Headlines

ਦਰਦ ਦਾ ਦਰਿਆ ਨਾਵਲ ‘ਅੰਬਰੀਂ ਉਡਾਨ ਤੋਂ ਪਹਿਲਾਂ’

‘ਮਾਂ ਦੀ ਡਾਇਰੀ ਦੇ ਉਦਾਸ ਵਰਕੇ’
ਡਾਕਟਰ ਗੁਰਮਿੰਦਰ ਕੌਰ ਸਿੱਧੂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਜਿੱਥੇ ਉਹ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਹਨ ਓਥੇ ਉਹ ਬਹੁ-ਵਿਧਾਈ ਨਾਮਵਰ ਲੇਖਕ ਵੀ ਹਨ। ਉਹਨਾਂ ਦਾ ਭਰੂਨ ਹੱਤਿਆ ਦੀ ਰੋਕਥਾਮ ਲਈ ਪਾਇਆ ਵੱਡਾ ਯੋਗਦਾਨ ਸਦਾ ਚਰਚਾ ਵਿਚ ਰਿਹਾ ਹੈ। ਉਹਨਾਂ ਅਨੇਕ ਬੱਚੀਆਂ ਕੁੱਖ ਵਿਚ ਕਤਲ ਹੋਣੋ ਬਚਾਈਆਂ ਹਨ, ਜਿਹੜੀਆਂ ਹੁਣ ਆਪ ਬੱਚਿਆਂ ਵਾਲੀਆਂ ਹੋ ਕੇ ਅੱਜ ਵੀ ਉਹਨਾਂ ਦਾ ਗੁਣਗਾਣ ਕਰਦੀਆਂ ਹਨ। ਡਾ. ਸਿੱਧੂ ਵਲੋਂ ‘ਨਾਂ ਮੰਮੀ ਨਾ’ ਭਰੂਨ ਹੱਤਿਆਂ ਦੀ ਰੋਕ ਥਾਮ ਬਾਰੇ ਲਿਖੀ ਗਈ ਪੁਸਤਕ, ਉਹਨਾਂ ਬੱਚੀਆਂ ਦੀ ਦਾਸਤਾਨ ਬਿਆਨ ਕਰਦੀ ਹੈ, ਜਿਹੜੀਆਂ ਕੁੱਖ ਵਿਚ ਕਤਲ ਹੋਣੋ ਬਚਾ ਲਈਆਂ ਗਈਆਂ। ਡਾਕਟਰ ਸਿੱਧੂ ਸਿਹਤ ਮਹਿਕਮੇ ਤੋਂ ਸੇਵਾ ਮੁਕਤ ਹੋ ਕੇ ਸਮਾਜ ਸੇਵੀ ਕੰਮਾਂ ਵਿਚ ਰੁੱਝੇ ਰਹਿਣ ਦੇ ਨਾਲ ਨਾਲ ਸਾਹਿਤ ਰਚਨਾ ਵਿਚ ਵੀ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ।
ਡਾਕਟਰ ਸਿੱਧੂ ਦੀਆਂ ਕਵਿਤਾ, ਕਹਾਣੀ, ਵਾਰਤਕ, ਬਾਲ ਸਾਹਿਤ ਤੇ ਅਨੁਵਾਦ ਸਾਹਿਤ ਦੀਆਂ ਦਸ ਤੋਂ ਉਪਰ ਪੁਸਤਕਾਂ ਛੱਪ ਚੁੱਕੀਆਂ ਹਨ। ਉਹਨਾਂ ਦੀ ਇਕ ਚਰਚਤ ਪੁਸਤਕ ‘ਚੌਮੁਖੀਆ ਇਬਾਰਤਾਂ’ ਹੈ, ਜਿਸ ਵਿਚ ਪੰਜਾਬੀ ਸੱਭਿਆਚਾਰ ਨੂੰ ਸਨਮੁਖ ਰਖਦਿਆਂ ਪੰਜਾਬੀਆਂ ਦੇ ਹਰ ਕਾਰਜ ਲਈ, ਪੰਜਾਬੀ ਵਿਚ ਕਾਵਿਕ ਸੱਦਾ ਪੱਤਰ ਲਿਖੇ ਹਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਲੋੜਵੰਦ ਆਪਣੇ ਸੱਦਾ ਪੱਤਰ ਲਿਖ ਕੇ ਛਪਵਾ ਸਕਦੇ ਹਨ। ਇਸ ਤੋਂ ਬਿਨਾਂ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਉਪਰ ਅਲੋਚਨਾਤਮਿਕ ਲੇਖ ਵੀ ਲਿਖੇ ਹਨ, ਜਿਹੜੇ ਅਜੇ ਪੁਸਤਕ ਦਾ ਰੂਪ ਧਾਰਨ ਨਹੀਂ ਕਰ ਸਕੇ। ਹੁਣ ਉਹ ਇਹ ਨਾਵਲ ਲਿਖ ਕੇ ਨਾਵਲਕਾਰਾਂ ਦੀ ਕਤਾਰ ਵਿਚ ਵੀ ਸ਼ਾਮਿਲ ਹੋ ਗਏ ਹਨ।
