Headlines

ਅਲਬਰਟਾ ਵੋਟਾਂ 29 ਮਈ ਨੂੰ- ਡੇਢ ਦਰਜਨ ਤੋਂ ਉਪਰ ਪੰਜਾਬੀ ਉਮੀਦਵਾਰ ਮੈਦਾਨ ਵਿਚ ਨਿੱਤਰੇ

ਮੁੱਖ ਪਾਰਟੀ ਲੀਡਰਾਂ ਵਿਚਾਲੇ  ਬਹਿਸ 18 ਮਈ ਨੂੰ-

ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ)- ਅਲਬਰਟਾ ਲੈਜਿਸਲੇਚਰ ਦੀਆਂ ਚੋਣਾਂ ਇਸ 29 ਮਈ ਨੂੰ ਹੋਣ ਜਾ ਰਹੀਆਂ ਹਨ। ਮੁੱਖ ਮੁਕਾਬਲਾ ਸੱਤਾਧਾਰੀ ਯੂ ਸੀ ਪੀ ਤੇ ਐਨ ਡੀ ਪੀ ਵਿਚਾਲੇ ਹੈ। ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੁਨਾਈਟਡ ਕੰਸਰਵੇਟਿਵ ਪਾਰਟੀ ਅਤੇ ਰੇਚਲ ਨੋਟਲੀ ਦੀ ਅਗਵਾਈ ਵਾਲੀ ਐਨ ਡੀ ਪੀ ਨੇ ਆਪੋ ਆਪਣੇ ਚੋਣ ਪਲੇਟਫਾਰਮ ਜਾਰੀ ਕਰਦਿਆਂ ਚੋਣ ਮੁਹਿੰਮ ਭਖਾ ਰੱਖੀ ਹੈ। ਜਿਥੇ ਯੂ ਸੀ ਪੀ ਵਲੋਂ ਵੋਟਰਾਂ ਨਾਲ ਟੈਕਸ ਕਟੌਤੀ,  ਸਿਹਤ ਸਹੂਲਤਾਂ ਵਿਚ ਵਾਧਾ, ਨੌਕਰੀਆਂ ਵਿਚ ਵਾਧਾ, ਨਵੇਂ ਟੈਕਸ ਨਾ ਲਗਾਉਣ, ਚਾਈਲਡ ਕੇਅਰ ਲਈ ਪ੍ਰਤੀ ਦਿਨ 10 ਡਾਲਰ ਦੇਣ ਦੇ  ਮੁੱਦੇ ਸਮੇਤ ਕਈ ਵਾਅਦੇ ਕੀਤੇ ਜਾ  ਰਹੇ ਹਨ ਉਥੇ ਐਨ ਡੀ ਪੀ ਵਲੋਂ ਅਲਬਰਟਾ ਦੇ ਬੇਹਤਰ ਭਵਿੱਖ ਦੇ ਸੱਦੇ ਨਾਲ ਇਨਕਮ ਟੈਕਸ ਵਿਚ ਵਾਧਾ ਨਾ ਕਰਨ, ਫੈਮਲੀ ਹੈਲਥ ਲਈ ਡਾਕਟਰਾਂ ਦੀ ਹੋਰ ਭਰਤੀ. ਨਵੀਆਂ ਜੌਬਾਂ , 40,000 ਲੋਕਾਂ ਲਈ ਅਫੋਰਡੇਬਲ ਘਰ ਬਣਾਉਣ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਰਾਂ ਨੂੰ ਹੋਰ ਸਹੂਲਤਾਂ ਦੇਣ ਦੇ ਵਾਅਦੇ ਕਰਦਿਆਂ ਵੋਟਾਂ ਲਈ ਪ੍ਰੇਰਿਆ ਜਾ ਰਿਹਾ ਹੈ।

