋਈ ਵੱਡੀ ਸਾਜਿਸ਼ ਤਾਂ ਨਹੀਂ-ਨਿਹੰਗ ਮੁਖੀ ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ :- 9 ਮਈ – ਨਿਹੰਗ ਸਿੰਘਾਂ ਦੀ ਮੁਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਤੇ ਦੋ ਦਿਨ ਹੇਠ ਉਤੇ ਜੋਰਦਾਰ ਧਮਾਕੇ ਹੋਏ ਹਨ ਜਿਨ੍ਹਾਂ ਉਪਰੰਤ ਨਾਲ ਲਗਦੇ ਖੇਤਰਾਂ ਅਤੇ ਬਾਹਰੋ ਆਉਣ ਵਾਲੀ ਸੰਗਤ ਸਰਧਾਲੂਆਂ ਅੰਦਰ ਦਹਿਸ਼ਤ ਪੈਦਾ ਕੀਤੀ ਗਈ ਹੈ ਜੋ ਬੇਹੱਦ ਅਫਸੋਸਜਨਕ ਤੇ ਨਿੰਦਣਯੋਗ ਹੈ,ਧਮਾਕਿਆਂ ਦੀ ਸਾਜਿਸ਼ ਘਾੜੇ ਪੰਜਾਬ ਅੰਦਰ ਬਦਅਮਨੀ ਪੈਦਾ ਕਰਨ ਦੀ ਤਾਕ ਵਿਚ ਹਨ। ਸਰਕਾਰੀ ਤੰਤਰ ਨੂੰ ਇਸ ਦੇ ਹਰ ਪੱਖ ਤੋਂ ਬਰੀਕੀ ਨਾਲ ਜਾਂਚ ਕਰਨ ਦੀ ਸਖ਼ਤ ਲੋੜ ਹੈ।

ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਧਮਾਕਿਆਂ ਪਿੱਛੇ ਕੌਣ, ਇਹ ਤਾਂ ਸਵਾਲ ਹੈ, ਪਰ ਇਸ ਸਵਾਲ ਦਾ ਜਵਾਬ ਤਾਂ ਮੌਜੂਦਾ ਸਰਕਾਰੀ ਤੰਤਰ ਤੇ ਪੰਜਾਬ ਸਰਕਾਰ ਨੇ ਦੇਣਾ ਹੈ। ਅਜਿਹੇ ਧਮਾਕੇ ਜੋ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨਜ਼ਦੀਕ ਕੀਤੇ ਜਾ ਰਹੇ ਹਨ ਜਿਥੋਂ ਇਹ ਲੱਗਦਾ ਹੈ ਕਿ ਸਿੱਖਾਂ ਨੂੰ ਡਰਾਉਣ, ਧਮਕਾਉਣ ਤੇ ਬਦਨਾਮ ਕਰਨ ਦੀ ਵੱਡੀ ਸਾਜਿਸ਼ ਹੈ। ਇਸ ਤਰ੍ਹਾਂ ਦੀ ਕਾਰਵਾਈ ਵਿਚ ਦੁਸ਼ਮਣ ਵੱਡਾ ਨੁਕਸਾਨ ਵੀ ਕਰ ਸਕਦੇ ਹਨ, ਇਨ੍ਹਾਂ ਕਾਰਵਾਈਆਂ ਪਿੱਛੇ ਕਿਹੜੇ ਦਿਮਾਗ ਕੰਮ ਰਹੇ ਹਨ। ਅਸਲ ਵਿੱਚ ਉਨ੍ਹਾਂ ਤੀਕ ਪੁੱਜਣ ਦੀ ਲੋੜ ਹੈ। ਭਾਵੇਂ ਜਾਂਚ ਟੀਮਾਂ ਇਸ ਪਾਸੇ ਕੰਮ ਕਰ ਰਹੀਆਂ ਹਨ ਪਰ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਅਸਥਾਨਾਂ ਦੇ ਆਸ ਪਾਸ ਖਾਸ ਕਿਸਮ ਦੀ ਸੁਰੱਖਿਆਂ ਹੋਣੀ ਚਾਹੀਦੀ ਹੈ। ਸੁਰੱਖਿਆ ਤੰਤਰ ਵੱਲੋਂ ਘਟਨਾ ਵਾਪਰਨ ਤੋਂ ਬਾਅਦ ਹੀ ਅਜਿਹੀਆਂ ਸਰਗਰਮੀਆਂ ਅਰੰਭੀਆਂ ਜਾਂਦੀਆਂ ਹਨ। ਪਰ ਇਸ ਤਰ੍ਹਾਂ ਦੇ ਧਾਰਮਿਕ ਸੰਵੇਦਨਸ਼ੀਲ ਅਸਥਾਨਾਂ ਪਾਸ ਅਜਿਹੇ ਧਮਾਕੇ ਸਿੱਧ ਕਰਦੇ ਹਨ ਕਿ ਇਹ ਕਿਸੇ ਵੱਡੀ ਸਾਜਿਸ਼ ਦਾ ਹਿੱਸਾ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਜੇਕਰ ਇਸ ਸਬੰਧੀ ਸਿੱਖ ਸੰਸਥਾਵਾਂ ਜਾਂ ਜਥੇਬੰਦੀਆਂ ਦੇ ਸਹਿਯੋਗ ਦੀ ਲੋੜ ਹੈ ਤੇ ਉਹ ਤੱਤਪਰ ਹਨ। ਪਰ ਜੋ ਵਾਪਰ ਰਿਹਾ ਹੈ ਇਸ ਤਰ੍ਹਾਂ ਦੀ ਕਾਰਵਾਈ ਬਹੁਤਾ ਚਿਰ ਸਿੱਖਾਂ ਨੂੰ ਹਜ਼ਮ ਨਹੀਂ ਹੋਣੀ।