ਨਾਵਲ ‘ਅੰਬਰੀਂ ਉਡਾਨ ਤੋਂ ਪਹਿਲਾਂ’ ਵੱਖਰੀ ਵਿਧੀ ਵਿਚ ਲਿਖਿਆ ਗਿਆ ਨਾਵਲ ਹੈ। ਬਹੁਤੇ ਨਾਵਲ ਤਾਂ ਬ੍ਰਿਤਾਂਤ ਤੇ ਸੰਵਾਦ ਵਿਧੀ ਰਾਹੀਂ ਹੀ ਲਿਖੇ ਜਾਂਦੇ ਹਨ, ਕੁਝ ਗਿਣਤੀ ਦੇ ਨਾਵਲ ਹੀ ਨੇ, ਜਿਹੜੇ ਕਿਸੇ ਨਵੇਕਲੀ ਵਿਧੀ ਵਿਚ ਲਿਖੇ ਗਏ ਹਨ। ਜਿਵੇਂ; ਸ. ਨਾਨਕ ਸਿੰਘ ਦੇ ਨਾਵਲ ‘ਸੁਮਨ ਕਾਂਤਾ’ ਦਾ ਸਾਰਾ ਬ੍ਰਿਤਾਂਤ ਚਿੱਠੀਆਂ ਰਾਹੀਂ ਸਿਰਜਿਆ ਗਿਆ ਹੈ ਅਤੇ ਮਰਹੂਮ ਨਾਮਵਰ ਪਾਕਿਸਤਾਨੀ ਲੇਖਕ ਜਨਾਬ ਅਫਜ਼ਲ ਅਹਿਸਨ ਰੰਧਾਵਾ ਨੇ ਵੀ ਆਪਣਾ ਨਾਵਲ ‘ਸੂਰਜ ਗ੍ਰਹਿਣ’ ਚਿੱਠੀਆਂ ਦੇ ਆਦਾਨ ਪਰਦਾਨ ਰਾਹੀਂ ਮੁਕੰਮਲ ਕੀਤਾ ਹੈ। ਜਸਵੰਤ ਸਿੰਘ ਕੰਵਲ ਨੇ ਸੰਵਾਦ ਵਿਧੀ ਵਰਤ ਕੇ ‘ਬਰਫ ਦੀ ਅੱਗ’ ਨਾਵਲ ਲਿਖਿਆ ਹੈ। ਇਕਬਾਲ ਮਾਹਲ ਨੇ ਇਕੋ ਕਮਰੇ ਤੇ ਇਕੋ ਬੈਠਕ ਵਿਚ ਕੁਝ ਦੋਸਤਾਂ ਦੀ ਵਾਰਾਲਾਪ ਰਾਹੀਂ ਆਪਣੇ ਨਾਵਲ ‘ਡੌਗੀ ਟੇਲ ਡਰਾਈਵ’ ਦੀ ਸਿਰਜਣਾ ਕੀਤੀ ਹੈ। ਮੇਰਾ ਨਾਵਲ ‘ਦੁਨੀਆ ਕੈਸੀ ਹੋਈ’ ਦਾ ਹਰ ਕਾਂਡ ਇਕ ਮੁਕੰਮਲ ਕਹਾਣੀ ਹੈ ਤੇ ਸਾਰੀਆਂ ਕਹਾਣੀਆਂ ਜੁੜ ਕੇ ਨਾਵਲ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਇਸੇ ਤਰ੍ਹਾਂ ਕਈ ਹੋਰ ਨਾਵਲਕਾਰਾਂ ਨੇ ਵੀ ਨਾਵਲ ਲਿਖਣ ਲਈ ਵੱਖਰੀਆਂ ਵਿਧੀਆਂ ਅਪਨਾਈਆਂ ਹਨ, ਜਿਵੇਂ ਗੁਰਦਿਆਲ ਦਲਾਲ ਆਪਣੇ ਨਾਵਲ ‘ਪੈੜਾਂ’ ਵਿਚ ਇਕ ਅਧਿਆਪਕ ਦੀਆਂ ਲਿਖੀਆਂ ਹੋਈਆਂ ਡਾਇਰੀਆਂ ਨੂੰ ਆਧਾਰ ਬਣਾ ਕੇ ਆਪਣੇ ਨਾਵਲ ਦੀ ਉਸਾਰੀ ਕਰਦਾ ਹੈ। ਡਾਕਟਰ ਗੁਰਮਿੰਦਰ ਸਿੱਧੂ ਦਾ ਡਾਇਰੀ ਵਿਧੀ ਵਿਚ ਲਿਖਿਆ ਨਾਵਲ ਇਕ ਧੀ ਦੇ ਦਰਦ ਦਾ ਰੋਜ਼ਨਾਮਚਾ ਹੈ।
ਨਾਵਲ ਦੀ ਕਹਾਣੀ ਇਕ ਅਣਜੋੜ ਵਿਆਹ ਦਾ ਬ੍ਰਿਤਾਂਤ ਪੇਸ਼ ਕਰਦੀ ਹੈ, ਜਿਹੜਾ 20 ਦਸੰਬਰ, 2007 ਤੋਂ 14 ਅਕਤੂਬਰ, 2011 ਤਕ ਲਿਖੀ ਡਾਇਰੀ ਦੇ ਪੰਨਿਆਂ ਵਿਚ ਪਸਰਿਆ ਹੋਇਆ ਹੈ। ਬੇਸ਼ਕ ਅਣਜੋੜ ਵਿਆਹ ਵਿਚ ਔਰਤ ਮਰਦ ਦਾ ਉਮਰ, ਸਿਹਤ, ਸਿਖਿਆ ਤੇ ਸਮਾਜਿਕ ਪੱਖ ਤੋਂ ਨਾਬਰਾਬਰ ਹੋਣਾ ਕਾਰਨ ਵੀ ਬਣਦਾ ਹੈ, ਪਰ ਸਭ ਤੋਂ ਵੱਡਾ ਕਾਰਨ ਬਣਦਾ ਹੈ ਮਾਨਸਿਕ ਸੋਚ ਤੇ ਵਿਚਾਰਾਂ ਦਾ ਨਾਬਰਾਬਰ ਹੋਣਾ। ਮਰਦ ਪ੍ਰਧਾਨ ਸਮਾਜ ਵਿਚ ਅਜੇ ਵੀ ਕੁੜੀਆਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਥਾਂ ਉਹਨਾਂ ਨੂੰ ਦੁਜੈਲੀ ਥਾਂ ‘ਤੇ ਰੱਖਣ ਲਈ ਹਰ ਯਤਨ ਕਰਨਾ, ਭਾਵੇਂ ਕਿ ਕੁੜੀਆਂ ਕਿੰਨਾ ਵੀ ਪੜ੍ਹ ਲਿਖ ਕੇ ਮੁੰਡਿਆਂ ਤੋਂ ਅਗਾਂਹ ਵਧ ਗਈਆਂ ਹੋਣ।