ਲੀਡਰ ਡਿਬੇਟ 18 ਮਈ ਨੂੰ-ਦੋਵਾਂ ਪਾਰਟੀਆਂ ਦੇ ਆਗੂਆਂ ਦੀ ਬਹਿਸ 18 ਮਈ ਨੂੰ ਹੋਵੇਗੀ। ਜਿਸ  ਵਿਚ ਯੂ ਸੀ ਪੀ ਲੀਡਰ ਡੈਨੀਅਲ ਸਮਿਥ ਅਤੇ ਅਲਬਰਟਾ ਐਨ ਡੀ ਪੀ ਲੀਡਰ ਰੇਚਲ ਨੌਟਲੀ ਵੱਖ ਵੱਖ ਮੁੱਦਿਆਂ ਉਪਰ ਜਨਤਾ ਨੂੰ ਸੰਬੋਧਨ ਕਰਨਗੇ। ਇਸ ਲੀਡਰ ਡਿਬੇਟ ਦਾ ਨਿਰਮਾਣ ਤੇ ਪ੍ਰਸਾਰਣ ਸੀਟੀਵੀ ਨਿਊਜ਼ ਐਡਮਿੰਟਨ ਤੇ ਗਲੋਬਲ ਨਿਊਜ਼ ਦੀ  ਸਾਂਝੇਦਾਰੀ ਨਾਲ ਹੋਵੇਗਾ। 18 ਮਈ ਨੂੰ ਸ਼ਾਮ 6 ਵਜੇ ਬਹਿਸ ਸ਼ੁਰੂ ਹੋਵੇਗੀ ਜੋ  ਅਲਬਰਟਾ ਵਿੱਚ CBC ਟੈਲੀਵਿਜ਼ਨ ਅਤੇ CBC ਰੇਡੀਓ ‘ਤੇ ਵੀ ਲਾਈਵ ਵਿਖਾਈ ਜਾਵੇਗੀ। ਇਸ ਬਹਿਸ ਦਾ ਸੀਟੀਵੀ ਦੇ ਏਰਿਨ ਇਸਫੀਲਡ ਅਤੇ ਗਲੋਬਲ ਨਿਊਜ਼ ਐਡਮੰਟਨ ਦੇ ਸਕਾਟ ਰੌਬਰਟਸ ਸਹਿ-ਸੰਚਾਲਨ ਕਰਨਗੇ।

ਪੰਜਾਬੀ ਉਮੀਦਵਾਰਾਂ ਵਿਚਾਲੇ ਮੁਕਾਬਲੇ- ਅਲਬਰਟਾ ਦੀ ਰਾਜਧਾਨੀ ਐਡਮਿੰਟਨ ਅਤੇ ਦੂਸਰੇ ਵੱਡੇ ਸ਼ਹਿਰ ਕੈਲਗਰੀ ਤੋ ਕਈ ਪੰਜਾਬੀ ਮੂਲ ਦੇ ਉਮੀਦਵਾਰ ਮੈਦਾਨ ਵਿਚ ਹਨ। ਕੈਲਗਰੀ ਤੋਂ ਯੂ ਸੀ ਪੀ ਦੀ ਤਰਫੋਂ ਕੈਲਗਰੀ-ਭੁੱਲਰ ਮੈਕਾਲ ਹਲਕੇ ਤੋ ਅਮਨਪ੍ਰੀਤ ਸਿੰਘ ਗਿੱਲ, ਕੈਲਗਰੀ ਈਸਟ ਤੋ ਪੀਟਰ ਸਿੰਘ, ਕੈਲਗਰੀ ਐਜਮਾਉਂਟ ਤੋ ਪ੍ਰਸਾਦ ਪਾਂਡਾ, ਕੈਲਗਰੀ ਨਾਰਥ ਈਸਟ ਤੋ ਦਵਿੰਦਰ ਸਿੰਘ ਤੂਰ, ਕੈਲਗਰੀ ਵੈਸਟ ਤੋਂ ਰਾਜਨ ਸਾਹਨੀ, ਐਡਮਿੰਟਨ ਐਲਰਸਲੀ ਤੋ ਰਣਜੀਤ ਬਾਠ, ਐਡਮਿੰਟਨ ਮੀਡੋਜ਼ ਤੋਂ ਅੰਮ੍ਰਿਤਪਾਲ ਮਠਾਰੂ ਐਡਮਿੰਟਨ ਮਿਲਵੁਡਜ ਤੋ ਰਮਨ ਅਠਵਾਲ, ਐਡਮਿੰਟਨ ਵਾਈਟਮਡ ਤੋਂ ਰਾਜ ਸ਼ਰਮਨ ਜਦੋਂਕਿ ਐਨ ਡੀ ਪੀ ਤਰਫੋਂ ਕੈਲਗਰੀ ਨਾਰਥ ਤੋਂ ਰਾਜੇਸ਼ ਅੰਗੂਰਾਲ, ਕੈਲਗਰੀ ਨਾਰਥ ਈਸਟ ਤੋਂ ਗੁਰਿੰਦਰ ਬਰਾੜ, ਐਡਮਿੰਟਨ ਮੀਡੋਜ ਤੋ ਜਸਵੀਰ ਦਿਓਲ, ਚੈਸਟਰਮੀਅਰ ਤੋ ਰਾਜ ਜੱਸਲ, ਐਡਮਿੰਟਨ ਵਾਈਟਮੱਡ ਤੋ ਰਾਖੀ ਪੰਚੋਲੀ, ਕੈਲਗਰੀ ਭੁੱਲਰ ਮੈਕਾਲ ਤੋ ਇਰਫਾਨ ਸਬੀਰ, ਕੈਲਗਰੀ ਫਾਲਕਨਰਿਜ ਤੋ ਪਰਮੀਤ ਸਿੰਘ ਬੋਪਾਰਾਏ ਤੇ ਕੈਲਗਰੀ ਕਰਾਸ ਤੋ ਗੁਰਿੰਦਰ ਗਿੱਲ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ।

