Headlines

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਦਾ ਖ਼ਾਸ ਮਾਮਲਾ ਬੇਨਕਾਬ

    ਮਾਨ ਸਰਕਾਰ ਲਈ ਆਪਣਾ ਮਾਣ ਬਚਾਉਣਾ ਔਖਾ

ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਇਕ, ਬਹੁਤ ਹੀ ਹੌਲਨਾਕ ਵਿਡੀਓ ਸਾਹਮਣੇ ਆਉਣ ਨਾਲ਼, ਪੰਜਾਬ ਦੀ ਭਗਵੰਤ ਮਾਨ ਸਰਕਾਰ ਬਹੁਤ ਕਸੂਤੀ ਫਸਦੀ ਦਿਸਦੀ ਹੈ। ਇਸ ਵਿਡੀਓ ਵਿਚ ਇਕ ਵਿਅਕਤੀ, ਜੋ ਲਾਲ ਚੰਦ ਕਟਾਰੂ ਚੱਕ ਸਮਝਿਆ ਜਾ ਰਿਹਾ ਹੈ, ਇਕ ਨੌਜੁਆਨ ਨਾਲ਼ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਿਹਾ ਹੈ। ਖ਼ਬਰਾਂ ਵਿਚ ਆ ਚੁੱਕਾ ਹੈ ਕਿ ਕਿਸ ਤਰ੍ਹਾਂ ਇਸ ਮਾਮਲੇ ਦਾ ਵਿਡੀਓ ਟੇਪ ਪੰਜਾਬ ਦੇ ਇਕ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਹਿਲੀ ਮਈ ਨੂੰ, ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਕੇ, ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੋਈ ਹੈ। ਗਵਰਨਰ ਨੇ ਇਸ ਵਿਡੀਓ ਦੀ ਫਾਰੈਂਸਿਕ ਜਾਂਚ ਕਰਾ ਕੇ, ਉਸ ਦੀ ਰਿਪੋਰਟ, ਅਗਲੀ ਕਾਰਵਾਈ ਖ਼ਾਤਰ ਪੰਜਾਬ ਸਰਕਾਰ ਨੂੰ ਦੇ ਦਿੱਤੀ ਹੈ। ਕੁੱਝ ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਇਸ ਰਿਪੋਰਟ ਵਿਚ ਮਾਹਰਾਂ ਨੇ ਇਹ ਤਸਦੀਕ ਕਰ ਦਿੱਤਾ ਹੋਇਆ ਹੈ ਕਿ ਇਸ ਵਿਡੀਓ ਵਿਚ ਦਿਸਦੇ ਅਕਸਾਂ ਨਾਲ਼ ਛੇੜ-ਛਾੜ ਕਰਨ ਦਾ ਕੋਈ ਹੀਲਾ ਨਹੀਂ ਕੀਤਾ ਗਿਆ ਤੇ ਇਸ ਵਿਡੀਓ ਵਿਚ ਜੋ ਕੁੱਝ ਦਿਸਦਾ ਹੈ, ਉਹ ਮੂਲ਼ੋਂ ਹੀ ਸਹੀ ਹੈ। ਇਸ ਤੋਂ ਪਹਿਲਾਂ, ਅਨੁਸੂਚਿਤ ਜਾਤੀਆਂ ਦੇ ਕੌਮੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਸ ਮੁਖੀ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਇਸ ਵਿਡੀਓ ਟੇਪ ਨਾਲ਼ ਸਬੰਧਤ ਮਾਮਲੇ ਦੀ ਜਾਂਚ ਕਰਾਉਣ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਇਸ ਕਾਂਡ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਸੁਰੱਖਿਆ ਦਿੱਤੀ ਜਾਵੇ ਕਿਉਂ ਕਿ ਉਸ ਨੇ ਇਕ ਹੋਰ ਵਿਡੀਓ ਰਾਹੀਂ ਇਹ ਬਿਆਨ ਦੇ ਦਿੱਤਾ ਹੈ ਕਿ ਸਬੰਧਤ ਮੰਤਰੀ ਨੇ ਉਸ ਨੂੰ ਨੌਕਰੀ ਦੇਣ ਬਦਲੇ, ਆਪਣੇ ਨਾਲ਼ ਬਦਫੈਲੀ ਕਰਾਉਣ ਲਈ ਮੰਨਣ ਵਾਸਤੇ ਮਜਬੂਰ ਕੀਤਾ ਸੀ। ਹੁਣ ਇਹ ਦੇਖਣਾ ਬਾਕੀ ਹੈ ਕਿ ਮਾਨ ਸਰਕਾਰ ਆਪਣਾ ਮਾਣ ਬਚਾਉਣ ਲਈ ਆਪਣੇ ਮੰਤਰੀ ਦੀ ਸਿਆਸੀ ਬਲ਼ੀ ਲੈਂਦੀ ਹੈ ਜਾਂ ਕੋਈ ਹੋਰ ਪੈਂਤਰਾ ਘੜਦੀ ਹੈ। ਅਨੁਸੂਚਿਤ ਜਾਤੀ ਕਮਿਸ਼ਨ ਦੇ ਮੁਖੀ ਵਿਜੇ ਸੈਂਪਲਾ ਨੇ ਪੰਜਾਬ ਸਰਕਾਰ ਨੂੰ ਇਹ ਚਿਤਾਉਣੀ ਵੀ ਦਿੱਤੀ ਹੈ ਕਿ ਜੇ ਕਮਿਸ਼ਨ ਦੀਆਂ ਹਦਾਇਤਾਂ ਉੱਤੇ, ਮਿੱਥੇ ਸਮੇਂ ਵਿਚ ਲੋੜੀਂਦਾ ਅਮਲ ਨਾ ਕੀਤਾ ਗਿਆ ਤਾਂ ਇਹ ਕਮਿਸ਼ਨ, ਭਾਰਤ ਦੇ ਸੰਵਿਧਾਨ ਦੀ ਧਾਰਾ 338 ਅਧੀਨ ਮਿਲੇ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ, ਇਕ ਸਿਵਲ ਅਦਾਲਤ ਵਾਲ਼ੀਆਂ ਤਾਕਤਾਂ ਵਰਤਣ ਲਈ ਮਜਬੂਰ ਹੋਵੇਗਾ ਤੇ ਸਬੰਧਤ ਅਧਿਕਾਰੀਆਂ ਨੂੰ ਦਿੱਲੀ ‘ਚ ਆਪਣੇ ਸਾਹਮਣੇ ਤਲਬ ਕਰ ਲਵੇਗਾ।
‘ਜੋੜੀ’ ਸ਼ਾਮ ਨੂੰ ਰਿਲੀਜ਼ ਹੋਈ
ਕੁੱਝ ਕਾਨੂੰਨੀ ਅੜਚਣਾਂ ਦੀ ਵਜ੍ਹਾ ਨਾਲ਼, ਗਾਇਕ ਅਮਰ ਸਿੰਘ ‘ਚਮਕੀਲਾ’ ਦੀ ਜ਼ਿੰਦਗੀ ਦੇ ਆਧਾਰ ‘ਤੇ ਬਣਾਈ ਗਈ ਸਮਝੀ ਜਾਂਦੀ ਫ਼ਿਲਮ ‘ਜੋੜੀ’, 5 ਮਈ ਨੂੰ ਰਿਲੀਜ਼ ਕਰਨਾ ਮੁਲਤਵੀ ਕਰ ਕੇ, ਫਿਰ ਇਹ ਫ਼ਿਲਮ ਉਸੇ ਹੀ ਦਿਨ ਰਿਲੀਜ਼ ਤਾਂ ਕਰ ਦਿੱੱਤੀ ਗਈ, ਪਰ ਇਹ ਕੰਮ, ਉਸ ਦਿਨ ਸ਼ਾਮ ਨੂੰ ਹੋਇਆ। ਇਸ ਵਜ੍ਹਾ ਨਾਲ਼ ਇਹ ਫ਼ਿਲਮ, ਦਿਨ ਦੇ ਸ਼ੋਜ਼ ਵਿਚ ਦਿਖਾਈ ਨਾ ਜਾ ਸਕਣ ਦੇ ਸਬੰਧ ਵਿਚ, ਇਸ ਫ਼ਿਲਮ ਦੇ ਨਾਇਕ ਦੀ ਭੂਮਿਕਾ ਨਿਭਾਉਣ ਵਾਲ਼ੇ ਅਦਾਕਾਰ ਦਿਲਜੀਤ ਦੁਸਾਂਝ ਨੇ ਲੋਕਾਂ ਤੋਂ ਮੁਆਫ਼ੀ ਮੰਗੀ। ਉਸ ਨੇ ਆਪਣੇ ਇੰਸਟਗ੍ਰਾਮ ਅਕਾਊਂਟ ਰਾਹੀਂ ਭੇਜੇ ਇਕ ਸੁਨੇਹੇ ਵਿਚ ਕਿਹਾ ਹੈ ਕਿ ਉਹ, ਇਹ ਫ਼ਿਲਮ ਮਿੱਥੇ ਹੋਏ ਸਮੇਂ ਰਿਲੀਜ਼ ਕਰਨ ਵਿਚ ਅੜਿੱਕਾ ਪੈਣ ‘ਤੇ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗਦਾ ਹੈ। ਇਹ ਅੜਿੱਕਾ ਕਿਉਂ ਪਿਆ, ਇਸ ਦੀ ਬਹੁਤੀ ਅਹਿਮੀਅਤ ਨਹੀਂ ਹੈ, ਅਹਿਮੀਅਤ ਇਸ ਗੱਲ ਦੀ ਹੈ ਕਿ ਅੜਿੱਕੇ ਪੈਣ ਦੇ ਬਾਵਜੂਦ ਇਹ ਫ਼ਿਲਮ ਰਿਲੀਜ਼ ਹੋ ਗਈ ਤੇ ਮਾਮੂਲੀ ਦੇਰ-ਸਵੇਰ ਹੋ ਜਾਣਾ ਮਾਮੂਲੀ ਗੱਲ ਹੀ ਹੈ। ਇੱਥੇ ਦੱਸ ਦੇਣਾ ਜ਼ਰੂਰੀ ਹੈ ਕਿ ਫ਼ਿਲਮ ‘ਜੋੜੀ’ 5 ਮਈ ਨੂੰ ਰਿਲੀਜ਼ ਕਰਨ ਦਾ ਐਲਾਨ ਜੀਤਾ ਹੋਇਆ ਸੀ, ਪਰ 3 ਮਈ ਨੂੰ ਲੁਧਿਆਣਾ ਦੀ ਇਕ ਅਦਾਲਤ ਨੇ, ‘ਜੋੜੀ ਤੇਰੀ ਮੇਰੀ’ ਸਿਰਲੇਖ ਬਣੀ ਹੋਈ ਫ਼ਿਲਮ, ਜੋ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਜ਼ਿੰਦਗੀ ਦੇ ਆਧਾਰ ‘ਤੇ ਬਣੀ ਹੋਈ ਦੱਸੀ ਗਈ ਸੀ, ਰਿਲੀਜ਼ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਸਿਵਲ ਜੱਜ (ਜੂਨੀਅਰ ਡਿਵੀਜਨ) ਕਰਨਦੀਪ ਕੌਰ ਨੇ ਫ਼ਿਲਮ ਦੇ ਕਲਾਕਾਰਾਂ ਦਿਲਜੀਤ ਦੁਸਾਂਝ, ਨਿਮਰਤ ਖਹਿਰਾ, ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ ਅਤੇ ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰ. ਲਿ. ਦੇ ਕਾਰਜ ਗਿੱਲ ਨੂੰ ਤੇ ਦਲਜੀਤ ਮੋਸ਼ਨ ਫ਼ਿਲਮਜ਼ ਦੇ ਦਲਜੀਤ ਥਿੰਦ ਨੂੰ ਇਸ ਮਾਮਲੇ ਦੀ ਅਗਲੀ ਪੇਸ਼ੀ, ਜੋ 8 ਮਈ ਨੂੰ ਹੋਣੀ ਸੀ, ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕਰਨ ਦਾ ਹੁਕਮ ਦੇ ਦਿੱਤਾ ਸੀ।
ਤ੍ਰਯੰਬਕ ਨੇ ਭੁਲਾ ਦਿੱਤਾ ਦਾਦਾ ਸਾਹਿਬ ਫਾਲਕੇ ਨੂੰ
   ਢੁੰਡੀਰਾਜ ਗੋਵਿੰਦ ਫਾਲਕੇ ਉਰਫ਼ ਡੀ. ਜੀ, ਫਾਲਕੇ ਉਰਫ਼ ਦਾਦਾ ਸਾਹਿਬ ਫਾਲਕੇ ਨੇ ‘ਰਾਜਾ ਹਰੀਸ਼ ਚੰਦਰ’ ਫ਼ਿਲਮ ਬਣਾ ਕੇ ਭਾਰਤ ਵਿਚ ਫ਼ਿਲਮ ਸਨਅਤ ਦੀ ਨੀਂਹ ਰੱਖੀ ਸੀ। ਸ਼੍ਰੀ ਫਾਲਕੇ, ਨਾਸਿਕ ਤੋਂ 27 ਕਿਲੋ ਮੀਟਰ ਦੂਰ ਤ੍ਰਯੰਬਕ ਦੇ ਰਹਿਣ ਵਾਲ਼ੇ ਸਨ ਤੇ ਉੱਥੇ ਹੀ ਉਨ੍ਹਾਂ ਦਾ ਜਨਮ ਹੋਇਆ ਸੀ। ਇਹ ਫ਼ਿਲਮ 3 ਮਈ, 1913 ਨੂੰ ਰਿਲੀਜ਼ ਕੀਤੀ ਗਈ ਸੀ। ਇਸੇ ਲਈ ਭਾਰਤੀ ਫ਼ਿਲਮ ਸਨਅਤ ਵਿਚ ਸਭ ਤੋਂ ਵੱਡਾ ਇਨਾਮ ‘ਦਾਦਾ ਸਾਹਿਬ ਫਾਲਕੇ ਇਨਾਮ’ ਹੈ। ਅੱਜ ਤ੍ਰਯੰਬਕ ਵਿਚ ਉਨ੍ਹਾਂ ਨੂੰ ਕੋਈ ਵੀ ਜਾਣਦਾ ਨਹੀਂ ਹੈ। ਉਨ੍ਹਾਂ ਦੇ ਜੱਦੀ ਸ਼ਹਿਰ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ ਹੈ। ਉੱਥੇ ਉਨ੍ਹਾਂ ਦੀ ਇਕ ਯਾਦਗ਼ਾਰ ਜ਼ਰੂਰ ਬਣੀ ਹੋਈ ਹੈ, ਪਰ ਉਸ ਦੀ ਜੋ ਹਾਲਤ ਹੈ, ਉਹ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਵੀ ਕੁੱਝ ਹੀ ਸਮੇਂ ਵਿਚ ਖੁਰਦ-ਬੁਰਦ ਹੋ ਜਾਏਗੀ। ‘ਗੂਗਲ’ ਉੱਤੇ ਪਈਆਂ ਕੁੱਝ ਤਸਵੀਰਾਂ ਹੀ ਦਾਦਾ ਸਾਹਿਬ ਫਾਲਕੇ ਦੀਆਂ ਨਿਸ਼ਾਨੀਆਂ ਹੋਣਗੀਆਂ। ਦਾਦਾ ਸਹਿਬ ਦੇ ਦੋਹਤੇ ਚੰਦਰ ਸ਼ੇਖਰ ਪੁਸਾਲਕਰ ਦਾ ਕਹਿਣ ਹੈ ਕਿ ਆਪਣੇ ਆਖ਼ਰੀ ਸਮੇਂ ਦਾਦਾ ਸਾਹਿਬ, ਇਕ-ਇਕ ਬੁਰਕੀ ਨੂੰ ਤਰਸਦੇ ਰਹੇ ਸਨ। ਸਰਕਾਰ ਨੇ ਉਨ੍ਹਾਂ ਦਾ ਫ਼ਿਲਮਸਾਜ਼ੀ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਉਨ੍ਹਾਂ ਨੂੰ ਇਸ ਦਾ ਬਹੁਤ ਸਦਮਾ ਹੋਇਆ ਸੀ ਤੇ ਉਹ ਇਸ ਤੋਂ ਦੋ ਦਿਨ ਮਗਰੋਂ ਹੀ ਚਲ ਵਸੇ ਸਨ। ਉਨ੍ਹਾਂ ਦੇ ਜਨਮ ਸਥਾਨ ਦੇ ਨੇੜੇ ਬਣੇ ਹੋਏ ਇਕ ਹੋਟਲ ਦੀ ਰਿਸੈਪਸ਼ਨ ਵਿਚ ਲੱਗੀ ਹੋਈ ਉਨ੍ਹਾਂ ਦੀ ਤਸਵੀਰ ਹੀ ਉਨ੍ਹਾਂ ਦੇ ਜੱਦੀ ਘਰ ਦੀ ਨਿਸ਼ਾਨੀ ਹੈ।

 

ਤਲਾਕ ਲਈ ਉਡੀਕਾਂ ਮੁੱਕੀਆਂ
ਜੇ ਤਲਾਕ ਚਾਹੁੰਦੀਆਂ ਦੋਵੇਂ ਧਿਰਾਂ ਇਸ ਬਾਰੇ ਸਹਿਮਤ ਹਨ ਤੇ ਉਨ੍ਹਾਂ ਵਿਚਾਲ਼ੇ ਸੁਲ੍ਹਾ-ਸਫ਼ਾਈ ਹੋਣ ਦੀ ਕੋਈ ਗੁੰਜਾਇਸ਼ ਨਹੀਂ ਰਹੀ ਤਾਂ ਉਨ੍ਹਾਂ ਨੂੰ ਤਲਾਕ ਲਈ 6 ਮਹੀਨੇ ਉਡੀਕ ਕਰਨ ਦੀ ਕੋਈ ਲੋੜ ਨਹੀਂ ਰਹੀ। ਉਂਝ ਇਸ ਸਬੰਧ ਵਿਚ ਦਿੱਤੀ ਗਈ ਰੂਲਿੰਗ ਵਿਚ ਭਾਰਤ ਦੀ ਸੁਪਰੀਮ ਨੇ ਕੁੱਝ ਸ਼ਰਤਾਂ ਜ਼ਰੂਰ ਮਿੱਥੀਆਂ ਹਨ। ਇਹ ਰੂਲਿੰਗ ਸੁਪਰੀਮ ਕੋਰਟ ਦੇ ਜਸਟਿਸ ਸਰਬ ਸ਼੍ਰੀ ਸੰਜੇ ਕਿਸ਼ਨ ਕੌਲ, ਸੰਜੀਵ ਖੰਨਾ, ਏ. ਐੱਸ. ਓਕਾ, ਵਿਕਰਮ ਨਾਥ ਅਤੇ ਜੇ. ਖੇ. ਮਹੇਸ਼ਵਰੀ ‘ਤੇ ਆਧਾਰਤ ਸੰਵਿਧਾਨਕ ਬੈਂਚ ਨੇ ਦਿੱਤੀ ਹੈ। ਇਸ ਹੁਕਮ ਅਨੁਸਾਰ, ਜੇ ਪਤੀ-ਪਤਨੀ ਵਿਚਾਲ਼ੇ ਸੁਲ੍ਹਾ ਹੋਣ ਦੀ ਕੋਈ ਗੁੰਜਾਇਸ਼ ਨਾ ਰਹੀ ਹੋਵੇ ਤਾਂ ਅਦਾਲਤ ਭਾਰਤ ਦੇ ਸੰਵਿਧਾਨ ਦੀ ਧਾਰਾ 142 ਅਧੀਨ ਤਲਾਕ ਦੀ ਮਨਜ਼ੂਰੀ ਦੇ ਸਕਦੀ ਹੈ। ਇਸ ਲਈ ਪਤੀ-ਪਤਨੀ ਨੂੰ ਫੈਮਿਲੀ ਕੋਰਟ ਵਿਚ ਜਾਣ ਦੀ ਲੋੜ ਨਹੀ ਤੇ ਨਾ ਹੀ 6 ਮਹੀਨੇ ਉਡੀਕਣ ਦੀ ਲੋੜ ਹੈ। ਇਹ ਹੁਕਮ, 2014 ਵਿਚ ਦਾਇਰ ਕੀਤੇ ਹੋਏ, ਸ਼ਿਲਪਾ ਸ਼ੈਲੇਸ਼ ਬਨਾਮ ਵਰੁਣ ਸ਼੍ਰੀਨਿਵਾਸਨ ਕੇਸ ਦੇ ਹਵਾਲੇ ਨਾਲ਼ ਸੁਣਾਇਆ ਗਿਆ ਹੈ।

 

ਹਿੰਦੀ ਫ਼ਿਲਮ ਬਾਰੇ ਪੰਜਾਬੀ ਕਿਤਾਬ
ਇਕ ਬਹੁਚਰਚਿਤ ਹਿੰਦੀ ਫ਼ਿਲਮ ‘ਤੀਸਰੀ ਕਸਮ’, ਜਿਸ ਨਾਲ਼ ਹਿੰਦੀ ਸਾਹਿਤ ਤੋਂ ਫ਼ਿਲਮਾਂ ਬਣਾਉਣ ਦਾ ਰੁਝਾਨ ਸ਼ੁਰੂ ਹੋਇਆ ਸੀ, ਦੇ ਬਣਨ ਸਬੰਧੀ ਇਤਿਹਾਸ ਬਾਰੇ ਇਕ ਕਿਤਾਬ ‘ਦੋ ਗੁਲਫ਼ਾਮੋਂ ਕੀ ਤੀਸਰੀ ਕਸਮ’ ਪਟਨਾ ਦੇ ਲੇਖਕ ਅਨੰਤ ਨੇ ਬਹੁਤ ਹੀ ਦਿਲਚਸਪ ਅੰਦਾਜ਼ ਵਿਚ ਲਿਖੀ ਹੋਈ ਹੈ। ਇਸ ਕਿਤਾਬ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕਿਵੇਂ ਹਿੰਦੀ ਦੇ ਚਰਚਿਤ ਕਹਾਣੀਕਾਰ ਫਣੀਸ਼ਵਰ ਨਾਥ ਰੇਣੂ ਦੀ ਲਿਖੀ ਹੋਈ ਕਹਾਣੀ ‘ਮਾਰੇ ਗਏ ਗੁਲਫਾਮ’ ਹੱਥੋ-ਹੱਥੀ ਫ਼ਿਲਮ ਸਨਅਤ ਦੀ ਦਹਿਲੀਜ਼ ਤਕ ਪਹੁੰਚੀ ਤੇ ਕਿਵੇਂ ਫ਼ਿਲਮਾਂ ਲਈ ਗੀਤ ਲਿਖਣ ਵਾਲ਼ੇ ਸ਼ੈਲੇਂਦਰ ਨੇ ਇਸ ਕਹਾਣੀ ‘ਤੇ ਫ਼ਿਲਮ ਬਣਾਉਣ ਲਈ ਪ੍ਰੋਡਿਊਸਰ ਬਣਨਾ ਮੰਨਿਆ। ਇਸ ਕਿਤਾਬ ਵਿਚ ਹੀ ਦੱਸਿਆ ਹੋਇਆ ਹੈ ਕਿ ਰਾਜ ਕਪੂਰ ਨੇ ਇਸ ਫ਼ਿਲਮ ਵਿਚ ਕੰਮ ਕਰਨਾ ਮੰਨਣ ਲਈ ਆਪਣਾ ਮਿਹਨਤਾਨਾ ਪੇਸ਼ਗੀ ਤੇ ਇਕੋ ਵਾਰ ਅਦਾ ਕਰਨ ਦੀ ਮੰਗ ਕੀਤੀ ਸੀ। ਰਾਜ ਕਪੂਰ ਨੇ ਇਸ ਫ਼ਿਲਮ ਵਿਚ ਕੰਮ ਕਰਨ ਲਈ ਸਿਰਫ਼ ਇਕ ਰੁਪਿਆ ਲਿਆ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੱਟੀਆਂ-ਮਿੱਟੀਆਂ ਯਾਦਾਂ ਨਾਲ਼ ਭਰਪੂਰ ਇਹ ਕਿਤਾਬ, ਇਹ ਸਤਰਾਂ ਲਿਖਣ ਵਾਲ਼ੇ ਕਾਲਮਨਵੀਸ ਨੇ ਪੰਜਾਬੀ ਵਿਚ ਅਨੁਵਾਦ ਕੀਤੀ ਹੈ ਤੇ ਇਸ ਵੇਲ਼ੇ ਛਪਣਗੋਚਰੇ ਹੈ। ਇਹ ਕਿਤਾਬ ਫ਼ਿਲਮਸਾਜ਼ੀ ਤੇ ਪੱਤਰਕਾਰੀ ਦੇ ਵਿਦਿਆਰਥੀਆਂ ਲਈ ਇਕ ਲਾਹੇਵੰਦ ਸੌਗਾਤ ਹੋਵੇਗੀ।

 

 

 

ਗ੍ਰੰਥੀਆਂ ਨੂੰ ਕੁੱਟਣ ਵਾਲ਼ੇ ਦੀ ਮੌਤ
ਪੰਜਾਬ ਦੇ ਰੋਪੜ ਜ਼ਿਲੇ ਵਿਚ ਮੋਰਿੰਂਡਾ ਦੇ ਕੋਤਵਾਲੀ ਸਾਹਿਬ ਗੁਰਦੁਆਰੇ ਵਿਚ ਪਿਛਲੇ ਦਿਨੀਂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠੇ ਦੋ ਗ੍ਰੰਥੀਆਂ ਨਾਲ਼ ਮਾਰ-ਕੁਟਾਈ ਕਰਨ ਵਾਲ਼ੇ ਨੌਜੁਆਨ ਦੀ ਅਚਾਨਕ ਮੌਤ ਹੋ ਗਈ। ਕਹਿੰਦੇ ਹਨ ਕਿ ਮਾਨਸਾ ਦੀ ਤਮਕੋਟ ਜੇਲ੍ਹ ਵਿਚ ਡੱਕੇ ਹੋਏ, ਜਸਵੀਰ ਸਿੰਘ ਨਾਂ ਦੇ ਇਸ ਮੁੰਡੇ ਨੂੰ ਕੁੱਝ ਦਿਨ ਪਹਿਲਾਂ ਹਿੱਕ ਵਿਚ ਤਕਲੀਫ਼ ਹੋਣ ‘ਤੇ ਮਾਨਸਾ ਦੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਰੇਅ ਨੇ ਠੁਕਰਾਈ ਸੀ ਇੰਦਰਾ ਦੀ ਪੇਸ਼ਕਸ਼
ਕਈ ਬੰਦੇ ਸੱਚੀ-ਖ਼ਰੀ ਗੱਲ ਹੀ ਨਹੀਂ ਕਰਿਆ ਕਰਦੇ ਸਗੋਂ ਉਹ ਗੱਲ ਵੇਲ਼ੇ ਸਿਰ ਤੇ ਮੂੰਹ ‘ਤੇ ਕਰਨ ਵਾਲ਼ੇ ਵੀ ਹੁੰਦੇ ਹਨ। ਮਰਹੂਮ ਫ਼ਿਲਮਸਾਜ਼ ਸਤਿਆਜੀਤ ਰੇਅ ਇਹੋ ਜਿਹੇ ਬੰਦਿਆਂ ਵਿਚੋਂ ਹੀ ਸਨ। ਸ਼੍ਰੀ ਰੇਅ ਨੇ 36 ਫ਼ਿਲਮਾਂ ਬਣਾਈਆਂ, ਪਰ ਉਹ ਫ਼ਿਲਮਾਂ ਬਣਾਉਣ ਵਾਲ਼ੇ ‘ਛੱਤੀਆਂ’ ਵਿਚੋਂ ਨਹੀਂ ਸਨ। ਉਨ੍ਹਾਂ ਨੇ 32 ਨੈਸ਼ਨਲ ਇਨਾਮ ਜਿੱਤੇ ਹੋਏ ਸਨ। ਉਹ ‘ਪਦਮਸ਼੍ਰੀ’ ਵੀ ਸਨ ਤੇ ‘ਭਾਰਤ ਰਤਨ’ ਵੀ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇ ਗ਼ਰੀਬ ਭਾਰਤ ਦੀ ਇਹੋ ਜਿਹੀ ਹਕੀਕੀ ਤਸਵੀਰ ਪੇਸ਼ ਕੀਤੀ ਕਿ ਭਾਰਤੀ ਸੰਸਦ ਤੜਫ ਉੱਠੀ। ਸ਼੍ਰੀ ਰੇਅ ਦੇ ਮਨ ਵਿਚ ਹਕੀਕਤ-ਬਿਆਨੀ ਦਾ ਇਹੋ ਜਿਹਾ ਜਨੂੰਨ ਸੀ ਕਿ ਇਕ ਵਾਰ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਆਪਣੇ ਪਿਤਾ ਜਵਾਹਰ ਲਾਲ ਨਹਿਰੂ ਬਾਰੇ ਇਕ ਦਸਤਾਵੇਜ਼ੀ ਫ਼ਿਲਮ ਬਣਾਉਣ ਲਈ ਕਿਹਾ ਤਾਂ ਉਨ੍ਹਾਂ ਨੇ, ਇੰਦਰਾ ਗਾਂਧੀ ਦੇ ਮੂੰਹ ‘ਤੇ ਕਿਹਾ, “ਮੈਂ ਸਿਆਸੀ ਫ਼ਿਲਮਾਂ ਨਹੀਂ ਬਣਾਉਂਦਾ।

ਕੁੱਤੇ ਦੇ ਪੁੱਤ ਨੇ ਬੰਦੇ ਦਾ ਪੁੱਤ ਬਚਾਇਆ
ਇਕ ਕੁੱਤੇ ਨੇ, ਸੜਦੇ ਹੋਏ ਇਕ ਘਰ ਵਿਚੋਂ ਇਕ ਬੱਚੇ ਨੂੰ ਬਚਾ ਕੇ, ‘ਜੱਗੋਂ ਤੇਰ੍ਹਵੀਂ’ ਹੀ ਨਹੀਂ ਕੀਤੀ, ਨਵਾਂ ਇਤਿਹਾਸ ਵੀ ਰਚਿਆ ਹੈ। ਇਕ ਘਰ ਨੂੰ ਲੱਗੀ ਹੋਈ ਅੱਗ ਜਦੋਂ ਬਹੁਤ ਹੀ ਭੜਕ ਗਈ ਤੇ ਹਾਲਤ ਇਹੋ ਜਿਹੀ ਬਣ ਗਈ, ਜਿਸ ਦੌਰਾਨ ਮਾਵਾਂ ਨੂੰ ਪੁੱਤ ਵੀ ਵਿੱਸਰ ਜਾਇਆ ਕਰਦੇ ਹਨ ਤੇ ਸਭ ਨੂੰ ਆਪੋ-ਧਾਪੀ ਪੈ ਜਾਂਦੀ ਹੈ। ਇਹੋ ਜਿਹੇ ਹਾਲਾਤ ਵਿਚ ਵੀ ਇਕ ਕੁੱਤੇ ਨੇ ਲਟ-ਲਟ ਬਲ਼ਦੇ ਘਰ ਅੰਦਰ ਪਿਆ ਬੱਚਾ, ਉਸ ਦੇ ਡਾਈਪਰ ਤੋਂ ਚੁੱਕ ਕੇ ਘਰੋਂ ਬਾਹਰ ਕੱਢ ਲਿਆਂਦਾ। ਇੰਨਾ ਹੀ ਨਹੀਂ, ਕੁੱਤੇ ਨੇ ਉਹ ਬੱਚਾ ਘਰੋਂ ਬਾਹਰ ਲਿਆ ਕੇ, ਭੌਂਕਣਾ-ਰੋਣਾ ਸ਼ੁਰੂ ਕਰ ਦਿੱਤਾ। ਉਸ ਦਾ ਰੋਣਾ-ਕੁਰਲਾਉਣਾ ਸੁਣ ਕੇ ਗੁਆਂਢੀ ਚੌਕਸ ਹੋ ਗਏ ਤੇ ਉਨ੍ਹਾਂ ਨੇ ਬਚਾਅ ਕਾਰਜ ਕਰਨ ਵਾਲ਼ੇ ਮੁਲਾਜ਼ਮਾਂ ਨੂੰ ਫੋਨ ਕਰ ਦਿੱਤਾ। ਇਸ ਘਟਨਾ ਤੋਂ ਮਗਰੋਂ ਉਹ ਕੁੱਤਾ, ਕਈ ਦਿਨ ਲਾਪਤਾ ਰਿਹਾ। ਫਿਰ ਕਿਸੇ ਨੇ, ਉਸ ਕੁੱਤੇ ਵੱਲੋਂ ਵੱਲੋਂ ਬੱਚਾ ਬਚਾਏ ਜਾਣ ਦੀ ਖ਼ਬਰ ਪੜ੍ਹ ਕੇ ਉਹ ਕੁੱਤਾ ਸਬੰਧਤ ਪਰਿਵਾਰ ਤਕ ਪਹੁੰਚਾਇਆ। ਇਹ ਪ੍ਰੇਰਕ ਘਟਨਾ ਅਮਰੀਕਾ ਦੀ ਹੈ।#