ਨਵੀਂ ਵਿਆਂਹਦੜ ਦੰਪਤੀ ‘ਸਰਘੀ’ ਤੇ ‘ਕੰਵਰ’ ਸਭ ਪੱਖਾਂ ਤੋਂ ਬਰਾਬਰ ਦੀ ਹੈਸੀਅਤ ਰਖਦੇ ਹਨ, ਫਿਰ ਵੀ ਉਹਨਾਂ ਦਾ ਗ੍ਰਹਿਸਥੀ ਜੀਵਨ ਸੁਖਦਾਈ ਨਹੀਂ। ਕਾਰਨ! ਦੋਹਾਂ ਦੀ ਪਰਵਰਿਸ਼ ਅਜੇਹੇ ਮਹੌਲ ਵਿਚ ਹੋਈ ਹੈ ਕਿ ਮਾਨਸਿਕ ਸੋਚ ਪੱਖੋਂ ਦੋਹਾਂ ਵਿਚ ਬਹੁਤ ਅੰਤਰ ਹੈ। ਸਰਘੀ ਦੇ ਮਾਂ ਬਾਪ ਡਾਕਟਰ ਹਨ, ਉਹ ਉੱਚ ਮਧਵਰਗ ਨਾਲ ਸਬੰਧ ਰਖਦੇ ਹਨ, ਉਹ ਆਪਣੇ ਧੀ ਪੁੱਤ ਦੀ ਇਸ ਢੰਗ ਨਾਲ ਪਰਵਰਿਸ਼ ਕਰਦੇ ਹਨ ਕਿ ਉਹ ਸਮਾਜ ਵਿਚ ਸਾਦਗੀ ਤੇ ਸੁਹਿਰਦਤਾ ਨਾਲ ਵਿਚਰਨ ਵਾਲੇ ਗੁਣਾ ਦੇ ਧਾਰਨੀ ਬਣਨ। ਮਾਪਿਆਂ ਦੀ ਰਹਿਨੁਮਾਈ ਹੇਠ ਪਲ਼ਿਆ ਮੁੰਡਾ ਸਹਿਣਸ਼ੀਲ, ਸਾਊ, ਸੁਹਿਰਦ ਤੇ ਮਿਹਨਤੀ ਸੁਭਾਅ ਵਾਲੇ ਗੁਣ ਗ੍ਰਹਿਣ ਕਰ ਕੈਨੇਡਾ ਪਰਵਾਸ ਕਰ ਜਾਂਦਾ ਹੈ ਅਤੇ ਅਜੇਹੇ ਗੁਣਾ ਦੀ ਧਾਰਨੀ ਕੁੜੀ ਉਚ ਵਿਦਿਆ ਪ੍ਰਾਪਤ ਕਰ ਕੇ ਕੰਵਰ ਨਾਮ ਦੇ ਲੜਕੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਜਾਂਦੀ ਹੈ।
ਦੂਜੇ ਪਾਸੇ ਕੰਵਰ ਦੇ ਮਾਂ ਪਿਉ ਵੀ ਮਧਵਰਗ ਨਾਲ ਸਬੰਧਤ ਹਨ ਪਰ ਉਹਨਾਂ ਦਾ ਪਿਛੋਕੜ ਜਾਗੀਰਦਾਰੀ ਖਾਨਦਾਨ ਨਾਲ ਹੈ। ਭਾਵੇਂ ਕਿ ਜਾਗੀਰਦਾਰੀ ਸਿਸਟਮ ਬਹੁਤ ਸਮਾਂ ਪਹਿਲਾਂ ਦਾ ਦਫਨ ਹੋ ਚੁੱਕਿਆ ਹੋਇਆ ਹੈ ਪਰ ਬਹੁਤੇ ਪਰਿਵਾਰਾਂ ਦੇ ਦਿਮਾਗਾਂ ਅੰਦਰੋਂ ਅਜੇ ਤਕ ਵੀ ਜਾਗੀਰੂ ਕੀੜਾ ਮਰਿਆ ਨਹੀਂ। ਤਦੇ ਹੀ ਤਾਂ ਇਕ ਥਾਂ ਜਦੋਂ ਨਵ-ਵਿਆਹੁਤਾ ਸਰਘੀ ਗਲੀ ਦੇ ਕੋਨੇ ਵਿਚ ਕਪੜੇ ਪ੍ਰੈਸ ਕਰਨ ਵਾਲੇ ਕੋਲੋਂ ਸੂਟ ਲੈਣ ਜਾਂਦੀ ਹੈ ਤਾਂ ਉਹਦੀ ਸੱਸ ਉਸ ਨੂੰ ਤਾੜਨਾ ਕਰਦੀ ਹੈ, “ਮੁਹੱਲੇ ‘ਚ ਸਾਡਾ ਨੱਕ ਵਢਾਉਣੈ! ਲੋਕੀ ਕਹਿਣਗੇ ਜਗੀਰਦਾਰਾਂ ਦੀ ਨੂੰਹ ਪ੍ਰੈੱਸ ਵਾਲੇ ਕੋਲ ਖੜ੍ਹੀ ਸੀ!”
“ਜਗੀਰਦਾਰ!”
“ਹਾਂ ਜੀ! ਕਹਿੰਦੇ ਐ ਕਿ ਸਾਡਾ ਪੜਦਾਦਾ ਜਗੀਰਦਾਰ ਸੀ। ਪਿੰਡ ‘ਚ ਸਾਡੀ ਹਵੇਲੀ ਅਜੇ ਵੀ ਜਗੀਰਦਾਰਾਂ ਦੀ ਹਵੇਲੀ ਵਜਦੀ ਐ।”
ਕੰਵਰ ਦੇ ਮਾਪਿਆਂ ਅੰਦਰ ਜਗੀਰੂ ਰਹਿੰਦ-ਖੂੰਦ ਦਾ ਕਚਰਾ ਭਰਿਆ ਹੋਣ ਕਾਰਨ ਉਹਨਾਂ ਆਪਣੇ ਮੁੰਡੇ ਲਈ ਵੀ ਅਜੇਹਾ ਮਾਹੌਲ ਸਿਰਜਿਆ ਕਿ ਉਹ ਦੁਨੀਆਦਾਰੀ ਦੀ ਸਿਖਿਆ ਲੈਣ ਦੀ ਥਾਂ ਆਪਣੀ ਖਾਨਦਾਨੀ ਹਉਮੈਂ ਵਿਚ ਗਰੱਸਿਆ ਰਹੇ। ਇਸੇ ਕਾਰਨ ਉਸ ਅੰਦਰ ਬੁਰਾਈਆਂ ਪਨਪੀਆਂ। ਉਹ ਵਿਅਹ ਤੋਂ ਪਹਿਲਾਂ ਹੀ ਦਾਰੂ ਪੀ ਕੇ ਖਰਮਸਤੀਆਂ ਕਰਦਾ ਰਿਹਾ ਹੈ। ਉਹ ਆਪਣੇ ਆਪ ਨੂੰ ਸ਼ਹਿਜ਼ਾਦਿਆਂ ਤੋਂ ਘੱਟ ਨਹੀਂ ਸਮਝਦਾ। ਵਿਆਹ ਮਗਰੋਂ ਉਸ ਨੇ ਦੰਭੀ ਕਿਰਦਾਰ ਅਪਣਾ ਲਿਆ ਹੋਇਆ ਹੈ। ਬਾਹਰ ਦਿਖਾਵਾ ਸਾਊਆਂ ਵਾਲਾ ਪਰ ਪਤਨੀ ਨਾਲ ਵਿਵਹਾਰ ਹੈਂਕੜ ਵਾਲਾ। ਉਹ ਆਪਣੀ ਪਤਨੀ ਉਪਰ ਰੋਅਬ ਜਮਾਉਣਾ ਆਪਣਾ ਹੱਕ ਸਮਝਦਾ ਹੈ। ਉਹ ਉਸ ਨੂੰ ਮਾਨਸਿਕ ਤਸੀਹੇ ਦੇਣ ਦਾ ਕੋਈ ਮੌਕਾ, ਕਦੀ ਵੀ ਹੱਥੋਂ ਨਹੀਂ ਗਵਾਉਂਦਾ। ਸਿਆਣਿਆਂ ਦਾ ਕਥਨ ਹੈ ਕਿ ਸਰੀਰਕ ਤਸੀਹਿਆਂ ਦੀ ਪੀੜ ਤਾਂ ਜਲਦੀ ਭੁੱਲ ਜਾਂਦੀ ਹੈ ਪਰ ਮਾਨਸਿਕ ਤਸੀਹੇ ਰੂਹ ਨੂੰ ਛਲਣੀ ਕਰ ਦਿੰਦੇ ਹਨ ਤੇ ਇਹਨਾਂ ਦੀ ਪੀੜ ਕਦੀ ਨਹੀਂ ਭੁਲਦੀ। ਸਰਘੀ ਨਿੱਤ ਹੀ ਨਵੇਂ ਮਾਨਸਿਕ ਤਸੀਹੇ ਸਹਿੰਦੀ ਹੈ ਪਰ ਮਾਨਸਿਕ ਤਸੀਹੇ ਸਹਿੰਦੀ ਹੋਈ ਉਹ ਉਭਾਸਰਦੀ ਨਹੀਂ। ਸਰਘੀ ਇਹ ਮਾਨਸਿਕ ਤਸੀਹੇ ਕਿਉਂ ਸਹਿ ਰਹੀ ਹੈ। ਕਿਉਂਕਿ ਉਹ ਮਾਪਿਆਂ ਤੋਂ ਸਿਖਿਆ ਲੈ ਕੇ ਤੁਰੀ ਹੈ ਕਿ ‘ਲਾਵਾਂ ਦੀ ਲਾਜ’ ਰੱਖਣੀ ਹੈ। ਉਹ ਤਕਰੀਬਨ ਚਾਰ ਸਾਲ ਇਹ ਦਰਦ ਇਸ ਲਈ ਹੰਢਾਉਂਦੀ ਹੈ ਕਿ ਗੁਰੂ ਗ੍ਰੰਥ ਸਹਿਬ ਦੁਆਲੇ ਲਈਆ ਲਾਵਾਂ ਦੀ ਲਾਜ ਰੱਖੀ ਜਾ ਸਕੇ। ਪਰ ਜਦੋਂ ਮਾਪਿਆਂ ਨੂੰ ਧੀ ਦੇ ਦੁੱਖਾਂ ਦੀ ਕਨਸੋਅ ਮਿਲਦੀ ਹੈ ਤਾਂ ਉਹਨਾਂ ਕੋਲੋਂ ਉਸ ਦੀ ਇਹ ਹਾਲਤ ਸਹਿਣ ਨਹੀਂ ਹੋ ਰਹੀ। ਜਿਹੜੇ ਮਾਪਿਆਂ ਉਸ ਨੂੰ ਲਾਵਾਂ ਦੀ ਲਾਜ ਰੱਖਣ ਲਈ ਕਹਿ ਕੇ ਵਿਦਾ ਕੀਤਾ ਸੀ, ਹੁਣ ਉਹੀ ਮਾਪੇ ਉਸ ਨੂੰ ਕਹਿੰਦੇ ਹਨ ਕਿ ਖੋਲ੍ਹਦੇ ਇਹ ਲਾਵਾਂ ਦੀ ਗੰਢ। ਲਾਵਾਂ ਦੀ ਗੰਢ ਕਿੰਨਾ ਕੁ ਚਿਰ ਨਿਭਾਵੇਂਗੀ?”
ਸਰਘੀ ਦੇ ਹਰ ਅੱਤਿਆਚਾਰ ਨੂੰ ਸਹਿਣ ਕਰਦੇ ਜਾਣ ਨੂੰ ਪੜ੍ਹ ਕੇ ਪਾਠਕ ਨੂੰ ਵੀ ਖਿੱਝ ਚੜ੍ਹ ਰਹੀ ਹੈ ਕਿ ਉਹ ਬਗਾਵਤ ਕਿਉਂ ਨਹੀਂ ਕਰ ਰਹੀ! ਪਰ ਸਰਘੀ ਨੂੰ ਇਕ ਧੁੰਦਲੀ ਜਿਹੀ ਆਸ ਹੈ ਕਿ ਕੰਵਰ ਵਿਚ ਸੁਧਾਰ ਜ਼ਰੂਰ ਆਵੇਗਾ ਕਿਉਂ ਕਿ ਉਹ ਮੌਕੇ ਅਨਸਾਰ ਝੁਕ ਜਾਣ ਦਾ ਨਾਟਕ ਕਰਨ ਵਿਚ ਵੀ ਮਾਹਰ ਹੈ। ਤਾਂ ਹੀ ਸਰਘੀ ਪਾਕਿਸਤਾਨੀ ਸ਼ਾਇਰਾ ਤਾਹਰਾ ਸਰਾ ਦਾ ਇਕ ਸ਼ਿਅਰ ਕਹਿ ਕੇ ਚੁੱਪ ਹੋ ਜਾਂਦੀ ਹੈ, “ਜੋ ਜੋ ਕਹਿੰਦਾ ਏ ਮੰਨੀ ਜਾਨੀ ਆਂ, ਗੱਲ ਅਜੇ ਤਕ ਸਮਝੋ ਬਾਹਰ ਨਹੀਂ ਹੋਈ।”
ਕੰਵਰ ਦੇ ਮਾਂ ਪਿਉ ਵੀ ਦੋਗਲਾ ਕਿਰਦਾਰ ਨਿਭਾਉਂਦੇ ਹਨ। ਉਹ ਕੁੜਮਾਂ ਨਾਲ ਬੜੇ ਮਿੱਠੇ ਪਿਆਰੇ ਹੋ ਕੇ ਬੜਾ ਨਿੱਘਾ ਵਰਤਾਉ ਕਰਦੇ ਹਨ, ਪਰ ਆਪਣੇ ਮੁੰਡੇ ਨੂੰ ਅਜੇਹੀ ਸਿਖਿਆ ਦਿੰਦੇ ਹਨ ਕਿ ਉਹ ਆਪਣੀ ਪਤਨੀ ਨਾਲ ਥੋੜਾ ਸਖਤ ਵਿਵਹਾਰ ਕਰੇ! ਉਹ ਲੋਕਾਂ ਵਿਚ ਆਪਣੇ ਵਡੱਪਨ ਦਾ ਅਜੇਹਾ ਪ੍ਰਭਾਉ ਸਿਰਜਦੇ ਹਨ ਕਿ ਵੱਡੀ ਹੈਸੀਅਤ ਵਾਲੇ ਹੁੰਦਿਆਂ ਹੋਇਆਂ ਵੀ ਉਹਨਾਂ ਦਾਜ ਦਹੇਜ ਵਿਚ ਕੁਝ ਨਹੀਂ ਲਿਆ। ਕੁੜੀ ਵਾਲਿਆਂ ਵਲੋਂ ਆਪਣੀ ਸਮਰੱਥਾ ਤੋਂ ਵੀ ਵੱਧ ਦਿੱਤਾ ਗਿਆ ਹੈ, ਪਰ ਉਹਨਾਂ ਦੇ ਕਟਾਕਸ਼ੀ ਬੋਲ ਹਨ, “ਕੁੜੀ ਵਾਲਿਆਂ ਤਾਂ ਬੱਸ ਰੋਟੀ ਖੁਆ’ਤੀ ੩ ਉਹਨਾਂ ਨੂੰ ਤਾਂ ਸ਼ਾਦੀ ਦੀ ਮੌਜ ਹੋ ਗਈ।” ਉਹ ਲਾਲਚੀ ਐਨੇ ਕਿ ਸਰਘੀ ਬਦੇਸ਼ ਤੁਰਨ ਲਗਦੀ ਹੈ ਤਾਂ ਸੱਸ ਵਲੋਂ ‘ਜ਼ਮਾਨਾ ਖਰਾਬ ਹੈ’ ਕਹਿ ਕੇ ਉਸ ਦਾ ਸਾਰਾ ਗਹਿਣਾ ਗੱਟਾ ਆਪਣੇ ਕੋਲ ਰੱਖ ਲਿਆ ਜਾਂਦਾ ਹੈ ਜਿਹੜਾ ਮੁੜ ਕਦੀ ਨਹੀਂ ਮਿਲਦਾ। ਕੰਵਰ ਵਿਆਹ ਕਰਵਾਉਣ ਮਗਰੋਂ ਜਦੋਂ ਵਾਪਸ ਆਸਟਰੇਲੀਆ ਤੁਰਨ ਲਗਦਾ ਹੈ ਤਾਂ ਉਸ ਦੀ ਸੱਸ ਇਕ ਲਫਾਫੇ ਵਿਚ ਤਿੰਨ ਹਜ਼ਾਰ ਡਾਲਰ ਪਾ ਕੇ ਉਸ ਦੀ ਝੋਲੀ ਵਿਚ ਪਾ ਦਿੰਦੀ ਹੈ ਫਿਰ ਵੀ ਖੁਸ਼ ਨਹੀਂ। ਗੱਲ ਕੀ! ਉਹ ਗਾਹੇ ਬ ਗਾਹੇ, ਕਿਸੇ ਨਾ ਕਿਸੇ ਢੰਗ ਨਾਲ, ਸਰਘੀ ਦੇ ਮਾਂ ਪਿਉ ਦੀ ਜੇਬ ਖਾਲੀ ਕਰਵਾਉਣ ਦਾ ਵਸੀਲਾ ਬਣਾਈ ਰਖਦੇ ਹਨ। ਜਿਵੇਂ ਵਿਆਹ ਦੀ ਪਹਿਲੀ ਲੋਹੜੀ ਦੀ ਪਾਰਟੀ ਮੁੰਡੇ ਵਾਲਿਆਂ ਵਲੋਂ ਕੀਤੀ ਜਾਂਦੀ ਹੈ ਪਰ ਹੋਟਲ ਦਾ ਸਾਰਾ ਬਿੱਲ ਕੁੜੀ ਦੇ ਮਾਪਿਆਂ ਨੂੰ ਦੇਣਾ ਪੈਂਦਾ ਹੈ। ਉਹ ਰੂੜ੍ਹੀਵਾਦੀ ਸੋਚ ਰੱਖਣਾ ਆਪਣੀ ਸ਼ਾਨ ਸਮਝਦੇ ਹਨ। ਉਹ ਇਸ ਸੋਚ ਦਾ ਪ੍ਰਗਟਾਵਾ ਕਰਨ ਤੋਂ ਸੰਕੋਚ ਨਹੀਂ ਕਰਦੇ। ਜਦੋਂ ਸਰਘੀ ਆਸਟਰੇਲੀਆ ਪਹੁੰਚ ਕੇ ਚੰਗੀ ਨੌਕਰੀ ‘ਤੇ ਵੀ ਲੱਗ ਜਾਂਦੀ ਹੈ ਅਤੇ ਅਗਲੇਰੀ ਪੜ੍ਹਾਈ ‘ਮਾਸਟਰ ਔਫ ਹੈਲਥ’ ਲਈ ਯੂਨੀਵਰਸਿਟੀ ਵਿਚ ਦਾਖਲਾ ਵੀ ਲੈ ਲੈਂਦੀ ਹੈ। ਕੰਵਰ ਸ਼ਾਇਦ ਅੰਦਰੋਂ ਹੀਣ ਭਾਵਨਾ ਦਾ ਸ਼ਿਕਾਰ ਹੈ, ਉਹ ਉਸ ਨੂੰ ਆਪਣੀ ਪੜ੍ਹਾਈ ਤੇ ਨੌਕਰੀ ਛੱਡਣ ਲਈ ਬਹੁਤ ਤੰਗ ਕਰਦਾ ਹੈ। ਸਰਘੀ ਕਿਸੇ ਸੂਰਤ ਵੀ ਇਹ ਛੱਡਣ ਲਈ ਤਿਆਰ ਨਹੀਂ, ਉਹ ਆਪਣੀ ਮਾਂ ਨੂੰ ਇਸ ਬਾਰੇ ਦਸਦੀ ਹੈ ਤਾਂ ਉਸ ਦੇ ਮਾਂ ਬਾਪ ਕੰਵਰ ਦੇ ਮਾਂ ਪਿਉ ਕੋਲ ਬੇਨਤੀ ਕਰਦੇ ਹਨ ਕਿ ਉਹ ਉਸ ਨੂੰ ਸਮਝਾਉਣ ਕਿ ਉਹ ਇਸ ਤਰ੍ਹਾਂ ਕੁੜੀ ਨੂੰ ਤੰਗ ਨਾ ਕਰੇ। ਪਿਉ ਮੁੰਡੇ ਨੂੰ ਸਮਝਾਉਣ ਬਾਰੇ ਕਹਿਣ ਦੀ ਥਾਂ ਕਹਿੰਦਾ ਹੈ, “ਓ ਜੀ! ਅੱਜ-ਕੱਲ੍ਹ ਕੁੜੀਆਂ ਪੜ੍ਹ ਜ਼ਿਆਦਾ ਗਈਆਂ, ਦੂਜਿਆਂ ਨੂੰ ਕੁਝ ਸਮਝਦੀਆ ਈ ਨਹੀਂ। ਇਹ ਮੇਲ ਡੌਮੀਨੇਟਿਡ ਸੁਸਾਇਟੀ ਐ, ਆਪਣੇ ਆਦਮੀ ਦੀ ਤਾਂ ਮੰਨਣੀ ਹੀ ਪੈਂਦੀ ਐ। ਆਪਣੀ ਖੁਸ਼ੀ ਨਾਲ ਉਹ ਜਿੰਨੀ ਮਰਜ਼ੀ ਅਜ਼ਾਦੀ ਦੇ ਦੇਵੇ।” ਅਜੇਹੀ ਸੋਚ ਦਾ ਮਾਲਕ ਹੈ ਕੰਵਰ ਦਾ ਪਿਉ! ਫਿਰ ਪੁੱੱਤਰ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਰਘੀ ਪ੍ਰਤੀ ਆਪਣਾ ਰਵੱਈਆ ਤਬਦੀਲ ਕਰੇਗਾ! ਮਾਂ ਲਈ ਤਾਂ ਉਹਦਾ ਪੁੱਤਰ ਮਹਾਂ ਸ਼ਰੀਫ ਹੈ ਤਾਂ ਹੀ ਤਾਂ ਉਹ ਕਹਿੰਦੀ ਹੈ, “ਸਾਡਾ ਪੁੱਤਰ ਤਾਂ ਨਿਰਾ ਗਊ ਐ, ਭੈਣ ਜੀ!”
ਉਸੇ ਦਿਨ ਹੀ ਉਹ ਸਰਘੀ ਦੇ ਮਾਂ ਪਿਉ ਨਾਲ ਹੋਈ ਗੱਲ ਬਾਤ ਨੂੰ ਵਧਾ ਚੜ੍ਹਾ ਕੇ ਕੰਵਰ ਨੂੰ ਦੱਸ ਕੇ ਹੋਰ ਭੜਕਾ ਦਿੰਦੇ ਹਨ। ਜਿਸ ਕਾਰਨ ਉਹ ਸਰਘੀ ਦੀ ਜਾਨ ਨੂੰ ਹੋਰ ਸੂਲੀ ‘ਤੇ ਟੰਗ ਦਿੰਦਾ ਹੈ। ਕੰਵਰ ਆਸਟਰੇਲੀਆ ਪੜ੍ਹਨ ਦੇ ਆਧਾਰ ‘ਤੇ ਆਇਆ ਸੀ। ਉਸ ਦਾ ਕਹਿਣਾ ਹੈ ਕਿ ਉਸ ਨੇ ਕੰਪਿਊਟਰ ਇੰਜਨੀਅਰ ਦਾ ਕੋਰਸ ਕਰ ਕੇ ‘ਮਾਸਟਰ ਇਨ ਇਨਫਰਮੇਸ਼ਨ’ ਦੀ ਡਗਰੀ ਕੀਤੀ ਹੈ ਭਾਵੇਂ ਕਿ ਉਸ ਦੀਆਂ ਡਿਗਰੀਆ ਕਿਸੇ ਦੇਖੀਆਂ ਨਹੀਂ। ਉਹ ਆਪਣੀ ਹਉਮੈਂ ‘ਚ ਗਰੱਸਿਆ ਕੰਮ ਕਰਨ ਤੋਂ ਸਦਾ ਟਾਲ਼ਾ ਵਟਦਾ ਹੈ ਪਰ ਲੋਕਾਂ ‘ਚ ਦਿਖਾਵਾ ਕਰਦਾ ਹੈ ਕਿ ਉਸ ਦੀ ਕੀਤੀ ਹੋਈ ਪੜ੍ਹਾਈ ਅਨਸਾਰ ਉਸ ਨੂੰ ਨੌਕਰੀ ਨਹੀਂ ਮਿਲਦੀ, ਇਸ ਕਾਰਨ ਉਸ ਨੂੰ ਟੈਕਸੀ ਚਲਾਉਣੀ ਪੈ ਰਹੀ ਹੈ। ਟੈਕਸੀ ਚਲਾਉਣ ਦਾ ਵੀ ਢਕਵੰਜ ਕਰਦਾ ਹੈ ਪਰ ਚਲਾਉਂਦਾ ਨਹੀਂ। ਵਿਹਲਾ ਬੈਠ ਕੇ ਖਾਂਦਾ ਹੈ। ਵਿਹਲੇ ਰਹਿਣ ਕਾਰਨ ਹੀ ਸ਼ਾਇਦ ਉਹ ਸੂਗਰ ਤੇ ਬਵਾਸੀਰ ਜਿਹੀਆਂ ਬਿਮਾਰੀਆਂ ਵਿਚ ਗਰੱਸਿਆ ਗਿਆ ਹੈ ਪਰ ਸਰਘੀ ਨੂੰ ਪਤਾ ਨਹੀਂ ਲੱਗਣ ਦਿੰਦਾ। ਇਸ ਦੇ ਉਲਟ ਉਹ ਸਰਘੀ ਨੂੰ ਸ਼ਬਦਾਂ ਦੇ ਤੀਰਾਂ ਨਾਲ ਵਿਨ੍ਹਦਾ ਰਹਿੰਦਾ ਹੈ, ਤਾਂ ਜੋ ਉਹ ਉਸ ਵਿਹਲੜ ਨੂੰ ਕੁਝ ਕਹਿ ਨਾ ਸਕੇ। ਉਸ ਨੇ ਸਰਘੀ ਉਪਰ ਇਥੋਂ ਤਕ ਬੰਦਸ਼ਾਂ ਲਾ ਦਿੱਤੀਆਂ ਹਨ ਕਿ ਨਾ ਕੋਈ ਉਸ ਦਾ ਸਾਕ ਸਬੰਧੀ ਉਸ ਨੂੰ ਮਿਲਣ ਆਏ ਤੇ ਨਾ ਹੀ ਕੋਈ ਉਸ ਨੂੰ ਫੋਨ ਕਰੇ। ਅਜੇਹਾ ਕਰਨ ਲਈ ਸ਼ਾਇਦ ਉਸ ਨੂੰ ਉਹਦੇ ਮਾਪਿਆਂ ਵਲੋਂ ਉਤਸਾਹ ਮਿਲ ਰਿਹਾ ਹੈ। ਕੰਵਰ ਦਾ ਅਜੇਹਾ ਕਿਰਦਾਰ ਹੀ ਉਹਨਾਂ ਦੀ ਗ੍ਰਹਿਸਥੀ ਦੀ ਬੇੜੀ ਵਿਚ ਵਿੱਟੇ ਪਾ ਰਿਹਾ ਹੈ। ਸਹਿਣਸ਼ੀਲ ਸਰਘੀ ਹਰ ਯਤਨ ਕਰਦੀ ਰਹੀ ਹੈ ਕਿ ਇਹ ਬੇੜੀ ਡੁੱਬ ਨਾ ਜਾਵੇ। ਅਖੀਰ ਜਦੋਂ ਉਸ ਦਾ ਹਰ ਯਤਨ ਅਸਫਲ ਹੁੰਦਾ ਰਿਹਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੇ ਜ਼ਫਰਨਾਮੇ ਦਾ ਇਹ ਸ਼ਿਅਰ ਹੀ ਉਸ ਕੰਮ ਆਇਆ, “ਚੂੰਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ। ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ।” ਅਖੀਰ ਉਸ ਨੇ ਬਗਾਵਤ ਦਾ ਝੰਡਾ ਚੁੱਕ ਹੀ ਲਿਆ।
ਲੇਖਕ ਪਾਠਕ ਉਪਰ ਆਪਣਾ ਪ੍ਰਭਾਵ ਸਿਰਜਣ ਲਈ ਆਪਣੀ ਰਚਨਾ ਵਿਚ ਦੋ ਢੰਗਾਂ ਦੀ ਵਰਤੋਂ ਕਰਦਾ ਹੈ, ‘ਹਾਂ-ਵਾਚੀ’ ਜਾਂ ‘ਨਾਂਹ-ਵਾਚੀ’। ਪਹਿਲਾ ਢੰਗ ਹੈ ਕਿ ਲੇਖਕ ਆਪਣੀ ਰਚਨਾ ਦਾ ਚੰਗਾ ਪੱਖ ਦਰਸਾ ਕੇ ਪਾਠਕ ਨੂੰ ਚੰਗੇ ਪਾਸੇ ਤੋਰਨ ਲਈ ਪ੍ਰੇਰਤ ਕਰਦਾ ਹੈ। ਦੂਜਾ ਢੰਗ ਇਹ ਹੈ ਕਿ ਲੇਖਕ ਰਚਨਾ ਦਾ ਮਾੜਾ ਪੱਖ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਪਾਠਕ ਉਸ ਪਾਸੇ ਤੁਰਨ ਤੋਂ ਗੁਰੇਜ਼ ਕਰੇ। ਡਾਕਟਰ ਸਿੱਧੂ ਨੇ ਇਸ ਨਾਵਲ ਵਿਚ ‘ਨਾਂਹ-ਵਾਚੀ’ ਢੰਗ ਵਰਤਿਆ ਹੈ। ਨਾਵਲ ਪੜ੍ਹਦਿਆਂ ਜਿੱਥੇ ਪਾਠਕ ਨੂੰ ਕੰਵਰ ਤੇ ਉਸ ਦੇ ਮਾਪਿਆਂ ਨਾਲ ਨਫਰਤ ਪੈਦਾ ਹੁੰਦੀ ਹੈ ਓਥੇ ਸਰਘੀ ਨਾਲ ਹਮਦਰਦੀ ਉਪਜਦੀ ਹੈ। ਜੇ ਪਾਠਕ ਮਰਦ ਹੈ ਤਾਂ ਉਹ ਭੈੜੇ ਪਾਤਰਾਂ ਵਰਗਾ ਨਹੀਂ ਬਣਨਾ ਚਾਹੇਗਾ ਅਤੇ ਜੇ ਇਸਤਰੀ ਪਾਠਕ ਹੈ ਤਾਂ ਉਹ ਸਰਘੀ ਵਾਂਗ ਅਨਿਆ ਸਹਿਣ ਕਰਨਾ ਨਹੀਂ ਚਾਹੇਗੀ। ਸੋ ਨਾਵਲ ਸਿੱਧੇ ਜਾਂ ਅਸਿੱਧੇ ਢੰਗ ਨਾਲ ਪਾਠਕ ਉਪਰ ਚੰਗਾ ਪ੍ਰਭਾਵ ਛਡਦਾ ਹੈ।
ਨਾਵਲ ਪੜ੍ਹਨ ਸਮੇਂ ਪਾਠਕ ਚਾਹੁੰਦਾ ਹੈ ਕਿ ਉਹ ਅਜਿਹਾ ਨਾਵਲ ਪੜ੍ਹੇ, ਜਿਸ ਦੀ ਕਹਾਣੀ ਦਾ ਵਿਸ਼ਾ, ਪਲਾਟ, ਗੋਂਦ, ਪਾਤਰ ਉਸਾਰੀ, ਬੋਲੀ, ਸ਼ਬਦਾਵਲੀ, ਬ੍ਰਿਤਾਂਤ, ਸੰਵਾਦ, ਦ੍ਰਿਸ਼ ਚਿੱਤਰਣ ਰੌਚਿਕ ਤੇ ਜਾਣਕਾਰੀ ਭਰਪੂਰ ਹੋਵੇ। ਡਾਇਰੀ ਦਾ ਪਹਿਲਾ ਪੰਨਾ ਪੜ੍ਹਨ ‘ਤੇ ਹੀ ਪਾਠਕ ਦੀ ਨਾਵਲ ਪੜ੍ਹਨ ਵਿਚ ਉਤਸਕਤਾ ਪੈਦਾ ਹੋ ਜਾਂਦੀ ਹੈ, ਜਦੋਂ ਵਿਆਹ ਮਗਰੋਂ ਧੀ ਪਹਿਲੀ ਵਾਰ ਆਪਣੇ ਪੇਕੇ ਘਰ ਆਉਂਦੀ ਹੈ ਤਾਂ ਧੀ ਦਾ ਉਤਰਿਆ ਚਿਹਰਾ ਦੇਖ ਕੇ ਫਿਕਰਮੰਦ ਹੋਈ ਮਾਂ ਦੇ ਪੁੱਛਣ ‘ਤੇ ਧੀ ਕਹਿੰਦੀ ਹੈ, “ਮੈਂ ਤੇਰੇ ਘਰ ਆਖਿਰੀ ਹਾਸਾ ਹੱਸ ਗਈ ਮਾਂ੩!” ਪਾਠਕ ਸੋਚਣ ਲਗਦਾ ਹੈ ਕਿ ਕੁੜੀਆਂ ਤਾਂ ਵਿਆਹ ਬਾਰੇ ਅਨੇਕ ਹਸਰਤਾਂ ਤੇ ਨਵਜੀਵਨ ਦੇ ਸੁਪਨੇ ਸੰਜੋਈ ਸਹੁਰੇ ਘਰ ਜਾਂਦੀਆਂ ਹਨ। ਏਥੇ ਅਜੇਹਾ ਕੀ ਭਾਣਾ ਵਾਪਰ ਗਿਆ ਕਿ ਵਿਆਹ ਦੇ ਪਹਿਲੇ ਦਿਨਾਂ ਵਿਚ ਹੀ ਕੁੜੀ ਦੇ ਹਾਸੇ ਖੁੱਸ ਗਏ। ਪਾਠਕ ਜਾਣਨ ਲਈ ਉਤਸੁਕ ਹੋ ਜਾਂਦਾ ਹੈ ਕਿ ਅਗਾਂਹ ਕੀ ਹੋਵੇਗਾ! ਜਿਉਂ ਜਿਉਂ ਨਾਵਲ ਅਗਾਂਹ ਤੁਰਦਾ ਹੈ ਪਾਠਕ ਦੀ ਜਗਿਆਸਾ ਬਣੀ ਰਹਿੰਦੀ ਹੈ ਕਿ ਕੁੜੀ ਦੀ ਸਹਿਣਸ਼ੀਲਤਾ ਕਦੋਂ ਜਵਾਬ ਦਿੰਦੀ ਹੈ ਤੇ ਉਹ ਕਦੋਂ ਬਗਾਵਤ ਦਾ ਝੰਡਾ ਚੁਕਦੀ ਹੈ!
ਨਾਵਲ ਦੇ ਤਕਰੀਬਨ ਸਾਰੇ ਪਾਤਰ ਹੀ ਆਪਣੇ ਕਿਰਦਾਰ ਨੂੰ ਬਖੂਬੀ ਨਿਭਾਉਂਦੇ ਹਨ। ਮਾਹੌਲ, ਸਮੇਂ ਤੇ ਪ੍ਰਸਥਿਤੀਆਂ ਅਨੁਸਾਰ ਸਭ ਦੇ ਸੁਭਾਅ ਚਿਤਰੇ ਗਏ ਹਨ। ਰੂੜ੍ਹੀਵਾਦੀ ਪਰਿਵਾਰ ਵਿਚ ਪਲ਼ਿਆ ਕੰਵਰ ਔਰਤ ਨੂੰ ਦੁਜੈਲੇ ਦਰਜੇ ਦੀ ਸਮਝਦਾ ਹੋਇਆ ਆਮ ਔਰਤਾਂ ਨਾਲ ਦੁਰਵਿਵਹਾਰ ਕਰਦਾ ਹੈ। ਉਸ ਦੇ ਉਲਟ ਸਰਘੀ ਦੀ ਜਿਸ ਮਾਹੌਲ ਵਿਚ ਪਰਵਰਿਸ਼ ਹੋਈ ਹੈ ਉਹ ਹਰ ਔਕੜ ਨੂੰ ਸਹਿਣ ਕਰਨ ਦੀ ਸਮਰੱਥਾ ਰਖਦੀ ਹੈ। ਬਾਕੀ ਪਾਤਰ ਵੀ ਯਥਾਰਥ ਕਿਰਦਾਰ ਦੇ ਧਾਰਨੀ ਹਨ। ਨਾਵਲ ਦੀ ਬੋਲੀ ਤੇ ਸ਼ਬਦਾਵਲੀ ਕਾਵਿਕ, ਬਿੰਬ, ਪ੍ਰਤੀਕਾਂ, ਮੁਹਾਵਰਿਆਂ ਤੇ ਅਖੌਤਾਂ ਨਾਲ ਸ਼ਿੰਗਾਰੀ ਹੋਈ ਹੈ। ਸ਼ਿਅਰਾਂ, ਕਵਿਤਾਵਾਂ ਤੇ ਗੀਤਾਂ ਦੀਆਂ ਟੂਕਾਂ ਵਰਤ ਕੇ ਨਾਵਲ ਵਿਚ ਹੋਰ ਰੌਚਕਤਾ ਪੈਦਾ ਕੀਤੀ ਗਈ ਹੈ। ਬੋਲੀ ਵਿਚੋਂ ਕਵਿਤਾ ਦੀ ਮਹਿਕ ਆਉਂਦੀ ਹੈ। ਵੰਨਗੀ; ‘ਕਈ ਵਾਰ ਗ਼ਲਤਫਹਿਮੀਆਂ ਦੀ ਆਹਣ ਖੁਸ਼ੀਆਂ ਦੇ ਲਵੇ ਲਵੇ ਪੱਤੇ ਚਰ ਜਾਇਆ ਕਰਦੀ ਹੈ। ਪਰ ਫਿਰ ਵਕਤ ਨਾਲ ਸਾਰੇ ਖੇਤ ਹਰੇ ਭਰੇ ਵੀ ਤਾਂ ਹੋ ਜਾਇਆ ਕਰਦੇ ਹਨ।’ ਜਾਂ ‘ਸਲੀਕੇ ਦੇ ਸੰਗਲਾਂ ਨੇ ਜਕੜ ਲਿਆ ਹੈ।’ ਬਹੁਤੇ ਨਾਵਲ ਬਰਤਾਨੀਆ, ਕੈਨੇਡਾ ਤੇ ਅਮਰੀਕਾ ਨਾਲ ਸਬੰਧਤ ਹਨ ਪਰ ਡਾਕਟਰ ਸਿੱਧੂ ਦਾ ਨਾਵਲ ਪੰਜਾਬ ਦੀ ਧਰਤੀ ਤੋਂ ਸਫਰ ਕਰਦਾ, ਅਸਟਰੇਲੀਆ ਦੀ ਧਰਤੀ ‘ਤੇ ਵਿਚਰਦਾ ਹੋਇਆ ਕੈਨੇਡਾ ਪਹੁੰਚ ਜਾਂਦਾ ਹੈ। ਨਾਵਲ ਵਿਚੋਂ ਆਸਟਰੇਲੀਆ ਦੇ ਕੁਝ ਗੋਰੇ ਕਿਰਦਾਰਾਂ ਦੇ ਸੁਭਾਅ ਤੋ ਜਾਣੂ ਹੋਣ ਦੇ ਨਾਲ ਨਾਲ ਓਥੋਂ ਦੇ ਰਹਿਣ ਸਹਿਣ, ਸਾਮਜਿਕ ਤੇ ਸੱਭਿਆਚਾਰ ਦੀ ਝਲਕ ਵੀ ਮਿਲਦੀ ਹੈ। ਪਾਠਕ ਨੂੰ ਇਸ ਨਾਵਲ ਵਿਚੋਂ ਮਨੋਰੰਜਨ ਦੇ ਨਾਲ ਨਾਲ ਹੋਰ ਵੀ ਬੜਾ ਕੁਝ ਜਾਣਨ ਤੇ ਸਮਝਣ ਲਈ ਮਿਲਦਾ ਹੈ। ਡਾਕਟਰ ਸਿੱਧੂ ਕੋਲੋਂ ਹੋਰ ਨਾਵਲ ਲਿਖਣ ਦੀ ਆਸ ਨਾਲ ਇਸ ਨਾਵਲ ਲਈ ਮੁਬਾਰਕਬਾਦ!