ਐਡਮਿੰਟਨ ਵਿਚ ਐਡਮਿੰਟਨ ਮੀਡੋਜ ਹਲਕੇ ਤੋ ਮੌਜੂਦਾ ਐਮ ਐਲ ਏ ਜਸਵੀਰ ਦਿਓਲ ਤੇ ਯੂ ਸੀ ਪੀ ਉਮੀਦਵਾਰ ਅੰਮ੍ਰਿਪਾਲ ਮਠਾਰੂ,  ਐਡਮਿੰਟਨ ਵਾਈਟਮੱਡ ਤੋਂ ਡਾ ਰਾਜ ਸ਼ਰਮਨ ਤੇ ਐਨ ਡੀ ਪੀ ਉਮੀਦਵਾਰ ਰਾਖੀ ਪੰਚੋਲੀ ਅਤੇ ਕੈਲਗਰੀ ਵਿਚ ਕੈਲਗਰੀ ਮੈਕਾਲ ਹਲਕੇ ਤੋ ਯੂਸੀਪੀ ਉਮੀਦਵਾਰ ਅਮਨਪ੍ਰੀਤ ਗਿੱਲ -ਐਨ ਡੀ ਪੀ ਐਮ ਐਲ ਏ ਤੇ ਸਾਬਕਾ ਮੰਤਰੀ ਇਰਫਾਨ ਸਬੀਰ, ਕੈਲਗਰੀ ਨਾਰਥ ਈਸਟ ਤੋ ਮੌਜੂਦਾ ਐਮ ਐਲ ਏ ਦਵਿੰਦਰ ਤੂਰ ਤੇ ਐਨ ਡੀ ਪੀ ਉਮੀਦਵਾਰ ਗੁਰਿੰਦਰ ਬਰਾੜ ਵਿਚਾਲੇ ਮੁਕਾਬਲੇ ਦਿਲਚਸਪ ਹੋਣ ਦੇ ਆਸਾਰ ਹਨ।

ਐਨ ਡੀ ਪੀ ਆਗੂ ਰੇਚਲ ਨੋਟਲੀ ਤੇ ਪੰਜਾਬੀ ਉਮੀਦਵਾਰ-

ਯੂ ਸੀ ਪੀ ਉਮੀਦਵਾਰ-